ਦਿਲੀਪ ਟਰਾਫੀ : ਤੇਜ਼ ਗੇਂਦਬਾਜ਼ ਚਮਕੇ, ਭਾਰਤ-ਬੀ 76 ਦੌੜਾਂ ਨਾਲ ਜਿੱਤਿਆ
Sunday, Sep 08, 2024 - 06:47 PM (IST)
ਬੈਂਗਲੁਰੂ– ਕੇ. ਐੱਲ. ਰਾਹੁਲ ਦੀ ਸਬਰ ਨਾਲ ਖੇਡੀ ਗਈ ਅਰਧ ਸੈਂਕੜੇ ਵਾਲੀ ਪਾਰੀ ਤੋਂ ਉਸਦੇ ਸਾਥੀ ਕੋਈ ਪ੍ਰੇਰਣਾ ਨਹੀਂ ਲੈ ਸਕੇ, ਜਿਸ ਨਾਲ ਯਸ਼ ਦਿਆਲ ਦੀ ਅਗਵਾਈ ਵਿਚ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ-ਬੀ ਨੇ ਐਤਵਾਰ ਨੂੰ ਇੱਥੇ ਦਿਲੀਪ ਟਰਾਫੀ ਮੈਚ ਦੇ ਚੌਥੇ ਤੇ ਆਖਰੀ ਦਿਨ ਭਾਰਤ-ਏ ਨੂੰ 76 ਦੌੜਾਂ ਨਾਲ ਹਰਾ ਦਿੱਤਾ। ਭਾਰਤ-ਏ ਦੀ ਟੀਮ 275 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੂਜੀ ਪਾਰੀ ਵਿਚ 198 ਦੌੜਾਂ ’ਤੇ ਸਿਮਟ ਗਈ, ਜਿਸ ਨਾਲ ਭਾਰਤ-ਬੀ ਲਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਿਆਲ ਨੇ 50 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਮੁਕੇਸ਼ ਕੁਮਾਰ (50 ਦੌੜਾਂ ’ਤੇ 2 ਵਿਕਟਾਂ) ਤੇ ਨਵਦੀਪ ਸੈਣੀ (41 ਦੌੜਾਂ ’ਤੇ 2 ਵਿਕਟਾਂ) ਨੇ ਉਸਦਾ ਚੰਗਾ ਸਾਥ ਦਿੱਤਾ। ਰਾਹੁਲ ਭਾਰਤ-ਏ ਲਈ 51 ਦੌੜਾਂ ਬਣਾ ਕੇ ਟਾਪ ਸਕੋਰਰ ਰਿਹਾ।
ਦਿਨ ਦੇ ਪਹਿਲੇ ਸੈਸ਼ਨ ਵਿਚ ਭਾਰਤ-ਬੀ ਦੂਜੀ ਪਾਰੀ ਵਿਚ 184 ਦੌੜਾਂ ’ਤੇ ਸਿਮਟ ਗਿਆ, ਜਿਸ ਨਾਲ ਉਸਦੀ ਕੁੱਲ ਬੜ੍ਹਤ 274 ਦੌੜਾਂ ਦੀ ਹੋ ਗਈ। ਭਾਰਤ-ਏ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਜਿਸ ਨਾਲ ਮਯੰਕ ਅਗਰਵਾਲ (3) ਦੂਜੇ ਹੀ ਓਵਰ ਵਿਚ ਆਊਟ ਹੋ ਗਿਆ। ਰਿਆਨ ਪ੍ਰਾਗ (31) ਕ੍ਰੀਜ਼ ’ਤੇ ਉਤਰਿਆ ਤੇ ਉਸ ਨੇ ਸ਼ੁਭਮਨ ਗਿੱਲ (21) ਨਾਲ 84 ਦੌੜਾਂ ਦੀ ਸਾਂਝੇਦਾਰੀ ਨਿਭਾਈ। ਗਿੱਲ ਦੇ ਆਊਟ ਹੋਣ ਤੋਂ ਬਾਅਦ ਧਰੁਵ ਜੁਰੇਲ (0) ਵੀ ਬਿਨਾਂ ਕੋਈ ਯੋਗਦਾਨ ਦਿੱਤੇ ਆਊਟ ਹੋ ਗਿਆ। ਲੰਚ ਤੱਕ ਉਸਦਾ ਸਕੋਰ 4 ਵਿਕਟਾਂ ’ਤੇ 76 ਦੌੜਾਂ ਸੀ, ਜਿਹੜਾ ਸ਼ਿਵਮ ਦੂਬੇ ਤੇ ਤਨੁਸ਼ ਕੋਟਿਆਨ ਦੇ ਆਊਟ ਹੋਣ ਤੋਂ ਬਾਅਦ ਜਲਦ ਹੀ 6 ਵਿਕਟਾਂ ’ਤੇ 99 ਦੌੜਾਂ ਹੋ ਗਿਆ। ਰਾਹੁਲ ਨੇ 180 ਮਿੰਟ ਤੱਕ ਬੱਲੇਬਾਜ਼ੀ ਕਰਦੇ ਹੋਏ 121 ਗੇਂਦਾਂ ਦਾ ਸਾਹਮਣਾ ਕੀਤਾ। ਉਸ ਨੇ ਕੁਲਦੀਪ ਯਾਦਵ (14) ਦੇ ਨਾਲ ਸੱਤਵੀਂ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਹਾਰ ਨੂੰ ਕੁਝ ਦੇਰ ਲਈ ਟਾਲਿਆ। ਹੇਠਲੇ ਕ੍ਰਮ ਵਿਚ ਆਕਾਸ਼ ਦੀਪ ਨੇ 43 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ। ਇਸ ਤੋਂ ਪਹਿਲਾਂ ਭਾਰਤ-ਬੀ 6 ਵਿਕਟਾਂ ’ਤੇ 150 ਦੌੜਾਂ ਤੋਂ ਅੱਗੇ ਖੇਡਦੇ ਹੋਏ ਸਿਰਫ 34 ਦੌੜਾਂ ਹੀ ਜੋੜ ਸਕੀ।