ਸ਼ਤਰੰਜ ਓਲੰਪਿਆਡ : ਵੰਤਿਕਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਅਮਰੀਕਾ ਨਾਲ ਡਰਾਅ ਖੇਡਿਆ

Saturday, Sep 21, 2024 - 12:43 PM (IST)

ਬੁਡਾਪੇਸਟ- ਅੰਤਰਰਾਸ਼ਟਰੀ ਮਾਸਟਰ ਵੰਤਿਕਾ ਅਗਰਵਾਲ ਨੇ ਜ਼ਰੂਰਤ ਦੇ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗ੍ਰੈਂਡਮਾਸਟਰ ਇਰੀਨਾ ਕਰਸ਼ ਨੂੰ ਹਰਾ ਦਿੱਤਾ, ਜਿਸ ਦੀ ਮਦਦ ਨਾਲ ਭਾਰਤੀ ਮਹਿਲਾ ਟੀਮ ਨੇ 45ਵੇਂ ਸ਼ਤਰੰਜ ਓਲੰਪਿਆਡ ਦੇ ਨੌਵੇ ਰਾਊਂਡ ਵਿੱਚ ਅਮਰੀਕਾ ਨਾਲ 2-2 ਦਾ ਡਰਾਅ ਖੇਡਿਆ ਜਦਕਿ ਪੁਰਸ਼ ਟੀਮ ਨੇ ਉਜ਼ਬੇਕਿਸਤਾਨ ਨਾਲ ਅੰਕ ਸਾਂਝੇ ਕੀਤੇ। ਭਾਰਤੀ ਟੀਮ ਪ੍ਰਬੰਧਨ ਨੇ ਖਰਾਬ ਫਾਰਮ ਵਿੱਚ ਚੱਲ ਰਹੀ ਡੀ ਹਰਿਕਾ ਨੂੰ ਆਰਾਮ ਦਿੱਤਾ ਪਰ ਆਰ ਵੈਸ਼ਾਲੀ ਨੇ ਸਿਖਰਲੇ ਬੋਰਡ 'ਤੇ ਗੁਲਰੁਖਬੇਗਮ ਤੋਖਿਰਜੋਨੋਵਾ ਤੋਂ ਹਾਰ ਗਈ। ਦੂਜੇ ਬੋਰਡ 'ਤੇ ਦਿਵਿਆ ਦੇਸ਼ਮੁੱਖ ਨੇ ਕਾਰਿਸਾ ਯਿਪ ਨਾਲ ਡਰਾਅ ਖੇਡਿਆ। ਤਾਨਿਆ ਸਚਦੇਵ ਅਤੇ ਐਲਿਸ ਲੀ ਦਾ ਮੁਕਾਬਲਾ ਵੀ ਡਰਾਅ ਰਿਹਾ। ਇਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਵੰਤਿਕਾ 'ਤੇ ਆ ਗਈ, ਜਿਸ ਨੇ ਨਿਰਾਸ਼ ਨਹੀਂ ਕੀਤਾ ਅਤੇ ਉੱਚੀ ਰੈਂਕਿੰਗ ਵਾਲੀ ਮੁਕਾਬਲੇਬਾਜ਼ ਨੂੰ ਹਰਾਇਆ।
