CWC 2019 : ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾਇਆ

Tuesday, Jun 04, 2019 - 11:39 PM (IST)

CWC 2019 : ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾਇਆ

ਕਾਰਡਿਫ- ਕੁਸ਼ਲ ਪਰੇਰਾ ਦੇ ਅਰਧ ਸੈਂਕੜੇ ਤੇ ਨੁਵਾਨ ਪ੍ਰਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਨੇ ਮੀਂਹ ਪ੍ਰਭਾਵਿਤ ਵਿਸ਼ਵ ਕੱਪ ਮੈਚ ਵਿਚ ਮੰਗਲਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 34 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣਾ ਖਾਤਾ ਖੋਲ੍ਹ ਲਿਆ।
ਅਫਗਾਨਿਸਤਾਨ ਨੂੰ ਜਿੱਤ ਲਈ 41 ਓਵਰਾਂ ਵਿਚ 187 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 32.4 ਓਵਰਾਂ ਵਿਚ 152 ਦੌੜਾਂ 'ਤੇ ਹੀ ਆਊਟ ਹੋ ਗਈ। ਪ੍ਰਦੀਪ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 31 ਦੌੜਾਂ 'ਤੇ 4 ਵਿਕਟਾਂ ਤੇ ਲਸਿਥ ਮਲਿੰਗਾ ਨੇ 39 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਫਗਾਨਿਸਤਾਨ ਵਲੋਂ ਨਜ਼ੀਬਉੱਲ੍ਹਾ ਜ਼ਾਦਰਾਨ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। 
ਸ਼੍ਰੀਲੰਕਾ ਨੇ ਜਦੋਂ 33 ਓਵਰਾਂ ਵਿਚ 8 ਵਿਕਟਾਂ 'ਤੇ 182 ਦੌੜਾਂ ਬਣਾਈਆਂ ਸਨ, ਉਦੋਂ ਮੀਂਹ ਕਾਰਨ ਖੇਡ ਰੋਕਣੀ ਪਈ। ਇਸ ਤੋਂ ਬਾਅਦ ਜਦੋਂ ਦੁਬਾਰਾ ਖੇਡ ਸ਼ੁਰੂ ਹੋਈ ਤਾਂ ਮੈਚ 41-41 ਓਵਰਾਂ ਦਾ ਕਰ ਦਿੱਤਾ ਗਿਆ। ਇਸ ਤਰ੍ਹਾਂ ਨਾਲ ਅਫਗਾਨਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ ਜਿੱਤ ਲਈ 187 ਦੌੜਾਂ ਦਾ ਟੀਚਾ ਮਿਲਿਆ ਸੀ।

