ਮਾਂ ਦੀ ਬੀਮਾਰੀ ਦੇ ਬਾਵਜੂਦ ਨਹੀਂ ਗੁਆਇਆ ਹੌਸਲਾ, WPL 'ਚ ਕਨਿਕਾ ਨੇ ਮਨਵਾਇਆ ਆਪਣੇ ਹੁਨਰ ਦਾ ਲੋਹਾ

Monday, Mar 20, 2023 - 05:17 PM (IST)

ਪਟਿਆਲਾ- ਪੰਜਾਬ ਦੀ ਧੀ ਕਨਿਕਾ ਆਹੂਜਾ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਨਾਲ ਹੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਲੇਅਰ ਆਫ ਦਿ ਮੈਚ ਵੀ ਚੁਣੀ ਗਈ। ਕਨਿਕਾ ਦੇ ਪਰਿਵਾਰ ਲਈ ਪਿਛਲੇ ਕੁਝ ਮਹੀਨੇ ਚੰਗੇ ਪਲ ਲੈ ਕੇ ਆਏ , ਨਾਲ ਹੀ ਪਰਿਵਾਰ ਨੂੰ ਕੁਝ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਇਕ ਪਾਸੇ ਜਿੱਥੇ ਪਟਿਆਲਾ ਦੀ ਕਣਿਕਾ ਦੀ ਰਾਇਲ ਚੈਲੰਜਰਜ਼ ਲਈ ਚੋਣ ਪਰਿਵਾਰ ਲਈ ਖੁਸ਼ੀਆਂ ਦੇ ਪਲ ਲੈ ਕੇ ਆਈ, ਜਦਕਿ ਚਾਰ ਮਹੀਨੇ ਪਹਿਲਾਂ ਉਸ ਦੀ ਮਾਂ ਸੀਮਾ ਰਾਣੀ ਦੇ ਕੈਂਸਰ ਦੀ ਬੀਮਾਰੀ ਨਾਲ ਪੀੜਤ ਹੋਣ ਦੇ ਬਾਰੇ ਪਤਾ ਲੱਗਾ। ਇਹ ਪਰਿਵਾਰ ਦੇ ਲਈ ਕਾਫੀ ਪਰੇਸ਼ਾਨੀ ਭਰਿਆ ਸਮਾਂ ਰਿਹਾ। 

ਕਨਿਕਾ ਕੈਂਸਰ ਨਾਲ ਪੀੜਤ ਆਪਣੀ ਮਾਂ ਦਾ ਇੰਝ ਵਧਾਉਂਦੀ ਹੈ ਹੌਸਲਾ

ਕਨਿਕਾ ਦੇ ਪਿਤਾ ਸੁਰਿੰਦਰ ਕੁਮਾਰ ਆਹੂਜਾ ਬਿਜ਼ਨੈਸਮੈਨ ਹਨ ਤੇ ਮਾਤਾ ਸੀਮਾ ਰਾਣੀ ਹਾਊਸਵਾਈਫ ਹੈ।ਪਿਤਾ ਸੁਰਿੰਦਰ ਕੁਮਾਰ ਆਹੂਜਾ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਸੀਮਾ ਰਾਣੀ ਬ੍ਰੈਸਟ ਤੇ ਬੋਨ ਕੈਂਸਰ ਦੀ ਤੀਜੀ ਸਟੇਜ 'ਤੇ ਹੈ। ਇਹ ਸੁਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਬਾਰੇ ਕਨਿਕਾ ਨੂੰ ਵੀ ਪਤਾ ਹੈ, ਪਰ ਕਨਿਕਾ ਨੇ ਹਮੇਸ਼ਾ ਆਪਣੀ ਮਾਂ ਦਾ ਉਤਸ਼ਾਹ ਵਧਾਇਆ ਹੈ। ਧੀ ਦੇ ਹੌਸਲੇ ਤੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕਨਿਕਾ ਦੀ ਮਾਂ ਰਿਕਵਰ ਵੀ ਕਰ ਰਹੀ ਹੈ। ਸੁਰਿੰਦਰ ਦਸਦੇ ਹਨ ਕਿ ਕਨਿਕਾ ਦਾ ਆਪਣੀ ਮਾਂ ਨਾਲ ਖ਼ਾਸ ਲਗਾਅ ਹੈ। ਉਹ ਸਵੇਰੇ ਤੇ ਸ਼ਾਮ ਨੂੰ ਆਪਣੀ ਮਾਂ ਨਾਲ ਗੱਲ ਜ਼ਰੂਰ ਕਰਦੀ ਹੈ। 

