ਬੇਨਸਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਵਿਟਜ਼ਰਲੈਂਡ ਯੂਨਾਈਟਿਡ ਕੱਪ ਦੇ ਫਾਈਨਲ ਵਿੱਚ ਪੁੱਜਾ

Saturday, Jan 10, 2026 - 02:34 PM (IST)

ਬੇਨਸਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਵਿਟਜ਼ਰਲੈਂਡ ਯੂਨਾਈਟਿਡ ਕੱਪ ਦੇ ਫਾਈਨਲ ਵਿੱਚ ਪੁੱਜਾ

ਸਿਡਨੀ : ਸਵਿਟਜ਼ਰਲੈਂਡ ਦੀ ਸਟਾਰ ਟੈਨਿਸ ਖਿਡਾਰਨ ਬੇਲਿੰਡਾ ਬੇਨਸਿਚ ਦੀ ਸ਼ਾਨਦਾਰ ਖੇਡ ਸਦਕਾ ਸਵਿਟਜ਼ਰਲੈਂਡ ਨੇ ਯੂਨਾਈਟਿਡ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸ਼ਨੀਵਾਰ ਨੂੰ ਹੋਏ ਫੈਸਲਾਕੁੰਨ ਮਿਕਸਡ ਡਬਲਜ਼ ਮੁਕਾਬਲੇ ਵਿੱਚ ਬੇਨਸਿਚ ਨੇ ਯਾਕੂਬ ਪੌਲ ਨਾਲ ਮਿਲ ਕੇ ਬੈਲਜੀਅਮ ਦੀ ਐਲਿਸ ਮਰਟੈਂਸ ਅਤੇ ਜਿਜ਼ੂ ਬਰਗਸ ਦੀ ਜੋੜੀ ਨੂੰ 6-3, 0-6, 10-5 ਨਾਲ ਹਰਾ ਕੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ। ਇਸ ਟੂਰਨਾਮੈਂਟ ਵਿੱਚ ਬੇਨਸਿਚ ਨੇ ਇਸ ਹਫਤੇ ਆਪਣੇ ਸਾਰੇ ਚਾਰੋਂ ਸਿੰਗਲਜ਼ ਅਤੇ ਚਾਰੋਂ ਮਿਕਸਡ ਡਬਲਜ਼ ਮੁਕਾਬਲੇ ਜਿੱਤ ਕੇ ਸ਼ਾਨਦਾਰ ਫਾਰਮ ਦਾ ਮੁਜ਼ਾਹਰਾ ਕੀਤਾ ਹੈ।

ਇਸ ਤੋਂ ਪਹਿਲਾਂ ਹੋਏ ਸਿੰਗਲਜ਼ ਮੁਕਾਬਲੇ ਵਿੱਚ ਬੇਨਸਿਚ ਨੇ ਮਰਟੈਂਸ ਨੂੰ 6-3, 4-6, 7-6 ਨਾਲ ਹਰਾ ਕੇ ਸਵਿਟਜ਼ਰਲੈਂਡ ਨੂੰ 1-0 ਦੀ ਬੜ੍ਹਤ ਦਿਵਾਈ ਸੀ। ਹਾਲਾਂਕਿ, ਇਸ ਸੈਸ਼ਨ ਦੇ ਅੰਤ ਵਿੱਚ ਸੰਨਿਆਸ ਲੈਣ ਜਾ ਰਹੇ ਸਟੈਨ ਵਾਵਰਿੰਕਾ ਨੂੰ ਬਰਗਸ ਨੇ 6-3, 6-7(4), 6-3 ਨਾਲ ਹਰਾ ਕੇ ਮੁਕਾਬਲੇ ਨੂੰ ਬਰਾਬਰੀ 'ਤੇ ਲਿਆ ਦਿੱਤਾ ਸੀ, ਜਿਸ ਕਾਰਨ ਮਿਕਸਡ ਡਬਲਜ਼ ਮੈਚ ਫੈਸਲਾਕੁੰਨ ਬਣ ਗਿਆ। ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਹੁਣ ਸਵਿਟਜ਼ਰਲੈਂਡ ਦਾ ਸਾਹਮਣਾ ਅਮਰੀਕਾ ਅਤੇ ਪੋਲੈਂਡ ਵਿਚਕਾਰ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।


author

Tarsem Singh

Content Editor

Related News