ਦਾਨੀ ਐਲਵੇਸ ਬਣਿਆ ਕੋਪਾ ਅਮਰੀਕਾ ਦਾ ਸਰਬੋਤਮ ਖਿਡਾਰੀ

07/09/2019 2:19:56 AM

ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਦੇ ਕਪਤਾਨ ਦਾਨੀ ਐਲਵੇਸ ਨੂੰ ਕੋਪਾ ਅਮਰੀਕਾ 2019 ਫੁੱਟਬਾਲ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ। ਮੇਜ਼ਬਾਨ ਟੀਮ ਨੇ ਪੇਰੂ ਨੂੰ ਫਾਈਨਲ 'ਚ 3-1 ਨਾਲ ਹਰਾ ਕੇ ਨੌਵੀਂ ਵਾਰ ਖਿਤਾਬ ਜਿੱਤਿਆ ਹੈ। 36 ਸਾਲ ਦੇ ਰਾਈਟ ਬੈਕ ਨੇ ਬ੍ਰਾਜ਼ੀਲ ਦੇ ਸਾਰੇ 6 ਮੈਚਾਂ 'ਚ ਸ਼ੁਰੂਆਤ ਕੀਤੀ ਸੀ ਅਤੇ 22 ਜੂਨ ਨੂੰ ਪੇਰੂ ਖਿਲਾਫ ਗਰੁੱਪ ਮੈਚ 'ਚ ਟੀਮ ਦੀ 5-0 ਦੀ ਜਿੱਤ 'ਚ ਗੋਲ ਕਰਨ ਨਾਲ ਟੀਮ ਲਈ ਟੂਰਨਾਮੈਂਟ 'ਚ ਅਹਿਮ ਯੋਗਦਾਨ ਦਿੱਤਾ। ਐਲਵੇਸ ਫਿਲਹਾਲ ਕਿਸੇ ਕਲੱਬ ਲਈ ਨਹੀਂ ਖੇਡ ਰਿਹਾ ਅਤੇ ਬੀਤੇ ਮਹੀਨੇ ਉਸ ਨੇ ਐਲਾਨ ਕੀਤਾ ਸੀ ਕਿ ਉਹ ਫ੍ਰੈਂਚ ਚੈਂਪੀਅਨ ਪੈਰਿਸ ਸੇਂਟ ਜਰਮਨ ਦਾ ਸਾਥ ਛੱਡ ਦੇਵੇਗਾ। ਉਸ ਨੂੰ ਪੀ. ਐੈੱਸ. ਜੀ. ਦੇ ਟੀਮ ਸਾਥੀ ਨੇਮਾਰ ਦੀ ਜਗ੍ਹਾ ਮਈ 'ਚ ਬ੍ਰਾਜ਼ੀਲ ਦਾ ਕਪਤਾਨ ਬਣਾਇਆ ਗਿਆ ਸੀ। 
ਨੇਮਾਰ ਨੂੰ ਇਕ ਪ੍ਰਸ਼ੰਸਕ ਨਾਲ ਹੱਥੋਪਾਈ ਕਰਨ ਅਤੇ ਮੈਦਾਨ ਦੇ ਬਾਹਰ ਵਿਵਾਦਾਂ ਕਾਰਣ ਫ੍ਰੈਂਚ ਫੁੱਟਬਾਲ ਸੰਘ ਨੇ ਤਿੰਨ ਮੈਚਾਂ ਲਈ ਮੁਅੱਤਲ ਕਰ ਦਿੱਤਾ ਸੀ। ਇਸ ਵਿਚਾਲੇ ਬ੍ਰਾਜ਼ੀਲ ਦੇ ਗੋਲਕੀਪਰ ਐਲੀਸਨ ਨੂੰ ਕੋਪਾ ਅਮਰੀਕਾ 'ਚ ਸਰਬੋਤਮ ਗੋਲਕੀਪਰ ਚੁਣਿਆ ਗਿਆ ਹੈ, ਜਦਕਿ ਉਸ ਦੇ ਟੀਮ ਸਾਥੀ ਐਵਰਟਨ ਤੇ ਪੇਰੂ ਦੇ ਪਾਓਲੋ ਗੁਰੇਰੋ ਤਿੰਨ-ਤਿੰਨ ਗੋਲਾਂ ਨਾਲ ਟੂਰਨਾਮੈਂਟ ਦੇ ਚੋਟੀ ਦੇ ਸਕੋਰਰ ਰਹੇ।


Gurdeep Singh

Content Editor

Related News