ਇਹ ਵੀ ਪੜ੍ਹੋ : ਐਥਲੀਟ ਅਕਸ਼ਦੀਪ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ’ਚ ਜਿੱਤਿਆ ਸੋਨਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

WPL 'ਚ ਬੈਂਗਲੁਰੂ ਲਈ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਡਬਲਯੂਪੀਐੱਲ ਦੇ ਮੈਚ 'ਚ ਧਾਕੜ ਬੱਲੇਬਾਜ਼ਾਂ ਦੇ ਆਊਟ ਹੋ ਜਾਣ ਦੇ ਬਾਅਦ 20 ਸਾਲਾ ਕਨਿਕਾ ਨੇ 30 ਗੇਂਦਾਂ 'ਤੇ 46 ਦੌੜਾਂ ਦੀ ਪਾਰੀ ਖੇਡੀ, ਜੋ ਕਿ ਡਬਲਯੂਪੀਐੱਲ 'ਚ ਅਜੇ ਤਕ ਕਿਸੇ ਵੀ ਅਨਕੈਪਡ ਖਿਡਾਰੀ ਦਾ ਸਰਵਉੱਚ ਸਕੋਰ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਕਨਿਕਾ ਦੀ ਹਰ ਜਗ੍ਹਾ ਕਾਫੀ ਸਲਾਘਾ ਹੋ ਰਹੀ ਹੈ। 

PunjabKesari

ਮਾਂ ਵਲੋਂ ਉਤਸ਼ਾਹਤ ਕੀਤੇ ਜਾਣ ਕਾਰਨ ਹਾਸਲ ਕੀਤਾ ਮੁਕਾਮ

ਕਨਿਕਾ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਲੜਕੀਆਂ ਲਈ ਕ੍ਰਿਕਟ ਹੈ। ਮੇਰੇ ਪਿਤਾ ਮੈਨੂੰ ਪੜ੍ਹਾਈ 'ਚ ਧਿਆਨ ਦੇਣ ਨੂੰ ਕਹਿੰਦੇ ਸਨ। ਪਰ ਮੇਰੀ ਮਾਂ ਕਹਿੰਦੀ ਸੀ ਕਿ ਜਾਓ ਤੇ ਖੇਡੋ। ਮਾਂ ਦੇ ਸਹਿਯੋਗ ਨਾਲ ਹੀ ਇਹ ਮੁਕਾਮ ਹਾਸਲ ਹੋ ਸਕਿਆ ਹੈ। ਕਨਿਕਾ ਨੇ ਕਿਹਾ ਕਿ ਮੈਂ ਇਹ ਪਾਰੀ ਆਪਣੀ ਮਾਂ ਦੇ ਹੌਸਲੇ ਨੂੰ ਸਮਰਪਿਤ ਕਰਦੀ ਹਾਂ।

ਇਹ ਵੀ ਪੜ੍ਹੋ : ਬੋਪੰਨਾ ਨੇ ਰਚਿਆ ਇਤਿਹਾਸ, ATP ਮਾਸਟਰਸ 1000 ਖ਼ਿਤਾਬ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣੇ

