ਰਾਸ਼ਟਰੀ ਖੇਡਾਂ: ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਸੋਨਾ, ਥਾਪਾ ਨੂੰ ਕਰਨਾ ਪਿਆ ਚਾਂਦੀ ਤਮਗੇ ਨਾਲ ਸਬਰ
Saturday, Feb 08, 2025 - 03:47 AM (IST)
ਦੇਹਰਾਦੂਨ – ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ 38ਵੀਆਂ ਰਾਸ਼ਟਰੀ ਖੇਡਾਂ ਵਿਚ ਸ਼ੁੱਕਰਵਾਰ ਨੂੰ ਇੱਥੇ ਮਹਿਲਾਵਾਂ ਦੀ 75 ਕਿ. ਗ੍ਰਾ. ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਜਦਕਿ 6 ਵਾਰ ਦੇ ਏਸ਼ੀਆਈ ਚੈਂਪੀਅਨ ਸ਼ਿਵ ਥਾਪਾ ਨੂੰ ਪੁਰਸ਼ਾਂ ਦੇ 63.5 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਪੈਰਿਸ ਓਲੰਪਿਕ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਆਸਾਮ ਦੀ ਲਵਲੀਨਾ ਨੇ ਤਿੰਨੇ ਰਾਊਂਡਾਂ ਵਿਚ ਚੰਡੀਗੜ੍ਹ ਦੀ ਨੌਜਵਾਨ ਵਿਰੋਧਣ ਪ੍ਰਾਂਸ਼ੂ ਰਾਠੌੜ ’ਤੇ ਇਕਪਾਸੜ 5-0 ਦੀ ਜਿੱਤ ਦਰਜ ਕੀਤੀ। ਥਾਪਾ ਨੂੰ ਪੁਰਸ਼ਾਂ ਦੇ ਲਾਈਟ ਵੇਲਟਰਵੇਟ (63 ਕਿ. ਗ੍ਰਾ.) ਭਾਰ ਦੇ ਫਾਈਨਲ ਵਿਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਸੈਨਾ ਖੇਡ ਪ੍ਰਬੰਧਨ ਬੋਰਡ ਦੇ ਮੁੱਕੇਬਾਜ਼ ਵੰਸ਼ਜ ਤੋਂ ਨੇੜਲੇ ਮੁਕਾਬਲੇ ਵਿਚ 4-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਸੈਨਾ ਦੀ ਜੈਸਮਿਨ ਲਮਬੋਰੀਆ ਨੇ ਮਹਿਲਾਵਾਂ ਦੀ 60 ਕਿ. ਗ੍ਰਾ. ਪ੍ਰਤੀਯੋਗਿਤਾ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਹਰਿਆਣਾ ਦੀ ਮਨੀਸ਼ਾ ਮੌਨ ’ਤੇ 5-0 ਦੀ ਜਿੱਤ ਨਾਲ ਆਪਣਾ ਦਬਦਬਾ ਕਾਇਮ ਕੀਤਾ। ਸੈਨਾ ਲਈ ਇਕ ਹੋਰ ਸੋਨ ਤਮਗਾ ਸਾਕਸ਼ੀ ਨੇ ਜਿੱਤਿਆ। ਉਸ ਨੇ ਹਿਮਾਚਲ ਪ੍ਰਦੇਸ਼ ਦੀ ਵਿਨਾਕਸ਼ੀ ਨੂੰ 5-0 ਨਾਲ ਹਰਾਇਆ। ਦਿਨ ਦੇ ਹੋਰਨਾਂ ਮੁਕਾਬਲਿਆਂ ਵਿਚ ਸੈਨਾ ਦੇ ਮੰਡੇਂਗਬਾਮ ਸਿੰਘ ਨੇ ਪੁਰਸ਼ਾਂ ਦੇ ਫਲਾਈਵੇਟ (51 ਕਿ. ਗ੍ਰਾ.) ਭਾਰ ਵਰਗ ਵਿਚ ਚੰਡੀਗੜ੍ਹ ਦੇ ਅੰਸ਼ੁਲ ਪੂਨੀਆ ਨੂੰ 4-1 ਨਾਲ ਹਰਾਇਆ।
