Birthday Girl, ਮਨਪ੍ਰੀਤ ਨੇ ਜਿੱਤਿਆ ਭਾਰਤ ਲਈ ਪਹਿਲਾਂ ਸੋਨ ਤਮਗਾ

Thursday, Jul 06, 2017 - 10:37 PM (IST)

Birthday Girl, ਮਨਪ੍ਰੀਤ ਨੇ ਜਿੱਤਿਆ ਭਾਰਤ ਲਈ ਪਹਿਲਾਂ ਸੋਨ ਤਮਗਾ

ਭੁਵਨੇਸ਼ਵਰ —ਮਨਪ੍ਰੀਤ ਕੌਰ ਨੇ ਮਹਿਲਾਵਾਂ ਦੇ ਸ਼ਾਟ ਪੁੱਟ ਮੁਕਾਬਲੇ ਵੀਰਵਾਰ ਨੂੰ ਇੱਥੇ ਸੋਨ ਤਮਗਾ ਜਿੱਤ ਕੇ 22ਵੀਂ ਵਾਰ ਏਸ਼ੀਆਈ ਐਥਲੇਟਿਕਸ ਦੇ ਪਹਿਲੇ ਦਿਨ ਖਾਤਾ ਖੋਲਿਆ। ਮਨਪ੍ਰੀਤ ਨੇ 18.28 ਮੀਟਰ ਤੱਕ ਗੋਲਾ ਸੁੱਟਿਆ। ਇਸ ਤਰ੍ਹਾਂ ਨਾਲ ਏਸ਼ੀਆਈ ਚੈਂਪੀਅਨ ਬਣਨ 'ਤੇ ਉਸ ਨੇ ਲੰਡਨ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਜਗ੍ਹਾ ਪੱਕੀ ਕੀਤੀ। ਆਖਰੀ ਪਲਾਂਹ 'ਚ ਚੈਂਪੀਅਨਸ਼ਿਪ 'ਚ ਜਗ੍ਹਾ ਹਾਸਲ ਕਰਨ ਵਾਲੇ ਤਜਰਬੇਕਾਰ ਵਿਕਾਸ ਗੌੜਾ ਨੂੰ ਪੁਰਸ਼ਾਂ ਦੇ ਡਿਸਕਸ ਥ੍ਰੋ ' ਮੁਕਾਬਲੇ 'ਚ ਹਾਲਾਂਕਿ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਅੱਜ ਆਪਣਾ 27ਵਾਂ ਜਨਮਦਿਨ ਮਨ੍ਹਾ ਰਹੀ ਖਚਾਖਚ ਭਰੇ ਸਟੇਡੀਅਮ 'ਚ ਮੌਜੂਦਾ ਚੈਂਪੀਅਨ ਚੀਨ ਦੀ ਗੁਆਓ ਤਿਆਨਕਿਵਨ ਨੂੰ ਹਰਾ ਕੇ ਖੁਦ ਨੂੰ ਜਨਮ ਦਿਨ ਦਾ ਤੋਹਫਾ ਦੇ ਦਿੱਤਾ। ਗੁਆਓ ਨੇ 17.91 ਮੀਟਰ ਨਾਲ ਚਾਂਦੀ ਜਦੋਂ ਕਿ ਜਾਪਾਨ ਦੀ ਆਯਾ ਓਟਾ ਨੇ 15.45 ਮੀਟਰ ਤੱਕ ਗੋਲਾ ਸੁੱਟ ਕੇ ਕਾਂਸੀ ਜਿੱਤੀ। ਮਨਪ੍ਰੀਤ ਤੋਂ ਅੱਜ ਸੋਨ ਤਮਗੇ ਦੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਚੀਨ ਦੇ ਝਿਨਹੂਆ 'ਚ ਏਸ਼ੀਆਈ ਗ੍ਰਾ.ਪ੍ਰੀ. 'ਚ ਉਸ ਦਾ 18.86 ਮੀਟਰ ਦਾ ਪ੍ਰਦਰਸ਼ਨ ਇੱਥੇ ਹਿੱਸਾ ਲੈ ਰਹੀਆਂ 8 ਖਿਡਾਰਨਾਂ ਵਿਚਾਲੇ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ  ਸੀ। ਵਿਸ਼ਵ ਦੀ ਨੰਬਰ ਚਾਰ ਚੀਨ ਦੀ ਗੋਂਗ ਲਿਜਿਓ ਨੇ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲਿਆ।  ਏਸ਼ੀਆਈ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਲੰਡਨ 'ਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਖੁਦ ਹੀ ਸੀਟ ਮਿਲੇਗੀ। ਪਰ ਪਟਿਆਲਾ ਦੇ ਨੇੜਲੇ ਪਿੰਡ ਸਹੌਲੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਚੀਨ 'ਚ ਆਪਣੇ ਪ੍ਰਦਰਸ਼ਨ ਨਾਲ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਸੀ। 
ਪੁਰਸ਼ਾਂ ਦੇ ਡਿਸਕਸ ਥ੍ਰੋ ਮੁਕਾਬਲੇ 'ਚ ਵਿਕਾਸ ਗੌੜਾ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕਿਆ। ਉਸ ਨੇ 60.81 ਦੀ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਨਾਲ ਕਾਂਸੀ ਤਮਗਾ ਜਿੱਤਿਆ। ਓਲੰਪਿਕ ਚਾਂਦੀ ਤਮਗਾ ਜੇਤੂ ਤੇ ਚਾਰ ਵਾਰ ਦੇ ਏਸ਼ੀਆਈ ਚੈਂਪੀਅਨ ਅਹਿਸਾਸ ਹਦਾਦੀ ਨੇ 64.54 ਮੀਟਰ ਦੀ ਥ੍ਰੋ ਨਾਲ ਸੋਨਾ ਤੇ ਮਲੇਸ਼ੀਆ ਦੇ ਇਰਫਾਨ ਮੁਹੰਮਦ ਨੇ 60.96 ਮੀਟਰ ਦੀ ਥ੍ਰੋਅ ਨਾਲ ਚਾਂਦੀ ਜਿੱਤੀ। 
ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਮਨਪ੍ਰੀਤ ਨੇ ਕਿਹਾ ਕਿ ਉਹ 18 ਮੀਟਰ ਦਾ ਟੀਚਾ ਪਾਰ ਕਰ ਕੇ ਖੁਸ਼ ਹੈ। ਉਸ ਨੇ ਕਿਹਾ ਕਿ ਇਹ ਮੇਰੇ ਕਰੀਅਰ ਦਾ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਹਾਂ ਅਤੇ ਮੈਂ ਇਸ ਤੋਂ ਖੁਸ਼ ਹਾਂ। ਅਤੇ ਨਾਲ ਹੀ ਕਿਹਾ ਕਿ ਮੈਂ ਖੁਦ ਨੂੰ ਕਿਹਾ ਸੀ ਕਿ ਮੈਂ 18 ਮੀਟਰ ਤੋਂ ਅੱਗੇ ਨਿਕਲਣਾ ਹੈ।


Related News