ਤੀਰਅੰਦਾਜ਼ ਦੀਪਿਕਾ ਅਤੇ ਦਾਸ ਨੇ ਕੀਤੀ ਮੰਗਣੀ
Tuesday, Dec 11, 2018 - 04:40 PM (IST)

ਰਾਂਚੀ— ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਅਤਨੂ ਦਾਸ ਨੇ ਇੱਥੇ ਇਕ ਸਮਾਗਮ 'ਚ ਮੰਗਣੀ ਕਰ ਲਈ ਹੈ ਅਤੇ ਦੋਵੇਂ ਅਗਲੇ ਸਾਲ ਵਿਆਹ ਦੇ ਬੰਧਨ 'ਚ ਬੱਝਣਗੇ। ਰਾਤੂ-ਚੱਟੀ 'ਚ 24 ਸਾਲਾ ਦੀਪਿਕਾ ਪੱਲੀਕਲ ਦੇ ਘਰ ਰਵਾਇਤੀ ਪੂਜਾ ਹੋਈ ਅਤੇ ਇਸ ਦੌਰਾਨ 26 ਸਾਲਾ ਦਾਸ ਦੇ ਨਾਲ ਉਨ੍ਹਾਂ ਦੀ ਮੰਗਣੀ ਵੀ ਹੋਈ। ਦੀਪਿਕਾ ਨੇ ਇਸ ਦੌਰਾਨ ਦੁੱਧੀਆ ਅਤੇ ਹਰੇ ਰੰਗ ਦਾ ਲਹਿੰਗਾ-ਚੁੰਨੀ ਪਹਿਨਿਆ ਸੀ। ਇਸ ਮੌਕੇ 'ਤੇ ਝਾਰਖੰਡ ਦੇ ਸਾਬਕਾ ਮੁੱਖਮੰਤਰੀ ਅਰਜੁਨ ਮੁੰਡਾ ਅਤੇ ਉਨ੍ਹਾਂ ਦੀ ਪਤਨੀ ਮੀਰਾ ਮੁੰਡਾ ਵੀ ਹਾਜ਼ਰ ਸਨ। ਮੰਗਣੀ ਪ੍ਰੋਗਰਾਮ ਦੇ ਬਾਅਦ ਦੋਵੇਂ ਤੀਰਅੰਦਾਜ਼ਾਂ ਨੇ ਮੀਡੀਆ ਨੂੰ ਕਿਹਾ ਕਿ 2019 ਰੁਝੇਵੇਂ ਭਰਿਆ ਸਾਲ ਹੋਵੇਗਾ ਜਿਸ 'ਚ ਓਲੰਪਿਕ ਕੁਆਲੀਫਿਕੇਸ਼ਨ ਵੀ ਸ਼ਾਮਲ ਹੈ।
ਰੀਓ ਓਲੰਪਿਕ 'ਚ ਭਾਰਤੀ ਟੀਮ ਦਾ ਹਿੱਸਾ ਰਹੇ ਦੀਪਿਕਾ ਅਤੇ ਦਾਸ ਨੇ ਕਿਹਾ, ''ਅਸੀਂ ਅਗਲੇ ਸਾਲ ਨਵੰਬਰ ਦੇ ਆਸ-ਪਾਸ ਵਿਆਹ ਕਰਨ ਦਾ ਫੈਸਲਾ ਕੀਤਾ ਹੈ।'' ਦੁਨੀਆ ਦੀ ਸਾਬਕਾ ਨੰਬਰ ਇਕ ਤੀਰਅੰਦਾਜ਼ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਦੀਪਿਕਾ ਹਾਲ ਹੀ 'ਚ ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਖਿਸਕ ਗਈ ਹੈ। ਦੋ ਵਾਰ ਦੀ ਓਲੰਪੀਅਨ ਦੀਪਿਕਾ ਨੇ ਵਿਸ਼ਵ ਕੱਪ ਫਾਈਨਲਸ 'ਚ ਤਿੰਨ ਚਾਂਦੀ ਤਮਗੇ ਅਤੇ ਇਕ ਕਾਂਸੀ ਤਮਗਾ ਜਿੱਤਿਆ ਹੈ ਪਰ ਓਲੰਪਿਕ 'ਚ ਉਹ ਛਾਪ ਛੱਡਣ 'ਚ ਅਸਫਲ ਰਹੀ ਹੈ। ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਦਾਸ ਭਾਰਤੀ ਪੁਰਸ਼ ਰਿਕਰਵ ਟੀਮ ਦੇ ਨਿਯਮਿਤ ਮੈਂਬਰ ਹਨ ਪਰ ਉਹ ਵੱਡੀਆਂ ਪ੍ਰਤੀਯੋਗਿਤਾਵਾਂ 'ਚ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹੇ ਹਨ ਅਤੇ ਇੰਡੋਨੇਸ਼ੀਆ 'ਚ ਏਸ਼ੀਆਈ ਖੇਡਾਂ 'ਚ ਖਾਲੀ ਹੱਥ ਪਰਤੇ ਸਨ।