ਸਕੇਟਿੰਗ ਛੱਡ ਕ੍ਰਿਕਟ ਚੁਣਿਆ

ਜਦੋਂ ਕਨਿਕਾ 10 ਸਾਲ ਦੀ ਸੀ, ਉਸ ਸਮੇਂ ਸਕੂਲ ਦੀ ਕ੍ਰਿਕਟ ਟੀਮ 'ਚ ਦੋ ਖਿਡਾਰੀ ਘੱਟ ਸਨ। ਕਨਿਕਾ ਸਕੇਟਿੰਗ ਦੀ ਖਿਡਾਰੀ ਸੀ, ਇਸ ਲਈ ਟੀਮ ਨੂੰ ਪੂਰਾ ਕਰਨ ਲਈ ਕੋਚ ਨੇ ਕਨਿਕਾ ਨੂੰ ਕ੍ਰਿਕਟ ਟੀਮ 'ਚ ਸ਼ਾਮਲ ਕਰ ਲਿਆ। ਕਨਿਕਾ ਨੇ ਟੀਮ 'ਚ ਬੱਲੇ ਨਾਲ ਇੰਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਕੋਚ ਨੇ ਕਨਿਕਾ ਨੂੰ ਸਕੇਟਿੰਗ ਛੱਡ ਕ੍ਰਿਕਟ ਖੇਡਣ ਦੀ ਸਲਾਹ ਦਿੱਤੀ ਤੇ ਪੱਕੇ ਤੌਰ 'ਤੇ ਕਨਿਕਾ ਨੂੰ ਟੀਮ 'ਚ ਸ਼ਾਮਲ ਕਰ ਲਿਆ। ਇਹੋ ਕਨਿਕਾ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਇੱਥੋ ਹੀ ਕਨਿਕਾ ਦੇ ਮਨ 'ਚ ਕ੍ਰਿਕਟ ਦੇ ਪ੍ਰਤੀ ਦਿਲਚਸਪੀ ਪੈਦਾ ਹੋਈ। ਕਨਿਕਾ ਨੇ ਸਕੇਟਿਗ ਛੱਡ ਕ੍ਰਿਕਟ 'ਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ।

ਮੁੰਡਿਆਂ ਨਾਲ ਪ੍ਰੈਕਟਿਸ ਕਰਕੇ ਹਾਸਲ ਕੀਤਾ ਮੁਕਾਮ

ਪਿਤਾ ਸੁਰਿੰਦਰ ਨੇ ਦੱਸਿਆ ਕਿ ਕਨਿਕਾ ਦੇ ਪ੍ਰੈਕਟਿਸ ਲਈ ਕੋਚ ਲੱਭਣ ਦੌਰਾਨ ਉਨ੍ਹਾਂ ਨੂੰ ਹਰ ਜਗ੍ਹਾ ਮੁੰਡੇ ਹੀ ਪ੍ਰੈਕਟਿਸ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਕਨਿਕਾ ਨੇ ਆਪਣੀ ਕ੍ਰਿਕਟ ਪ੍ਰੈਕਟਿਸ ਮੁੰਡਿਆ ਨਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਹੁਨਰ ਦਾ ਲੋਹਾ ਮਨਵਾਇਆ। ਉਨ੍ਹਾਂ ਦੱਸਿਆ ਕਿ ਕਨਿਕਾ ਨੇ ਆਪਣੀ ਖੇਡ ਲਈ ਕਾਫੀ ਮਿਹਨਤ ਕੀਤੀ, ਜਦਕਿ ਦਾਦਾ ਸਤਪਾਲ ਆਹੂਜਾ ਨੇ ਵੀ ਕਨਿਕਾ ਦਾ ਹੌਸਲਾ ਵਧਾਇਆ। ਉਹ ਅਕਸਰ ਕਨਿਕਾ ਨੂੰ ਪ੍ਰੈਕਟਿਸ ਲਈ ਨਾਲ ਲੈ ਕੇ ਜਾਂਦੇ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News