ਹੁਣ ਭਾਰਤ ਦੇ 15 ਅੰਕ ਹਨ ਅਤੇ ਸੋਨ ਤਮਗੇ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਆਖਰੀ ਦੋਵਾਂ ਰਾਊਂਡਾਂ ਵਿੱਚ ਜਿੱਤ ਦਰਜ ਕਰਨੀ ਹੋਵੇਗੀ। ਕਜ਼ਾਖਿਸਤਾਨ 16 ਅੰਕ ਲੈ ਕੇ ਚੋਟੀ 'ਤੇ ਹਨ ਜਿਸ ਨੇ ਪੋਲੈਂਡ ਨੂੰ 2.5-1.5 ਨਾਲ ਹਰਾ ਦਿੱਤਾ। ਭਾਰਤ ਦੂਜੇ ਸਥਾਨ 'ਤੇ ਹੈ ਅਤੇ 9 ਟੀਮਾਂ 14 ਅੰਕ ਲੈ ਕੇ ਤੀਸਰੇ ਸਥਾਨ 'ਤੇ ਹਨ। ਅਗਲੇ ਰਾਊਂਡ ਵਿੱਚ ਕਜ਼ਾਖਿਸਤਾਨ ਦਾ ਸਾਹਮਣਾ ਜਾਰਜੀਆ ਨਾਲ ਹੋਵੇਗਾ ਅਤੇ ਭਾਰਤ ਦੀ ਟੱਕਰ ਚੀਨ ਨਾਲ ਹੋਵੇਗੀ। ਓਪਨ ਵਰਗ ਵਿੱਚ ਭਾਰਤੀ ਪੁਰਸ਼ ਟੀਮ ਨੇ ਪਿਛਲੇ ਚੈਂਪਿਅਨ ਉਜ਼ਬੇਕਿਸਤਾਨ ਨਾਲ ਡਰਾਅ ਖੇਡਿਆ। ਲਗਾਤਾਰ ਅੱਠ ਜਿੱਤਾਂ ਦੇ ਬਾਅਦ ਜੇ ਭਾਰਤ ਨੌਵੇ ਰਾਊਂਡ ਵਿੱਚ ਵੀ ਜਿੱਤਦਾ ਤਾਂ ਸੋਨ ਤਮਗਾ ਤੈਅ ਹੋ ਜਾਂਦਾ। ਭਾਰਤ ਦੇ ਅਰਜੁਨ ਏਰਿਗੈਸੀ ਆਪਣੇ ਵਿਰੋਧੀ ਸ਼ਮਸਿਦੀਨ ਵੋਖਿਦੋਵ ਦੀ ਗਲਤੀ ਦਾ ਲਾਭ ਨਹੀਂ ਚੁੱਕ ਸਕੇ ਅਤੇ ਉਨ੍ਹਾਂ ਨੇ ਡਰਾਅ ਖੇਡਿਆ।
ਉੱਧਰ ਡੀ ਗੁਕੇਸ਼ ਅਤੇ ਨੋਦਿਰਬੇਕ ਅਬਦੁਸਤੋਰੋਵ ਦੀ ਬਾਜ਼ੀ ਵੀ ਡਰਾਅ ਰਹੀ। ਆਰ ਪ੍ਰਗਿਆਨੰਦ ਨੇ ਜਾਵੋਖਿਰ ਸਿੰਦਾਰੋਵ ਨਾਲ ਅਤੇ ਵਿਦਿਤ ਗੁਜਰਾਤੀ ਨੇ ਜਾਖੋਂਗੀਰ ਵਾਖਿਦੋਵ ਨਾਲ ਡਰਾਅ ਖੇਡਿਆ। ਭਾਰਤੀ ਪੁਰਸ਼ ਟੀਮ ਦੇ ਹੁਣ ਨੌ ਰਾਊਂਡਾਂ ਬਾਅਦ 17 ਅੰਕ ਹਨ। ਹੁਣ ਉਸਦਾ ਮੁਕਾਬਲਾ ਅਮਰੀਕਾ ਨਾਲ ਹੋਵੇਗਾ, ਜਿਸਨੇ ਹੰਗਰੀ ਨੂੰ ਹਰਾਇਆ। ਅਮਰੀਕਾ, ਉਜ਼ਬੇਕਿਸਤਾਨ ਅਤੇ ਚੀਨ 15 ਅੰਕ ਲੈ ਕੇ ਦੂਜੇ ਸਥਾਨ 'ਤੇ ਹਨ।


Aarti dhillon

Content Editor

Related News