ਜੋਕੋਵਿਚ ਦੀਆਂ ਨਜ਼ਰਾਂ 25ਵੇਂ ਖਿਤਾਬ ’ਤੇ, ਅਲਕਾਰਾਜ਼ ਤੇ ਸਿਨਰ ਤੋਂ ਪਾਰ ਪਾਉਣ ਦੀ ਉਮੀਦ
Sunday, Jan 18, 2026 - 12:40 PM (IST)
ਮੈਲਬੋਰਨ– ਨੋਵਾਕ ਜੋਕੋਵਿਚ ਨੂੰ ਅਜੇ ਵੀ ਪੂਰਾ ਭਰੋਸਾ ਹੈ ਕਿ ਉਹ ਆਪਣਾ 25ਵਾਂ ਸਿੰਗਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਿਚ ਸਫਲ ਰਹੇਗਾ ਤੇ ਉਸ ਨੂੰ ਉਮੀਦ ਹੈ ਕਿ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਉਹ ਕਾਰਲੋਸ ਅਲਕਾਰਾਜ਼ ਤੇ ਯਾਨਿਕ ਸਿਨਰ ਦੀ ਸਖਤ ਚੁਣੌਤੀ ਤੋਂ ਪਾਰ ਪਾਉਣ ਵਿਚ ਸਫਲ ਰਹੇਗਾ।
ਜੋਕੋਵਿਚ ਪਿਛਲੇ ਸਾਲ ਚਾਰੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚਿਆ ਸੀ ਪਰ ਉਹ ਅਲਕਾਰਾਜ਼ ਤੇ ਸਿਨਰ ਦੀ ਚੁਣੌਤੀ ਤੋਂ ਪਾਰ ਪਾਉਣ ਵਿਚ ਅਸਫਲ ਰਿਹਾ ਸੀ। ਸਾਲ ਦੇ ਪਹਿਲੇ ਗ੍ਰੈਂਡ ਸੈਲਮ ਟੂਰਨਾਮੈਂਟ ਵਿਚ ਇਕ ਵਾਰ ਫਿਰ ਤੋਂ ਇਹ ਦੋਵੇਂ ਨੌਜਵਾਨ ਖਿਡਾਰੀ ਉਸਦੀ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਬਣ ਸਕਦੇ ਹਨ।
ਜੋਕੋਵਿਚ ਨੇ ਸ਼ਨੀਵਾਰ ਨੂੰ ਆਸਟ੍ਰੇਲੀਅਨ ਓਪਨ ਦੀ ਪੂਰਬਲੀ ਸ਼ਾਮ ’ਤੇ ਕਿਹਾ, ‘‘2025 ਵਿਚ ਮੈਂ ਸਿਨਰ ਜਾਂ ਅਲਕਾਰਾਜ਼ ਵਿਰੁੱਧ ਖੇਡੇ ਗਏ ਚਾਰ ਗ੍ਰੈਂਡ ਸਲੈਮ ਮੈਚਾਂ ਵਿਚੋਂ ਤਿੰਨ ਵਿਚ ਹਾਰ ਦਾ ਸਾਹਮਣਾ ਕੀਤਾ ਹੈ।’’
ਉਸ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ, ‘‘ਸਾਨੂੰ ਉਨ੍ਹਾਂ ਦੀ ਜ਼ਿਆਦਾ ਤਾਰੀਫ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਤਾਰੀਫ ਪਹਿਲਾਂ ਹੀ ਕਾਫੀ ਹੋ ਚੁੱਕੀ ਹੈ। ਅਸੀਂ ਜਾਣਦੇ ਹਾਂ ਕਿ ਉਹ ਕਿੰਨੇ ਚੰਗੇ ਖਿਡਾਰੀ ਹਨ। ਉਹ ਉਸ ਮੁਕਾਮ ਦੇ ਹੱਕਦਾਰ ਹਨ, ਜਿੱਥੇ ਉਹ ਹੁਣ ਹਨ। ਉਹ ਇਸ ਸਮੇਂ ਪੁਰਸ਼ ਟੈਨਿਸ ਵਿਚ ਸਭ ਤੋਂ ਮਜ਼ਬੂਤ ਖਿਡਾਰੀ ਹਨ।’’
ਜੋਕੋਵਿਚ ਆਪਣੇ 25ਵੇਂ ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਦੀ ਭਾਲ ਵਿਚ ਤੀਜਾ ਸੈਸ਼ਨ ਸ਼ੁਰੂ ਕਰ ਰਿਹਾ ਹੈ। ਉਸ ਨੇ ਆਸਟ੍ਰੇਲੀਅਨ ਓਪਨ ਲਈ ਆਪਣੇ ਦ੍ਰਿਸ਼ਟੀਕੋਣ ਵਿਚ ਥੋੜ੍ਹਾ ਬਦਲਾਅ ਕੀਤਾ ਹੈ।
