ਸ਼ਿਖਰ ਧਵਨ ਤੇ ਸੁਰੇਸ਼ ਰੈਨਾ ਖ਼ਿਲਾਫ਼ ਵੱਡੀ ਕਾਰਵਾਈ ! ਕਰੋੜਾਂ ਦੀ ਪ੍ਰਾਪਰਟੀ ਜ਼ਬਤ, ਜਾਣੋ ਕੀ ਹੈ ਪੂਰਾ ਮਾਮਲਾ

Thursday, Nov 06, 2025 - 04:14 PM (IST)

ਸ਼ਿਖਰ ਧਵਨ ਤੇ ਸੁਰੇਸ਼ ਰੈਨਾ ਖ਼ਿਲਾਫ਼ ਵੱਡੀ ਕਾਰਵਾਈ ! ਕਰੋੜਾਂ ਦੀ ਪ੍ਰਾਪਰਟੀ ਜ਼ਬਤ, ਜਾਣੋ ਕੀ ਹੈ ਪੂਰਾ ਮਾਮਲਾ

ਸਪੋਰਟਸ ਡੈਸਕ- ਪ੍ਰਵਰਤਨ ਨਿਰਦੇਸ਼ਾਲੇ (ED) ਨੇ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ 1xBet ਨਾਲ ਜੁੜੇ ਇੱਕ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ, ਸਾਬਕਾ ਭਾਰਤੀ ਕ੍ਰਿਕਟਰਾਂ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਦੀ ਕੁੱਲ ₹11.14 ਕਰੋੜ ਦੀ ਜਾਇਦਾਦ ਨੂੰ ਅਸਥਾਈ ਤੌਰ 'ਤੇ ਜ਼ਬਤ ਕਰ ਲਿਆ ਹੈ।

ਇਹ ਵੱਡੀ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA), 2002 ਦੇ ਤਹਿਤ ਕੀਤੀ ਗਈ ਹੈ। ਈ.ਡੀ. ਦੀ ਜਾਂਚ ਕਈ ਰਾਜਾਂ ਦੀ ਪੁਲਸ ਵਲੋਂ ਦਰਜ ਕੀਤੀਆਂ ਗਈਆਂ ਐਫਆਈਆਰਜ਼ 'ਤੇ ਅਧਾਰਤ ਹੈ, ਜੋ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ 1xBet ਅਤੇ ਇਸਦੇ 'ਸੁਰੋਗੇਟ ਬ੍ਰਾਂਡਾਂ' (ਜਿਵੇਂ ਕਿ 1xBat, 1xBat Sporting Lines) ਨਾਲ ਜੁੜੀ ਹੋਈ ਹੈ।

ਕਿਸ ਦੀ ਕਿੰਨੀ ਜਾਇਦਾਦ ਜ਼ਬਤ?
ਈ.ਡੀ. ਅਨੁਸਾਰ, ਅਟੈਚ ਕੀਤੀਆਂ ਗਈਆਂ ਸੰਪਤੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
1. ਸੁਰੇਸ਼ ਰੈਨਾ: ਉਨ੍ਹਾਂ ਦੇ ਨਾਮ 'ਤੇ ₹6.64 ਕਰੋੜ ਦੇ ਮਿਊਚਲ ਫੰਡ ਨਿਵੇਸ਼ ਨੂੰ ਜ਼ਬਤ ਕੀਤਾ ਗਿਆ ਹੈ।
2. ਸ਼ਿਖਰ ਧਵਨ: ਉਨ੍ਹਾਂ ਦੇ ਨਾਮ 'ਤੇ ₹4.5 ਕਰੋੜ ਦੀ ਇੱਕ ਅਚੱਲ ਜਾਇਦਾਦ (immovable property) ਸ਼ਾਮਲ ਹੈ।

