ਸਾਲ 2022 ''ਚ ਪੰਜਾਬ ਨੂੰ ਖੇਡਾਂ ਦੇ ਖੇਤਰ ''ਚ ਮੁੜ ਮੋਹਰੀ ਬਣਾਉਣ ਲਈ ਕੀਤੇ ਗਏ ਨਿਰੰਤਰ ਉੁਪਰਾਲੇ

Friday, Dec 30, 2022 - 04:19 PM (IST)

ਸਾਲ 2022 ''ਚ ਪੰਜਾਬ ਨੂੰ ਖੇਡਾਂ ਦੇ ਖੇਤਰ ''ਚ ਮੁੜ ਮੋਹਰੀ ਬਣਾਉਣ ਲਈ ਕੀਤੇ ਗਏ ਨਿਰੰਤਰ ਉੁਪਰਾਲੇ

ਚੰਡੀਗੜ੍ਹ (ਬਿਊਰੋ) - ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਅਤੇ ਮੁੜ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਇਹੋ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਸਰਕਾਰ ਦੇ ਪਹਿਲੇ ਬਜਟ ਨੇ ਹੀ ਇਸ ਉਪਰ ਮੋਹਰ ਲਗਾ ਦਿੱਤੀ, ਜਦੋਂ ਸਾਲ 2022-23 ਲਈ ਪਿਛਲੇ ਸਾਲ ਦੇ ਮੁਕਾਬਲੇ ਖੇਡਾਂ ਦੇ ਬਜਟ ਵਿੱਚ 38.14 ਫੀਸਦੀ ਵਾਧਾ ਕੀਤਾ ਗਿਆ। ਕੁੱਲ 229 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ। ਸਾਲ ਭਰ ਖੇਡਾਂ ਦੇ ਖੇਤਰ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਰਹੇ। ਖੇਡ ਮੰਤਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਲ ਭਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਉਤੇ ਵਿਭਾਗ ਵੱਲੋਂ ਬਲਾਕ ਤੋਂ ਸੂਬਾ ਪੱਧਰ ਤੱਕ 'ਖੇਡਾਂ ਵਤਨ ਪੰਜਾਬ ਦੀਆਂ-2022' ਕਰਵਾਈਆਂ ਗਈਆਂ। ਪੰਜਾਬ ਵਿੱਚ ਪਹਿਲੀ ਵਾਰ ਕਰਵਾਈਆਂ ਗਈਆਂ ਇਸ ਤਰ੍ਹਾਂ ਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ। 3 ਲੱਖ ਦੇ ਕਰੀਬ ਖਿਡਾਰੀਆਂ ਨੇ 29 ਖੇਡ ਵੰਨਗੀਆਂ ਵਿੱਚ ਹਿੱਸਾ ਲਿਆ, ਜਦੋਂਕਿ ਪਹਿਲਾਂ ਕਰਵਾਈਆਂ ਜਾਂਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ 20 ਹਜ਼ਾਰ ਨਹੀਂ ਟੱਪੀ ਸੀ। ਮੁੱਖ ਮੰਤਰੀ ਵੱਲੋਂ ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਜਲੰਧਰ ਵਿਖੇ ਖੁਦ ਵਾਲੀਬਾਲ ਖੇਡ ਕੇ ਉਦਘਾਟਨ ਕੀਤਾ। ਢਾਈ ਮਹੀਨੇ ਇਸ ਖੇਡ ਮਹਾਂਕੁੰਭ ਵਿੱਚ ਜੇਤੂ ਰਹੇ 9961 ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ।

ਇਸ ਸਾਲ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ 19 ਖਿਡਾਰੀਆਂ ਨੇ ਹਾਕੀ, ਕ੍ਰਿਕਟ, ਵੇਟਲਿਫਟਿੰਗ ਵਿੱਚ ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਜਿੱਤੇ। ਇਸ ਤੋਂ ਇਲਾਵਾ ਚਾਰ ਖਿਡਾਰੀਆਂ ਨੇ ਜੂਡੋ, ਸਾਈਕਲਿੰਗ ਤੇ ਅਥਲੈਟਿਕਸ ਵਿੱਚ ਹਿੱਸਾ ਲਿਆ। 23 ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਕੁੱਲ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ। ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਗਈ। ਪੰਜਾਬ ਦੇ ਉਭਰਦੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਮ ਹੇਠ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਸਕੀਮ ਤਹਿਤ 12.50 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ, ਜਿਸ ਤਹਿਤ ਸੀਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਕੋਈ ਵੀ ਤਮਗਾ ਜੇਤੂ ਖਿਡਾਰੀ ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ ਜੂਨੀਅਰ ਨੈਸ਼ਨਲ ਵਿੱਚ ਜੇਤੂ ਖਿਡਾਰੀ ਨੂੰ 6000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਇਕ ਸਾਲ ਲਈ ਦਿੱਤਾ ਜਾਵੇਗਾ।