ਮਹਿਲਾਵਾਂ ਦੇ ਬੈਂਟਮਵੇਟ ਵਰਗ ਵਿਚ ਮੱਧ ਪ੍ਰਦੇਸ਼ ਦੀ ਦਿਵਿਆ ਪੰਵਾਰ ਨੇ ਉੱਤਰ ਪ੍ਰਦੇਸ਼ ਦੀ ਸੋਨੀਆ ਲਾਠੇਰ ਨੂੰ 4-1 ਨਾਲ ਹਰਾਇਆ। ਸਥਾਨਕ ਮੁੱਕੇਬਾਜ਼ ਨਿਵੇਦਿਤਾ ਕਾਰਕੀ ਨੇ ਹਰਿਆਣਾ ਦੀ ਕਲਪਨਾ ਨੂੰ ਹਰਾ ਕੇ ਮਹਿਲਾਵਾਂ ਦੀ ਫਲਾਈਵੇਟ (50 ਕਿ. ਗ੍ਰਾ.) ਪਰਤੀਯੋਗਿਤਾ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਸਾਬਕਾ ਨੌਜਵਾਨ ਵਿਸ਼ਵ ਚੈਂਪੀਅਨ ਆਸਾਮ ਦੀ ਅੰਕੁਸ਼ਿਤਾ ਬੋਰੇ ਨੇ ਮਹਿਲਾਵਾਂ ਦੀ ਵੇਲਟਰਵੇਟ (66 ਕਿ. ਗ੍ਰਾ.) ਪ੍ਰਤੀਯੋਗਿਤਾ ਵਿਚ ਉੱਤਰਾਖੰਡ ਦੀ ਕਾਜਲ ਨੂੰ ਸਰਬਸੰਮਤੀ ਦੇ ਫੈਸਲੇ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।
ਪੰਜਾਬ ਨੇ ਰੋਮਾਂਚਕ ਹਾਕੀ ਮੁਕਾਬਲੇ ’ਚ ਮੱਧ ਪ੍ਰਦੇਸ਼ ਨੂੰ 4-3 ਨਾਲ ਹਰਾਇਆ
ਰਾਸ਼ਟਰੀ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਦੇ ਪੁਰਸ਼ ਵਰਗ ਵਿਚ ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਰੋਮਾਂਚਕ ਮੁਕਾਬਲੇ ਦੌਰਾਨ 4-3 ਨਾਲ ਹਰਾ ਦਿੱਤਾ। ਪੰਜਾਬ ਵੱਲੋਂ ਪ੍ਰਦੀਪ ਸਿੰਘ (20ਵੇਂ, 23ਵੇਂ ਤੇ 51ਵੇਂ ਮਿੰਟ) ਨੇ ਹੈਟ੍ਰਿਕ ਲਾਈ ਜਦਕਿ ਰਵਨੀਤ ਸਿੰਘ ਨੇ 9ਵੇਂ ਮਿੰਟ ਵਿਚ ਗੋਲ ਕੀਤਾ। ਮੱਧ ਪ੍ਰਦੇਸ਼ ਲਈ ਜਮੀਰ ਮੁਹੰਮਦ ਨੇ ਚੌਥੇ ਤੇ 18ਵੇਂ ਮਿੰਟ ਵਿਚ, ਅਲੀ ਅਹਿਮਦ ਨੇ 23ਵੇਂ ਮਿੰਟ ਵਿਚ ਗੋਲ ਕੀਤਾ। ਪੰਜਾਬ ਇਸ ਤਰ੍ਹਾਂ ਪੂਲ-ਏ ਵਿਚ ਦੂਜੇ ਸਥਾਨ ’ਤੇ ਕਾਇਮ ਹੈ।