ਕਾਨਵੇ ਨੇ ਚੈਂਪੀਅਨਸ਼ਿਪ ਫ਼ਾਈਨਲ ਤੋਂ ਪਹਿਲਾਂ ਦਿੱਤਾ ਬਿਆਨ, ਡਿਊਕ ਗੇਂਦ ਦਾ ਸਾਨੂੰ ਮਿਲੇਗਾ ਫ਼ਾਇਦਾ

Monday, May 24, 2021 - 11:23 AM (IST)

ਕਾਨਵੇ ਨੇ ਚੈਂਪੀਅਨਸ਼ਿਪ ਫ਼ਾਈਨਲ ਤੋਂ ਪਹਿਲਾਂ ਦਿੱਤਾ ਬਿਆਨ, ਡਿਊਕ ਗੇਂਦ ਦਾ ਸਾਨੂੰ ਮਿਲੇਗਾ ਫ਼ਾਇਦਾ

ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਵੋਨ ਕਾਨਵੇ ਦਾ ਮੰਨਣਾ ਹੈ ਕਿ ਸਵਦੇਸ਼ ਵਿਚ ਡਿਊਕ ਗੇਂਦਾਂ ਨਾਲ ਅਭਿਆਸ ਕਰਨ ਦਾ ਇੰਗਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਤੇ ਭਾਰਤ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਵਿਚ ਬਹੁਤ ਫ਼ਾਇਦਾ ਮਿਲੇਗਾ। ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੋ ਜੂਨ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 18 ਜੂਨ ਤੋਂ ਸਾਊਥੈਂਪਟਨ 'ਚ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੀ 20 ਮੈਂਬਰੀ ਟੀਮ ਵਿਚ ਕਾਨਵੇ ਉਨ੍ਹਾਂ ਤਿੰਨ ਖਿਡਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਹੁਣ ਤਕ ਟੈਸਟ ਮੈਚ ਨਹੀਂ ਖੇਡਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੌਰੇ ਤੋਂ ਪਹਿਲਾਂ ਲਿੰਕਨ ਵਿਚ ਅਭਿਆਸ ਕੈਂਪ ਦਾ ਕਾਫੀ ਫਾਇਦਾ ਮਿਲੇਗਾ। ਨਿਊਜ਼ੀਲੈਂਡ ਸਵਦੇਸ਼ ਵਿਚ ਕੂਕਾਬੂਰਾ ਗੇਂਦ ਨਾਲ ਖੇਡਦਾ ਹੈ। 
ਇਹ ਵੀ ਪਡ਼੍ਹੋ : ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਫ਼ੁੱਟਬਾਲਰ ਸੰਗੀਤਾ ਸੋਰੇਨ ਨੂੰ ਖੇਡ ਮੰਤਰਾਲਾ ਦੇਵੇਗਾ ਮਾਲੀ ਮਦਦ

ਕਾਨਵੇ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਫ਼ਾਇਦੇਮੰਦ ਰਿਹਾ। ਸਾਨੂੰ ਡਿਊਕ ਗੇਂਦਾਂ ਨਾਲ ਖੇਡਣ ਤੇ ਉਸ ਨੂੰ ਸਮਝਣ ਦਾ ਮੌਕਾ ਮਿਲਿਆ। ਇਸ ਨਾਲ ਸਾਨੂੰ ਆਪਣੀ ਰਣਨੀਤੀ ਤਿਆਰ ਕਰਨ ਵਿਚ ਮਦਦ ਮਿਲੀ ਪਰ ਮੈਨੂੰ ਲਗਦਾ ਹੈ ਕਿ ਇਸ ਨਾਲ (ਗੇਂਦ ਬਦਲਣ) ਬਹੁਤ ਵੱਧ ਤਬਦੀਲੀ ਨਹੀਂ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਡਿਊਕ ਗੇਂਦ ਕੂਕਾਬੂਰਾ ਦੀ ਤੁਲਨਾ ਵਿਚ ਥੋੜ੍ਹੀ ਵੱਧ ਸਵਿੰਗ ਕਰਦੀ ਹੈ ਪਰ ਤੁਹਾਨੂੰ ਗੇਂਦ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਕ ਰਣਨੀਤੀ ਦੇ ਨਾਲ ਕ੍ਰੀਜ਼ 'ਤੇ ਉਤਰ ਕੇ ਉਸ 'ਤੇ ਅਮਲ ਕਰਨਾ ਪੈਂਦਾ ਹੈ। ਦੱਖਣੀ ਅਫਰੀਕਾ ਵਿਚ ਜਨਮੇ ਇਸ ਖਿਡਾਰੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਅਸਰਦਾਰ ਪ੍ਰਦਰਸ਼ਨ ਤੋਂ ਬਾਅਦ ਟੈਸਟ ਟੀਮ ਵਿਚ ਚੁਣਿਆ ਗਿਆ।
ਇਹ ਵੀ ਪਡ਼੍ਹੋ : ਪਿਛਲੇ ਸਾਲ ICC ਟੀ20 ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਭਾਰਤੀ ਮਹਿਲਾ ਟੀਮ ਨੂੰ ਮਿਲੇਗੀ ਇਸ ਹਫਤੇ

ਸਵਦੇਸ਼ ਵਿਚ ਅਭਿਆਸ ਕੈਂਪ ਵਿਚ ਕਾਨਵੇ ਨੇ ਸਪਿਨ ਗੇਂਦਬਾਜ਼ਾਂ ਦੇ ਸਾਹਮਣੇ ਬਹੁਤ ਅਭਿਆਸ ਕੀਤਾ ਤਾਂ ਜੇ ਉਨ੍ਹਾਂ ਨੂੰ ਡਬਲਯੂ. ਟੀ. ਸੀ. ਫਾਈਨਲ ਵਿਚ ਰਵੀਚੰਦਰਨ ਅਸ਼ਵਿਨ ਵਰਗੇ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵਿਚ ਮਦਦ ਮਿਲੇ। 29 ਸਾਲਾ ਕਾਨਵੇ ਨੇ ਕਿਹਾ ਕਿ ਮੈਂ ਆਪਣੇ ਇਸ ਪਹਿਲੇ ਟੈਸਟ ਦੌਰੇ 'ਤੇ ਟਾਮ ਲਾਥਮ ਤੇ ਰਾਸ ਟੇਲਰ ਵਰਗੇ ਸਥਾਪਿਤ ਬੱਲੇਬਾਜ਼ਾਂ ਤੋਂ ਕਾਫੀ ਕੁਝ ਸਿੱਖਣਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਸਿੱਖਣ ਦਾ ਬਹੁਤ ਚੰਗਾ ਮੌਕਾ ਹੈ ਕਿ ਕਿਵੇਂ ਰਣਨੀਤੀ ਤੈਅ ਕਰਨੀ ਹੈ ਤੇ ਉਸ 'ਤੇ ਅਮਲ ਕਰਨਾ ਹੈ। ਕਈ ਖਿਡਾਰੀ ਟੈਸਟ ਟੀਮ ਵਿਚ ਲੰਬੇ ਸਮੇਂ ਤੋਂ ਹਨ ਤੇ ਉਨ੍ਹਾਂ ਦੇ ਤਜਰਬਿਆਂ ਤੋਂ ਕੁਝ ਸਿੱਖਣਾ ਚੰਗਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News