ਕ੍ਰਿਕਟਰਾਂ 'ਤੇ ਕੀ ਹਨ ਦੋਸ਼?
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰੈਨਾ ਅਤੇ ਧਵਨ ਨੇ ਵਿਦੇਸ਼ੀ ਕੰਪਨੀਆਂ ਦੇ ਨਾਲ ਮਿਲ ਕੇ ਇਨ੍ਹਾਂ ਸੱਟੇਬਾਜ਼ੀ ਪਲੇਟਫਾਰਮਾਂ ਦਾ ਪ੍ਰਚਾਰ ਕੀਤਾ। ਇਸ ਪ੍ਰਚਾਰ ਦੇ ਬਦਲੇ ਉਨ੍ਹਾਂ ਨੂੰ ਵਿਦੇਸ਼ੀ ਰਸਤਿਆਂ ਰਾਹੀਂ ਭੁਗਤਾਨ ਕੀਤਾ ਗਿਆ। ਈ.ਡੀ. ਦਾ ਕਹਿਣਾ ਹੈ ਕਿ ਇਹ ਪੈਸਾ ਗੈਰ-ਕਾਨੂੰਨੀ ਸੱਟੇਬਾਜ਼ੀ ਤੋਂ ਕਮਾਇਆ ਗਿਆ ਸੀ, ਜਿਸਦੀ ਅਸਲੀ ਪਛਾਣ ਲੁਕਾਉਣ ਲਈ ਗੁੰਝਲਦਾਰ ਲੈਣ-ਦੇਣ ਕੀਤੇ ਗਏ।

1xBet ਦਾ ਕੰਮ ਕਰਨ ਦਾ ਤਰੀਕਾ
• ਜਾਂਚ ਵਿੱਚ ਪਤਾ ਲੱਗਿਆ ਹੈ ਕਿ 1xBet ਭਾਰਤ ਵਿੱਚ ਹਜ਼ਾਰਾਂ ਫਰਜ਼ੀ (Mule) ਬੈਂਕ ਖਾਤਿਆਂ ਰਾਹੀਂ ਪੈਸਿਆਂ ਦਾ ਲੈਣ-ਦੇਣ ਕਰ ਰਿਹਾ ਸੀ।
• ਹੁਣ ਤੱਕ 6000 ਤੋਂ ਜ਼ਿਆਦਾ ਫਰਜ਼ੀ ਖਾਤੇ ਸਾਹਮਣੇ ਆਏ ਹਨ।
• ਸੱਟੇਬਾਜ਼ੀ ਦੀ ਰਕਮ ਨੂੰ ਵੱਖ-ਵੱਖ ਪੇਮੈਂਟ ਗੇਟਵੇਜ਼ ਤੋਂ ਗੁਜ਼ਾਰਿਆ ਗਿਆ ਤਾਂ ਜੋ ਪੈਸੇ ਦੇ ਅਸਲੀ ਸਰੋਤ ਨੂੰ ਲੁਕਾਇਆ ਜਾ ਸਕੇ।
• ਮਨੀ ਲਾਂਡਰਿੰਗ ਦਾ ਕੁੱਲ ਟ੍ਰੇਲ 1000 ਰੁਪਏ ਕਰੋੜ ਤੋਂ ਜ਼ਿਆਦਾ ਦਾ ਹੈ।

ED ਨੇ ਲੋਕਾਂ ਨੂੰ ਕੀਤਾ ਅਲਰਟ
ਈ.ਡੀ. ਨੇ ਇਸ ਕੇਸ ਵਿੱਚ ਚਾਰ ਪੇਮੈਂਟ ਗੇਟਵੇਜ਼ 'ਤੇ ਛਾਪੇਮਾਰੀ ਕੀਤੀ ਹੈ ਅਤੇ 60 ਤੋਂ ਜ਼ਿਆਦਾ ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਹੈ, ਜਿਨ੍ਹਾਂ ਵਿੱਚ 4 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੈ। ਈ.ਡੀ. ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਆਨਲਾਈਨ ਸੱਟੇਬਾਜ਼ੀ ਜਾਂ ਜੂਏ ਦੇ ਪ੍ਰਚਾਰ ਜਾਂ ਨਿਵੇਸ਼ ਤੋਂ ਦੂਰ ਰਹਿਣ, ਕਿਉਂਕਿ ਇਹ ਮਨੀ ਲਾਂਡਰਿੰਗ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਦੇ ਹਨ।


author

Tarsem Singh

Content Editor

Related News