ਭਾਰਤੀ ਕ੍ਰਿਕਟ 'ਚ ਵੱਡਾ ਉਲਟਫੇਰ: ਸੂਰਿਆਕੁਮਾਰ ਯਾਦਵ ਤੋਂ ਖੁੱਸੀ ਟੀ-20 ਦੀ ਕਪਤਾਨੀ, ਟੀਮ ਤੋਂ ਵੀ ਹੋ ਸਕਦੀ ਹੈ ਛੁੱਟੀ

Thursday, Jun 04, 2026 - 12:53 AM (IST)

ਭਾਰਤੀ ਕ੍ਰਿਕਟ 'ਚ ਵੱਡਾ ਉਲਟਫੇਰ: ਸੂਰਿਆਕੁਮਾਰ ਯਾਦਵ ਤੋਂ ਖੁੱਸੀ ਟੀ-20 ਦੀ ਕਪਤਾਨੀ, ਟੀਮ ਤੋਂ ਵੀ ਹੋ ਸਕਦੀ ਹੈ ਛੁੱਟੀ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਦੇ ਗਲਿਆਰਿਆਂ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਨੂੰ 2026 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿਤਾਉਣ ਵਾਲੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ (SKY) ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਮਾਮਲਾ ਸਿਰਫ਼ ਕਪਤਾਨੀ ਜਾਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਹੁਣ ਸੂਰਿਆ ਦਾ ਟੀਮ ਵਿੱਚ ਬਣੇ ਰਹਿਣਾ ਵੀ ਮੁਸ਼ਕਲ ਨਜ਼ਰ ਆ ਰਿਹਾ ਹੈ। 

ਗੌਤਮ ਗੰਭੀਰ ਅਤੇ ਚੋਣਕਾਰਾਂ ਦਾ ਸਖ਼ਤ ਫੈਸਲਾ 

'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI), ਟੀਮ ਪ੍ਰਬੰਧਨ ਅਤੇ ਚੋਣ ਕਮੇਟੀ ਨੇ ਮੁੱਖ ਕੋਚ ਗੌਤਮ ਗੰਭੀਰ ਨਾਲ ਲੰਬੀ ਚਰਚਾ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਹੈ। ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਅਨੁਸਾਰ ਟੀਮ ਹੁਣ ਭਵਿੱਖ ਵੱਲ ਦੇਖ ਰਹੀ ਹੈ ਅਤੇ ਜਲਦੀ ਹੀ ਨਵੇਂ ਕਪਤਾਨ ਦੀ ਨਿਯੁਕਤੀ ਕੀਤੀ ਜਾਵੇਗੀ। ਇਹ ਬਦਲਾਅ ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਹੋਣ ਵਾਲੀ ਆਗਾਮੀ ਟੀ-20 ਸੀਰੀਜ਼ ਤੋਂ ਪਹਿਲਾਂ ਹੀ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ ਹੋ ਸਕਦੈ ਬਾਹਰ

ਖਰਾਬ ਫਾਰਮ ਬਣੀ ਵੱਡਾ ਕਾਰਨ 

ਭਾਵੇਂ ਸੂਰਿਆ ਦੀ ਕਪਤਾਨੀ ਹੇਠ ਭਾਰਤ ਨੇ ਵਿਸ਼ਵ ਕੱਪ ਜਿੱਤਿਆ, ਪਰ ਟੂਰਨਾਮੈਂਟ ਦੌਰਾਨ ਵੱਡੀਆਂ ਟੀਮਾਂ ਖਿਲਾਫ ਉਨ੍ਹਾਂ ਦੇ ਬੱਲੇ ਦੀ ਖਾਮੋਸ਼ੀ ਅਤੇ ਹਾਲ ਹੀ ਵਿੱਚ IPL 2026 ਵਿੱਚ ਉਨ੍ਹਾਂ ਦੇ ਬੇਹੱਦ ਖਰਾਬ ਪ੍ਰਦਰਸ਼ਨ ਨੇ ਚੋਣਕਾਰਾਂ ਨੂੰ ਸਖ਼ਤ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਹੈ।

IPL 2026 ਦਾ ਨਿਰਾਸ਼ਾਜਨਕ ਪ੍ਰਦਰਸ਼ਨ: ਸੂਰਿਆ ਨੇ 13 ਪਾਰੀਆਂ ਵਿੱਚ ਸਿਰਫ਼ 20.76 ਦੀ ਔਸਤ ਨਾਲ 270 ਦੌੜਾਂ ਬਣਾਈਆਂ।

ਅਰਧ-ਸੈਂਕੜਿਆਂ ਦਾ ਸੋਕਾ: ਪੂਰੇ ਸੀਜ਼ਨ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਸਿਰਫ਼ ਦੋ ਅਰਧ-ਸੈਂਕੜੇ ਹੀ ਨਿਕਲੇ।

ਇਹ ਵੀ ਪੜ੍ਹੋ : ਦਿੱਲੀ ਅੱਗ ਹਾਦਸਾ ਮਾਮਲੇ 'ਚ ਹੋਟਲ ਮਾਲਕ ਲਵਕੇਸ਼ ਬਜਾਜ ਗ੍ਰਿਫਤਾਰ 

ਰੋਹਿਤ ਸ਼ਰਮਾ ਤੋਂ ਬਾਅਦ ਸੰਭਾਲੀ ਸੀ ਕਮਾਨ

ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਰੋਹਿਤ ਸ਼ਰਮਾ ਦੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੂੰ ਟੀਮ ਦੀ ਕਮਾਨ ਸੌਂਪੀ ਗਈ ਸੀ। ਹਾਲਾਂਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਸਫਲਤਾ ਹਾਸਲ ਕੀਤੀ, ਪਰ ਉਨ੍ਹਾਂ ਦੀ ਨਿੱਜੀ ਫਾਰਮ ਹੁਣ ਉਨ੍ਹਾਂ ਦੇ ਕਰੀਅਰ 'ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਭਾਵੇਂ ਇਸ ਮਾਮਲੇ 'ਤੇ ਬੀ.ਸੀ.ਸੀ.ਆਈ. ਵੱਲੋਂ ਅਧਿਕਾਰਤ ਮੋਹਰ ਲੱਗਣੀ ਬਾਕੀ ਹੈ, ਪਰ ਇਸ ਖ਼ਬਰ ਨੇ ਕ੍ਰਿਕਟ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੂਰਿਆ ਤੋਂ ਬਾਅਦ ਟੀਮ ਇੰਡੀਆ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News