ਲਾਇਡ ਨੇ ਵੈਸਟਇੰਡੀਜ਼ ਦੇ WC ''ਚ ਪ੍ਰਦਰਸ਼ਨ ''ਤੇ ਦਿੱਤਾ ਇਹ ਬਿਆਨ
Sunday, Jun 02, 2019 - 01:24 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਕਲਾਈਵ ਲਾਇਡ ਨੇ ਕਿਹਾ ਕਿ ਮੌਜੂਦਾ ਵੈਸਟਇੰਡੀਜ਼ ਟੀਮ 'ਚ ਵਰਲਡ ਕੱਪ ਦੇ ਦੌਰਾਨ ਉਲਟਫੇਰ ਕਰਨ ਦੀ ਸਮਰਥਾ ਹੈ। ਤਿੰਨ ਵਰਲਡ ਕੱਪ 'ਚ ਵੈਸਟਇੰਡੀਜ਼ ਦੀ ਕਪਤਾਨੀ ਕਰ ਚੁੱਕੇ ਲਾਇਡ ਨੇ ਕਿਹਾ ਕਿ ਉਹ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਪਾਕਿਸਤਾਨ ਦੇ ਖਿਲਾਫ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਨ। ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 106 ਦੌੜਾਂ 'ਤੇ ਆਊਟ ਕਰਕੇ ਜਿੱਤ ਦਾ ਟੀਚਾ 13.4 ਓਵਰ 'ਚ ਹਾਸਲ ਕਰ ਲਿਆ।
ਲਾਇਡ ਨੇ ਆਈ.ਸੀ.ਸੀ. ਦੀ ਵੈੱਬਸਾਈਟ 'ਤੇ ਲਿਖਿਆ, ''ਪਹਿਲੇ ਮੈਚ 'ਚ ਵੈਸਟਇੰਡੀਜ਼ ਦਾ ਪ੍ਰਦਰਸ਼ਨ ਦਮਦਾਰ ਰਿਹਾ। ਉਨ੍ਹਾਂ ਨੇ ਪਿੱਚ ਦਾ ਪੂਰਾ ਲਾਹਾ ਲਿਆ ਅਤੇ ਪਾਕਿਸਤਾਨ 'ਤੇ ਦਬਾਅ ਬਣਾਇਆ। ਹੁਣ ਉਨ੍ਹਾਂ ਨੂੰ ਇਸ ਲੈਅ ਨੂੰ ਬਰਕਰਾਰ ਰਖਣਾ ਹੋਵੇਗਾ। ਉਨ੍ਹਾਂ ਕਿਹਾ, ''ਮੈਨੂੰ ਭਰੋਸਾ ਹੈ ਕਿ ਉਹ ਕੁਝ ਉਲਟਫੇਰ ਕਰਨ 'ਚ ਕਾਮਯਾਬ ਰਹਿਣਗੇ। ਇਸ ਮੈਚ ਨਾਲ ਸਾਬਤ ਹੋ ਗਿਆ ਹੈ ਕਿ ਉਹ ਕੀ ਕਰ ਸਕਦੇ ਹਨ ਭਾਵ ਅਸੀਂ ਕਿਸੇ ਵੀ ਟੀਮ ਤੋਂ ਘੱਟ ਨਹੀਂ ਹਾਂ।'' ਵਰਲਡ ਕੱਪ 1975 ਅਤੇ 1979 'ਚ ਵੈਸਟਇੰਡੀਜ਼ ਨੂੰ ਖਿਤਾਬੀ ਜਿੱਤ ਦਿਵਾਉਣ ਵਾਲੇ ਲਾਇਡ ਨੇ ਕਿਹਾ ਕਿ ਆਸਟਰੇਲੀਆ ਖਿਲਾਫ ਮੈਚ ਨਾਲ ਸਹੀ ਆਕਲਨ ਹੋਵੇਗਾ ਕਿ ਕੈਰੇਬੀਆਈ ਟੀਮ ਕਿੱਥੇ ਠਹਿਰਦੀ ਹੈ। ਉਨ੍ਹਾਂ ਕਿਹਾ, ''ਆਸਟਰੇਲੀਆ ਕੋਲ ਸ਼ਾਨਦਾਰ ਬੱਲੇਬਾਜ਼ ਅਤੇ ਬਿਹਤਰੀਨ ਟੀਮ ਹੈ ਲਿਹਾਜ਼ਾ ਉਸ ਮੈਚ 'ਚ ਸਹੀ ਆਕਲਨ ਕਰਨ ਦਾ ਮੌਕਾ ਮਿਲੇਗਾ ਕਿ ਵੈਸਟਇੰਡੀਜ਼ ਕੁਆਲੀਫਾਈ ਕਰੇਗਾ ਜਾਂ ਨਹੀਂ।''