ਜਨਮ ਦਿਨ ’ਤੇ ਖ਼ਾਸ : ਸਚਿਨ ਤੇਂਦੁਲਕਰ ਦੇ ਅਜਿਹੇ ਰਿਕਾਰਡ, ਜਿਨ੍ਹਾਂ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ
Monday, Apr 24, 2023 - 10:52 AM (IST)

ਸਪੋਰਟਸ ਡੈਸਕ : ਆਪਣੇ ਸ਼ਾਨਦਾਰ ਰਿਕਾਰਡਜ਼ ਕਾਰਨ ‘ਭਾਰਤੀ ਕ੍ਰਿਕਟ ਦੇ ਭਗਵਾਨ’ ਕਹੇ ਜਾਣ ਸਚਿਨ ਤੇਂਦੁਲਕਰ ਦਾ ਅੱਜ 50ਵਾਂ ਜਨਮ ਦਿਨ ਹੈ। ਜਦੋਂ ਵੀ ਕ੍ਰਿਕਟ ਦੀ ਗੱਲ ਆਏਗੀ ਤਾਂ ਸਚਿਨ ਤੇਂਦੁਲਕਰ ਦਾ ਨਾਂ ਲਏ ਬਿਨਾਂ ਇਸ ਖੇਡ ਦੀ ਚਰਚਾ ਹਮੇਸ਼ਾ ਅਧੂਰੀ ਹੀ ਰਹੇਗੀ। ਮਾਸਟਰ ਬਲਾਸਟਰ ਨੇ ਦਹਾਕਿਆਂ ਤੱਕ ਕ੍ਰਿਕਟ ਜਗਤ ’ਤੇ ਆਪਣੀ ਧਾਕ ਜਮਾਈ। ਦੁਨੀਆ ਭਰ ਦੇ ਕਈ ਦਿੱਗਜ ਕ੍ਰਿਕਟਰਾਂ ਨਾਲ ਖੇਡਣ ਵਾਲੇ ਸਚਿਨ ਨੇ ਆਪਣੀ ਬੱਲੇਬਾਜ਼ੀ ਨਾਲ ਵਿਸ਼ਵ ਕ੍ਰਿਕਟ ’ਚ ਆਪਣੀ ਛਾਪ ਛੱਡੀ ਹੈ। ਸਚਿਨ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਏ 9 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਉਨ੍ਹਾਂ ਦੇ ਨਾਂ ਕਈ ਅਜਿਹੇ ਰਿਕਾਰਡਜ਼ ਹਨ, ਜਿਨ੍ਹਾਂ ਨੂੰ ਅੱਜ ਕੋਈ ਤੋੜ ਨਹੀਂ ਸਕਿਆ ਹੈ। ਉਨ੍ਹਾਂ ਦੇ ਖ਼ਾਸ ਰਿਕਾਰਡਜ਼, ਜਿਨ੍ਹਾਂ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ ਹੈ :
ਇਹ ਖ਼ਬਰ ਵੀ ਪੜ੍ਹੋ : ਸ਼੍ਰੀ ਅਮਰਨਾਥ ਯਾਤਰੀਆਂ ਲਈ ਅਹਿਮ ਖ਼ਬਰ, ਜਾਣੋ ਕਿੱਥੇ-ਕਿੱਥੇ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ
ਸਚਿਨ ਤੇਂਦੁਲਕਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ ਕੁੱਲ 664 ਮੈਚ ਖੇਡੇ। ਇਸ ’ਚ ਉਨ੍ਹਾਂ ਨੇ 200 ਟੈਸਟ ਮੈਚ ਅਤੇ 463 ਵਨਡੇ ਖੇਡੇ। ਇਹ ਕਿਸੇ ਵੀ ਕ੍ਰਿਕਟਰ ਵੱਲੋਂ ਸਭ ਤੋਂ ਵੱਧ ਮੈਚ ਖੇਡਣ ਦਾ ਵਿਸ਼ਵ ਰਿਕਾਰਡ ਹੈ, ਜੋ ਅੱਜ ਵੀ ਸਚਿਨ ਦੇ ਨਾਂ ਹੈ।
ਸਭ ਤੋਂ ਜ਼ਿਆਦਾ ਵਾਰ 50 ਦੌੜਾਂ ਤੋਂ ਵੱਧ ਦੀਆਂ ਖੇਡੀਆਂ ਪਾਰੀਆਂ
ਸਚਿਨ ਅੱਜ ਵੀ ਕੌਮਾਂਤਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਾਰ 50 ਤੋਂ ਵੱਧ ਦੌੜਾਂ ਬਣਾਉਣ ਵਾਲੇ ਕ੍ਰਿਕਟਰ ਹਨ। ਉਨ੍ਹਾਂ ਨੇ ਇਹ ਕਾਰਨਾਮਾ 264 ਵਾਰ ਕੀਤਾ। ਇਸ ’ਚ ਉਨ੍ਹਾਂ ਨੇ 145 ਵਾਰ ਵਨਡੇ ਅਤੇ ਟੈਸਟ ਕ੍ਰਿਕਟ ’ਚ 119 ਵਾਰ 50 ਤੋਂ ਜ਼ਿਆਦਾ ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ।
ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਦੌੜਾਂ
ਵਨਡੇ ਅਤੇ ਟੈਸਟ ਕ੍ਰਿਕਟ, ਦੋਵਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਦੇ ਨਾਂ ਹੈ। ਉਨ੍ਹਾਂ ਨੇ ਆਪਣੇ ਕਰੀਅਰ ’ਚ ਕੁੱਲ 34357 ਦੌੜਾਂ ਬਣਾਈਆਂ। ਇਸ ’ਚੋਂ ਉਨ੍ਹਾਂ ਨੇ ਟੈਸਟ 'ਚ 15921 ਅਤੇ ਵਨਡੇ 'ਚ 18426 ਦੌੜਾਂ ਬਣਾਈਆਂ। ਸਚਿਨ ਨੇ ਕੌਮਾਂਤਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਾਰ 100 ਸੈਂਕੜੇ (ਟੈੈਸਟ ’ਚ 51 ਤੇ ਵਨਡੇ ’ਚ 49) ਬਣਾਏ ਹਨ।
ਕਿਸੇ ਇਕ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਸਭ ਤੋਂ ਵੱਧ ਦੌੜਾਂ
ਸਚਿਨ ਨੇ ਬੱਲੇਬਾਜ਼ੀ ਕ੍ਰਮ ਵਿਚ ਇਕ ਸਥਾਨ ’ਤੇ ਖੇਡਦੇ ਹੋਏ ਕਰੀਅਰ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਹੈ। ਮਾਸਟਰ ਬਲਾਸਟਰ ਨੇ ਭਾਰਤੀ ਟੀਮ ਲਈ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ 275 ਪਾਰੀਆਂ 'ਚ 54.40 ਦੀ ਔਸਤ ਨਾਲ 13492 ਦੌੜਾਂ ਬਣਾਈਆਂ।
ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਚੌਕੇ
ਸਚਿਨ ਤੇਂਦੁਲਕਰ ਨੇ ਟੈਸਟ ਕ੍ਰਿਕਟ ’ਚ 2000 ਤੋਂ ਵੱਧ ਚੌਕੇ ਲਗਾਏ ਹਨ। ਇਹ ਇਸ ਫਾਰਮੈੱਟ ਵਿਚ ਕਿਸੇ ਵੀ ਖਿਡਾਰੀ ਵੱਲੋਂ ਲਗਾਏ ਗਏ ਸਭ ਤੋਂ ਵੱਧ ਚੌਕੇ ਹਨ। ਸਚਿਨ ਨੇ ਟੈਸਟ ਕ੍ਰਿਕਟ 'ਚ ਕੁੱਲ 2058 ਚੌਕੇ ਲਗਾਏ ਹਨ।
ਵਨਡੇ 'ਚ ਸਭ ਤੋਂ ਜ਼ਿਆਦਾ 'ਮੈਨ ਆਫ ਦਿ ਮੈਚ' ਜਿੱਤਣ ਦਾ ਰਿਕਾਰਡ
ਤੇਂਦੁਲਕਰ ਨੇ ਆਪਣੇ ਵਨਡੇ ਕਰੀਅਰ ਵਿਚ 62 ਵਾਰ ‘ਮੈਨ ਆਫ ਦਿ ਮੈਚ’ ਦਾ ਪੁਰਸਕਾਰ ਜਿੱਤਿਆ, ਜੋ ਕਿਸੇ ਵੀ ਕ੍ਰਿਕਟਰ ਦੀ ਤੁਲਨਾ ’ਚ ਸਭ ਤੋਂ ਵੱਧ ਹੈ।
ਵਨਡੇ ’ਚ ਸਭ ਤੋਂ ਜ਼ਿਆਦਾ ‘ਮੈਨ ਆਫ ਦਿ ਸੀਰੀਜ਼’ ਜਿੱਤਣ ਦਾ ਰਿਕਾਰਡ
ਸਚਿਨ ਨੇ ਆਪਣੇ ਵਨਡੇ ਕਰੀਅਰ ਵਿਚ 15 ਵਾਰ ‘ਮੈਨ ਆਫ ਦਿ ਮੈਚ ਸੀਰੀਜ਼’ ਦਾ ਐਵਾਰਡ ਜਿੱਤਿਆ। ਉਹ ਕੁੱਲ 108 ਸੀਰੀਜ਼ ਦਾ ਹਿੱਸਾ ਸੀ ਅਤੇ ਇਸ ਸਮੇਂ ਦੌਰਾਨ ਉਸ ਨੇ ਬਹੁਤ ਸਾਰੇ ਪੁਰਸਕਾਰ ਜਿੱਤੇ। ਇਹ ਅਜੇ ਵੀ ਇਸ ਫਾਰਮੈੱਟ ਵਿਚ ਕਿਸੇ ਖਿਡਾਰੀ ਵੱਲੋਂ ਜਿੱਤਿਆ ਗਿਆ ਸਭ ਤੋਂ 'ਮੈਨ ਆਫ ਦਿ ਸੀਰੀਜ਼' ਪੁਰਸਕਾਰ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।