ਬੁਮਰਾਹ ਗੇਂਦਬਾਜ਼ਾਂ ਦੀ ਟੈਸਟ ਰੈਂਕਿੰਗ ''ਚ ਚੋਟੀ ''ਤੇ ਬਰਕਰਾਰ
Wednesday, Jan 08, 2025 - 06:54 PM (IST)
ਦੁਬਈ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਵਿਚ ਆਪਣੀ ਬਾਦਸ਼ਾਹਤ ਜਾਰੀ ਰਖਦੇ ਹੋਏ ਕਰੀਅਰ ਦੀ ਸਰਵੋਤਮ 908 ਰੇਟਿੰਗ ਦੇ ਨਾਲ ਗੇਂਦਬਾਜ਼ਾਂ ਦੀ ਸੂਚੀ ਵਿਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਬੁਮਰਾਹ, ਜਿਸ ਨੇ ਆਸਟਰੇਲੀਆ ਦੇ ਖਿਲਾਫ ਪੰਜਵੇਂ ਅਤੇ ਆਖਰੀ ਟੈਸਟ ਤੋਂ ਪਹਿਲਾਂ 907 ਅੰਕਾਂ ਨਾਲ ਕਿਸੇ ਵੀ ਭਾਰਤੀ ਗੇਂਦਬਾਜ਼ ਦੀ ਸਰਵੋਤਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਰੈਂਕਿੰਗ ਦਾ ਰਿਕਾਰਡ ਬਣਾਇਆ ਸੀ, ਨੇ ਪਹਿਲੀ ਪਾਰੀ ਵਿੱਚ ਦੋ ਵਿਕਟਾਂ ਲੈਣ ਤੋਂ ਬਾਅਦ ਆਪਣੀ ਰੇਟਿੰਗ ਵਿੱਚ ਇੱਕ ਅੰਕ ਦਾ ਸੁਧਾਰ ਕੀਤਾ। ਹਾਲਾਂਕਿ ਪਿੱਠ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਉਹ ਦੂਜੀ ਪਾਰੀ 'ਚ ਗੇਂਦਬਾਜ਼ੀ ਨਹੀਂ ਕਰ ਸਕਿਆ, ਜਿਸ ਕਾਰਨ ਉਸ ਦੀ ਭੂਮਿਕਾ ਸਿਰਫ ਬੱਲੇਬਾਜ਼ੀ ਤੱਕ ਹੀ ਸੀਮਤ ਰਹੀ।
ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਇੱਕ ਸਥਾਨ ਦੇ ਵਾਧੇ ਨਾਲ ਸਾਂਝੇ ਤੌਰ 'ਤੇ ਨੌਵੇਂ ਸਥਾਨ 'ਤੇ ਪਹੁੰਚ ਗਏ ਹਨ, ਤੇ ਉਹ ਬੁਮਰਾਹ ਨਾਲ ਚੋਟੀ ਦੇ 10 ਵਿੱਚ ਦੂਜੇ ਭਾਰਤੀ ਵਜੋਂ ਸ਼ਾਮਲ ਹੋ ਗਏ ਹਨ। ਜਡੇਜਾ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਸਕਾਟ ਬੋਲੰਡ ਦੇ ਨਾਲ ਸੰਯੁਕਤ ਨੌਵੇਂ ਸਥਾਨ 'ਤੇ ਹਨ। ਸਿਡਨੀ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੋਲੈਂਡ 29 ਸਥਾਨਾਂ ਦੇ ਸੁਧਾਰ ਨਾਲ ਚੋਟੀ ਦੇ 10 'ਚ ਆ ਗਿਆ ਹੈ। ਬੋਲੈਂਡ ਨੇ ਸਿਡਨੀ ਵਿਚ 10 ਵਿਕਟਾਂ (31 ਦੌੜਾਂ 'ਤੇ ਚਾਰ ਵਿਕਟਾਂ ਅਤੇ 45 ਦੌੜਾਂ 'ਤੇ ਛੇ ਵਿਕਟਾਂ) ਲਈਆਂ। ਆਸਟਰੇਲੀਆ ਦੀ ਜਿੱਤ ਵਿੱਚ ਉਸ ਦਾ ਪ੍ਰਦਰਸ਼ਨ ਅਹਿਮ ਰਿਹਾ, ਜਿਸ ਨੇ ਟੀਮ ਨੂੰ ਇੱਕ ਦਹਾਕੇ ਦੇ ਇੰਤਜ਼ਾਰ ਤੋਂ ਬਾਅਦ ਬਾਰਡਰ-ਗਾਵਸਕਰ ਟਰਾਫੀ ਜਿੱਤਣ ਵਿੱਚ ਮਦਦ ਕੀਤੀ।
ਆਸਟਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਵੀ ਰੈਂਕਿੰਗ 'ਚ ਫਾਇਦਾ ਹੋਇਆ ਹੈ, ਉਹ ਆਖਰੀ ਟੈਸਟ 'ਚ ਪੰਜ ਵਿਕਟਾਂ ਦੀ ਮਦਦ ਨਾਲ ਦੂਜੇ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਰਹੇ। ਦੱਖਣੀ ਅਫਰੀਕਾ ਦਾ ਕਾਗਿਸੋ ਰਬਾਡਾ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਜ਼ਖਮੀ ਜੋਸ਼ ਹੇਜ਼ਲਵੁੱਡ ਦੋ ਸਥਾਨ ਡਿੱਗ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਰਿਸ਼ਭ ਪੰਤ ਦੀਆਂ ਦੂਜੀ ਪਾਰੀ ਵਿੱਚ 33 ਗੇਂਦਾਂ ਵਿੱਚ ਬਣਾਈਆਂ 61 ਦੌੜਾਂ ਦੀ ਬਦੌਲਤ ਉਹ ਬੱਲੇਬਾਜ਼ੀ ਦਰਜਾਬੰਦੀ ਵਿੱਚ ਤਿੰਨ ਸਥਾਨਾਂ ਦੀ ਛਾਲ ਮਾਰਨ ਵਿੱਚ ਕਾਮਯਾਬ ਰਿਹਾ ਅਤੇ ਨੌਵੇਂ ਨੰਬਰ ’ਤੇ ਪਹੁੰਚ ਗਿਆ, ਜਦਕਿ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਚੌਥਾ ਸਥਾਨ ਬਰਕਰਾਰ ਰੱਖਿਆ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਪਹਿਲੀ ਪਾਰੀ 'ਚ ਅਹਿਮ ਸੈਂਕੜਾ ਲਗਾਉਣ ਤੋਂ ਬਾਅਦ ਤਿੰਨ ਸਥਾਨਾਂ ਦੀ ਛਲਾਂਗ ਲਗਾ ਕੇ ਛੇਵੇਂ ਸਥਾਨ 'ਤੇ ਪਹੁੰਚਾਇਆ ਅਤੇ ਕਰੀਅਰ ਦੀ ਸਰਵੋਤਮ 769 ਦਰਜਾਬੰਦੀ ਵੀ ਹਾਸਲ ਕੀਤੀ। ਇਸ ਦੌਰਾਨ ਕਾਈਲ ਵਰਨੀ ਸ਼ਾਨਦਾਰ ਸੈਂਕੜਾ ਜੜ ਕੇ ਚਾਰ ਸਥਾਨ ਉੱਪਰ 25ਵੇਂ ਸਥਾਨ 'ਤੇ ਪਹੁੰਚ ਗਿਆ ਹੈ।