ਪੰਜਾਬ ਵਿੱਚ ਖੇਡਾਂ ਦਾ ਪੱਧਰ ਉਚਾ ਚੁੱਕਣ, ਖਿਡਾਰੀਆਂ ਨੂੰ ਸਨਮਾਨ, ਨੌਕਰੀ ਦੇਣ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਉਲੀਕਣ ਲਈ ਕਾਰਗਾਰ ਖੇਡ ਨੀਤੀ ਬਣਾਉਣ ਲਈ ਖੇਡ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਦੇ ਆਧਾਰ ਉਤੇ ਨੀਤੀ ਲਾਗੂ ਹੋਵੇਗੀ। ਇਸ ਸੈਸ਼ਨ ਦੌਰਾਨ 4750 ਖਿਡਾਰੀ ਸਪੋਰਟਸ ਵਿੰਗ ਸਕੂਲਾਂ ਵਿੱਚ ਅਤੇ 1000 ਖਿਡਾਰੀ ਸਪੋਰਟਸ ਵਿੰਗ ਕਾਲਜਾਂ ਵਿੱਚ ਦਾਖ਼ਲ ਕੀਤੇ ਗਏ। ਕੋਚਾਂ ਦੀ ਨਵੀਂ ਭਰਤੀ ਲਈ ਯੋਜਨਾ ਉਲੀਕੀ ਗਈ। ਰੋਇੰਗ ਖਿਡਾਰੀਆਂ ਨੂੰ ਕਿਸ਼ਤੀਆਂ ਅਤੇ ਸ਼ੂਟਿੰਗ ਰੇਂਜਾਂ ਲਈ ਬਜਟ ਐਲਾਨਿਆ ਗਿਆ। ਮੁੱਖ ਮੰਤਰੀ ਦੇ ਫੈਸਲੇ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਇਸ ਸਾਲ ਨੌਜਵਾਨਾਂ ਨੂੰ ਸ਼ਹੀਦ-ਏ ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਹਰੇਕ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਪੁਰਸਕਾਰ ਲਈ ਚੁਣਿਆ ਜਾਵੇਗਾ ਜਿਨ੍ਹਾਂ ਨੂੰ 51,000 ਰੁਪਏ ਦੀ ਰਾਸ਼ੀ, ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜਿਵੇਂ ਕਈ ਸਾਲਾਂ ਤੋਂ ਰੁਕੇ ਇਸ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਉਥੇ ਕਈ ਵਰ੍ਹਿਆਂ ਤੋਂ ਨਹੀਂ ਕਰਵਾਏ ਗਏ ਰਾਜ ਪੱਧਰੀ ਅੰਤਰ-ਵਰਸਿਟੀ ਯੁਵਕ ਮੇਲੇ ਨੂੰ ਇਸ ਵਾਰ ਦਸੰਬਰ ਮਹੀਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਯੁਵਕ ਮੇਲੇ ਦਾ ਮਨੋਰਥ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨਾ ਹੈ। ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਨੂੰ ਦੂਸਰੇ ਰਾਜਾਂ ਵਿੱਚ ਭੇਜ ਕੇ ਉੱਥੋਂ ਦੇ ਸੱਭਿਆਚਾਰ, ਪੌਣ-ਪਾਣੀ ਅਤੇ ਰੀਤੀ-ਰਿਵਾਜ਼ਾਂ ਨੂੰ ਸਮਝਣ ਲਈ ਰਾਜ ਦੇ 300 ਨੌਜਵਾਨਾਂ ਦੇ ਅੰਤਰ-ਰਾਜੀ ਦੌਰੇ ਕਰਵਾਏ ਗਏ। ਇਸ ਤੋਂ ਇਲਾਵਾ ਪੇਂਡੂ ਯੂਥ ਕਲੱਬਾਂ ਦੇ 200 ਅਹੁਦੇਦਾਰਾਂ/ਮੈਂਬਰਾਂ ਦੀ ਯੂਥ ਟ੍ਰੇਨਿੰਗ ਵਰਕਸ਼ਾਪ ਵੀ ਲਗਾਈ ਗਈ।


author

cherry

Content Editor

Related News