ਬਰੂਕ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਚੋਟੀ ’ਤੇ ਪਹੁੰਚਿਆ, ਗੇਂਦਬਾਜ਼ਾਂ ’ਚ ਬੁਮਰਾਹ ਨੰਬਰ-1 ’ਤੇ ਬਰਕਰਾਰ
Thursday, Dec 12, 2024 - 12:16 PM (IST)
ਦੁਬਈ– ਇੰਗਲੈਂਡ ਦਾ ਹੈਰੀ ਬਰੂਕ ਆਪਣੇ ਸੀਨੀਅਰ ਸਾਥੀ ਜੋ ਰੂਟ ਦੀ ਬਾਦਸ਼ਾਹਤ ਖਤਮ ਕਰਕੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਬੁੱਧਵਾਰ ਨੂੰ ਜਾਰੀ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ ’ਤੇ ਪਹੁੰਚ ਗਿਆ ਹੈ ਜਦਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਤੇ ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੂਚੀ ਵਿਚ ਨੰਬਰ ’ਤੇ ਇਕ ’ਤੇ ਬਣੇ ਹੋਏ ਹਨ।
ਪਿਛਲੇ ਹਫਤੇ ਵੈਲਿੰਗਟਨ ਵਿਚ ਨਿਊਜ਼ੀਲੈਂਡ ਵਿਰੁੱਧ ਆਪਣੇ ਕਰੀਅਰ ਦਾ 8ਵਾਂ ਸੈਂਕੜਾ ਬਣਾਉਣ ਵਾਲਾ 25 ਸਾਲਾ ਬਰੂਕ ਹਾਲਾਂਕਿ ਆਪਣੇ ਸੀਨੀਅਰ ਸਾਥੀ ਤੋਂ ਸਿਰਫ ਇਕ ਅੰਕ ਅੱਗੇ ਹੈ। ਬਰੂਕ ਦੇ ਕੁੱਲ 898 ਅੰਕ ਹਨ ਤੇ ਉਹ ਟੈਸਟ ਬੱਲੇਬਾਜ਼ਾਂ ਵਿਚ ਆਲਟਾਈਮ 34ਵੀਂ ਸਰਵਸ੍ਰੇਸ਼ਠ ਰੇਟਿੰਗ ਦੇ ਨਾਲ ਭਾਰਤੀ ਧਾਕੜ ਸਚਿਨ ਤੇਂਦੁਲਕਰ ਦੀ ਬਰਾਬਰੀ ’ਤੇ ਪਹੁੰਚ ਗਿਆ ਹੈ। ਰੂਟ ਇਸ ਸਾਲ ਜੁਲਾਈ ਤੋਂ ਚੋਟੀ ਦੇ ਸਥਾਨ ’ਤੇ ਬਣਿਆ ਹੋਇਆ ਸੀ।
ਬੁਮਰਾਹ ਨੇ 890 ਰੇਟਿੰਗ ਅੰਕਾਂ ਨਾਲ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ ’ਤੇ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਉਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ (856) ਤੇ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (851) ਦਾ ਨੰਬਰ ਆਉਂਦਾ ਹੈ। ਜਡੇਜਾ ਨੇ ਵੀ 415 ਰੇਟਿੰਗ ਅੰਕਾਂ ਨਾਲ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।