PunjabKesari

ਨਬੀ ਨੇ 9 ਓਵਰਾਂ ਵਿਚ 30 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਰਾਸ਼ਿਦ ਖਾਨ ਤੇ ਦੌਲਤ ਜ਼ਾਦਰਾਨ ਨੇ 2-2 ਵਿਕਟਾਂ ਲਈਆਂ। ਸ਼੍ਰੀਲੰਕਾ ਵਲੋਂ ਕੁਸ਼ਾਲ ਪਰੇਰਾ ਨੇ ਸਭ ਤੋਂ ਵੱਧ 78 ਦੌੜਾਂ ਬਣਾਈਆਂ। ਉਸ ਤੋਂ ਬਾਅਦ ਦੂਜਾ ਵੱਡਾ ਸਕੋਰ ਵਾਧੂ ਦੌੜਾਂ (35) ਦਾ ਰਿਹਾ। 
ਹਜ਼ਰਤਉੱਲ੍ਹਾ ਜ਼ਾਜ਼ਈ (30) ਨੇ ਅਫਗਾਨਿਸਤਾਨ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਉਸ ਨੂੰ 24 ਦੌੜਾਂ ਦੇ ਨਿੱਜੀ ਸਕੋਰ 'ਤੇ ਕੁਸ਼ਾਲ ਮੇਂਡਿਸ ਨੇ ਜੀਵਨ ਦਾਨ ਵੀ ਦਿੱਤੀ ਪਰ ਮਲਿੰਗਾ ਨੇ ਇਸੇ ਓਵਰ ਵਿਚ ਮੁਹੰਮਦ ਸ਼ਹਿਜ਼ਾਦ (7) ਨੂੰ ਆਊਟ ਕਰਵਾ ਕੇ ਸ਼੍ਰੀਲੰਕਾ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਵਿਕਟਾਂ ਦਾ ਪਤਨ ਸ਼ੁਰੂ ਹੋ ਗਿਆ। 
ਇਸ ਤੋਂ ਪਹਿਲਾਂ ਆਫ ਸਪਿਨਰ ਮੁਹੰਮਦ ਨਬੀ ਨੇ 5 ਗੇਂਦਾਂ ਦੇ ਅੰਦਰ 3 ਵਿਕਟਾਂ ਲੈ ਕੇ ਨਾਟਕੀ ਪਤਨ ਦੀ ਕਹਾਣੀ ਲਿਖੀ, ਜਿਸ ਨਾਲ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 36.5 ਓਵਰਾਂ ਵਿਚ 201 ਦੌੜਾਂ 'ਤੇ ਢੇਰ ਕਰ ਦਿੱਤਾ ਸੀ ਪਰ ਉਸਦੇ ਬੱਲੇਬਾਜ਼ ਮਿਲੇ ਟੀਚੇ ਨੂੰ ਹਾਸਲ ਕਰਨ ਵਿਚ ਕਾਮਯਾਬ ਨਹੀਂ ਰਹੇ। 
ਸ਼੍ਰੀਲੰਕਾਈ ਪਤਨ ਤੋਂ ਬਾਅਦ ਮੀਂਹ ਨੇ ਕਹਿਰ ਵਰ੍ਹਾਇਆ, ਜਿਸ ਤੋਂ ਬਾਅਦ ਲਗਭਗ 3 ਘੰਟੇ ਤਕ ਖੇਡ ਨਹੀਂ ਹੋ ਸਕੀ। ਇਸ ਤੋਂ ਬਾਅਦ ਜਦੋਂ ਖੇਡ ਸ਼ੁਰੂ ਹੋਈ ਤਾਂ ਸ਼੍ਰੀਲੰਕਾ ਨੇ ਚਾਰ ਓਵਰਾਂ ਦੇ ਅਦੰਰ ਬਾਕੀ ਬਚੀਆਂ ਦੋਵੇਂ ਵਿਕਟਾਂ ਗੁਆ ਦਿੱਤੀਆਂ।  ਸ਼੍ਰੀਲੰਕਾ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਹੱਥੋਂ 10 ਵਿਕਟਾਂ ਨਾਲ ਹਾਰ ਗਿਆ ਸੀ, ਜਦਕਿ ਅਫਗਾਨਿਸਤਾਨ ਨੂੰ ਮੌਜੂਦਾ ਚੈਂਪੀਅਨ ਆਸਟਰੇਲੀਆ ਹੱਥੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਟੀਮਾਂ :
ਸ਼੍ਰੀਲੰਕਾ : ਲਾਹਿਰੁ ਥਿਰਿਮਾਨੇ, ਦਿਮੁਥ ਕਰੁਣਾਰਤਨੇ (ਕਪਤਾਨ), ਕੁਸਲ ਪਰੇਰਾ, ਕੁਸਲ ਮੇਂਡਿਸ, ਐਂਜਿਲੋ ਮੈਥਿਊਜ਼, ਧਨੰਜਿਯਾ ਡੀ ਸਿਲਵਾ, ਥਿਸਾਰਾ ਪਰੇਰਾ, ਈਸੂਰੁ ਉਦਾਨਾ, ਨੁਆਨ ਪ੍ਰਦੀਪ, ਸੁਰੰਗਾ ਲਕਮਲ, ਲਸਿਥ ਮਲਿੰਗਾ।
ਅਫਗਾਨਿਸਤਾਨ  : ਮੁਹੰਮਦ ਸ਼ਹਿਜ਼ਾਦ, ਹਜ਼ਰਤੁੱਲਾ ਜ਼ਜ਼ਾਈ, ਰਹਿਮਤ ਸ਼ਾਹ, ਹਾਸ਼ਮਤੁੱਲਾ ਸ਼ਾਹਿਦੀ, ਮੁਹੰਮਦ ਨਬੀ, ਗੁਲਬਦੀਨ ਨਾਇਬ (ਕਪਤਾਨ), ਨਜੀਬੁੱਲਾ ਜ਼ਾਦਰਾਨ, ਰਾਸ਼ਿਦ ਖਾਨ, ਦੌਲਤ ਜ਼ਦਰਨ, ਮੁਜੀਬ ਉਰ ਰਹਿਮਾਨ, ਹਮਿਦ ਹਸਨ।


Related News