CWC 2019 : ਆਖਰੀ ਚਮਤਕਾਰ ਲਈ ਉਤਰੇਗਾ ਸ਼੍ਰੀਲੰਕਾ

07/01/2019 5:01:06 AM

ਚੇਸਟਰ ਲੀ ਸਟ੍ਰੀਟ— ਆਈ. ਸੀ. ਸੀ. ਵਿਸ਼ਵ ਕੱਪ ਵਿਚ ਕਿਸੇ ਚਮਤਕਾਰ ਦਾ ਇੰਤਜ਼ਾਰ ਕਰ ਰਹੀ ਸ਼੍ਰੀਲੰਕਾਈ ਟੀਮ ਸੋਮਵਾਰ ਨੂੰ ਸੈਮੀਫਾਈਨਲ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਵੈਸਟਇੰਡੀਜ਼ ਵਿਰੁੱਧ ਆਪਣੀਆਂ ਆਖਰੀ ਬਚੀਆਂ ਉਮੀਦਾਂ ਲਈ ਉਤਰੇਗੀ।
ਸ਼੍ਰੀਲੰਕਾ ਨੂੰ ਪਿਛਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਵਿਰੁੱਧ 9 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜਿਸ ਤੋਂ ਉਸ ਨੂੰ ਵੱਡਾ ਝਟਕਾ ਲੱਗਾ ਹੈ । ਹਾਲਾਂਕਿ ਉਸ ਦੇ ਆਖਰੀ-4 ਵਿਚ ਜਗ੍ਹਾ ਬਣਾਉਣ ਦੇ ਰਸਤਾ ਲਗਭਗ ਖਤਮ ਹੋ ਚੁੱਕਾ ਹੈ ਪਰ ਬਾਕੀ ਬਚੇ ਦੋਵਾਂ ਮੈਚਾਂ ਵਿਚ ਜਿੱਤ ਅਤੇ ਹੋਰਨਾਂ ਟੀਮਾਂ ਦੇ ਨਤੀਜਿਆਂ ਦੇ ਹਿਸਾਬ ਨਾਲ ਉਸ ਨੂੰ ਫਿਲਹਾਲ ਮੁਕਾਬਲੇ 'ਚੋਂ ਬਾਹਰ ਨਹੀਂ ਕੀਤਾ ਜਾ ਸਕਦਾ। 
ਸ਼੍ਰੀਲੰਕਾਈ ਟੀਮ ਨੇ 7 ਮੈਚਾਂ ਵਿਚੋਂ 2 ਜਿੱਤੇ ਹਨ ਤੇ 3 ਹਾਰੇ ਹਨ, ਜਦਕਿ 2 ਰੱਦ ਰਹੇ ਸਨ, ਜਿਸ ਤੋਂ ਬਾਅਦ ਉਹ ਅੰਕ ਸੂਚੀ ਵਿਚ 6 ਅੰਕ ਲੈ ਕੇ 7ਵੇਂ ਨੰਬਰ 'ਤੇ ਹੈ। ਅੰਕ ਸੂਚੀ ਵਿਚ ਆਸਟਰੇਲੀਆ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਤੋਂ ਬਾਅਦ ਫਿਲਹਾਲ ਤਿੰਨ ਸਥਾਨਾਂ 'ਤੇ ਭਾਰਤ, ਨਿਊਜ਼ੀਲੈਂਡ ਅਤੇ ਪਾਕਿਸਤਾਨ ਹਨ ਪਰ ਚੌਥੇ ਸਥਾਨ ਨੂੰ ਲੈ ਕੇ ਅਜੇ ਸਥਿਤੀ ਸਾਫ ਨਹੀਂ ਹੈ, ਜਿਸ 'ਤੇ ਕਈ ਟੀਮਾਂ ਵਿਚਾਲੇ ਸੰਘਰਸ਼ ਚੱਲ ਰਿਹਾ ਹੈ।
ਦੂਜੇ ਪਾਸੇ ਵਿੰਡੀਜ਼ ਦੀ ਟੀਮ ਮੁਕਾਬਲੇ 'ਚੋਂ ਪਹਿਲਾਂ ਹੀ ਬਾਹਰ ਹੈ ਅਤੇ ਉਸ ਕੋਲ ਗੁਆਉਣ ਲਈ ਕੁਝ ਨਹੀਂ ਹੈ ਪਰ ਉਹ ਸ਼੍ਰੀਲੰਕਾ ਲਈ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਉਸ ਨੂੰ ਜ਼ਰੂਰ ਬਾਹਰ ਕਰਵਾ ਸਕਦੀ ਹੈ। ਵਿੰਡੀਜ਼ ਨੂੰ ਆਪਣੇ ਆਖਰੀ ਮੈਚ ਵਿਚ ਭਾਰਤ ਹੱਥੋਂ 125 ਦੌੜਾਂ ਨਾਲ ਇਕਪਾਸੜ ਹਾਰ ਝੱਲਣੀ ਪਈ ਸੀ, ਜਦਕਿ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਮੇਜ਼ਬਾਨ ਟੀਮ ਦੇ ਸਮੀਕਰਨ ਵਿਗਾੜਨ ਵਾਲੀ ਸ਼੍ਰੀਲੰਕਾਈ ਟੀਮ ਆਪਣੇ ਆਖਰੀ ਮੈਚ ਵਿਚ ਅਫਰੀਕੀ ਟੀਮ ਤੋਂ ਇਕਪਾਸੜ ਅੰਦਾਜ਼ ਵਿਚ ਹਾਰ ਗਈ,ਜਿਹੜੀ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ। 
 


Gurdeep Singh

Content Editor

Related News