IPL ’ਚ ਵਿਦੇਸ਼ੀ ਖਿਡਾਰੀਆਂ ਦੀ ਉਪਲੱਬਧਤਾ ’ਤੇ ਦਖਲਅੰਦਾਜ਼ੀ ਨਹੀਂ ਕਰੇਗਾ BCCI
Sunday, Jun 14, 2026 - 10:26 AM (IST)
ਧਰਮਸ਼ਾਲਾ- ਹਾਲ ਹੀ ’ਚ ਖਤਮ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੈਸ਼ਨ ਦੌਰਾਨ ਫ੍ਰੈਂਚਾਈਜ਼ੀ ਦੀਆਂ ਚਿੰਤਾਵਾਂ ਦੇ ਬਾਵਜੂਦ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਵਿਦੇਸ਼ੀ ਖਿਡਾਰੀਆਂ ਤੇ ਉਸ ਦੀ ਟੀਮ ਵਿਚਾਲੇ ਉਸ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਵਿਚੋਲਗੀ ਨਹੀਂ ਕਰੇਗਾ। ਬੀ. ਸੀ. ਸੀ. ਆਈ. ਨੇ ਉਨ੍ਹਾਂ ਵਿਦੇਸ਼ੀ ਖਿਡਾਰੀਆਂ ’ਤੇ ਪਾਬੰਦੀ ਲਾਈ ਹੋਈ ਹੈ, ਜਿਹੜੇ ਨਿਲਾਮੀ ’ਚ ਖਰੀਦੇ ਜਾਣ ਤੋਂ ਬਾਅਦ ਟੂਰਨਾਮੈਂਟ ਤੋਂ ਹਟ ਜਾਂਦੇ ਹਨ ਪਰ 2 ਮਹੀਨਿਆਂ ਤੱਕ ਚੱਲਣ ਵਾਲੇ ਆਈ. ਪੀ. ਐੱਲ. ’ਚ ਖਿਡਾਰੀਆਂ ਦੀ ਉਪਲੱਬਧਤਾ ਅਜੇ ਵੀ ਇਕ ਮੁੱਦਾ ਬਣੀ ਹੋਈ ਹੈ।
ਜੋਸ਼ ਹੇਜ਼ਲਵੁੱਡ, ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਵਰਗੇ ਖਿਡਾਰੀ ਮਾਮੂਲੀ ਸੱਟਾਂ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਹਿੱਸੇ ’ਚ ਉਪਲੱਬਧ ਨਹੀਂ ਸਨ। ਸਟਾਰਕ ਦੀ ਗੈਰ-ਹਾਜ਼ਰੀ ਦਾ ਦਿੱਲੀ ਕੈਪੀਟਲਜ਼ ’ਤੇ ਬੁਰਾ ਅਸਰ ਪਿਆ। ਰਾਜਸਥਾਨ ਰਾਇਲਜ਼ ਦੇ ਮੁੱਖ ਕੋਚ ਕੁਮਾਰ ਸੰਗਕਾਰਾ ਨੇ ਪਲੇਅ ਆਫ ਮੁਹਿੰਮ ਤੋਂ ਬਾਅਦ ਸੈਮਕਰਨ ਦੇ ਸੱਟ ਕਾਰਨ ਆਈ. ਪੀ. ਐੱਲ. ਤੋਂ ਹਟਣ ਤੋਂ ਬਾਅਦ ਬ੍ਰਿਟੇਨ ’ਚ ਟੀ-20 ਖੇਡਣ ’ਤੇ ਨਿਰਾਸ਼ਾ ਪ੍ਰਗਟ ਕੀਤੀ ਸੀ।
ਪੰਜਾਬ ਕਿੰਗਜ਼ ਦੇ ਸਾਂਝੇ-ਮਾਲਕ ਮੋਹਿਤ ਬਰਮਨ ਦਾ ਕਹਿਣਾ ਹੈ ਕਿ ਬੀ. ਸੀ. ਸੀ. ਆਈ. ਅਤੇ ਹੋਰ ਬੋਰਡਾਂ ਨੂੰ ਵਿਦੇਸ਼ੀ ਖਿਡਾਰੀਆਂ ਦੀ ਉਪਲੱਬਧਤਾ ’ਤੇ ਬਿਹਤਰ ਤਾਲਮੇਲ ਬਿਠਾਉਣ ਦੀ ਲੋੜ ਹੈ। ਹਾਲਾਂਕਿ ਬੀ. ਸੀ. ਸੀ. ਆਈ. ਦਾ ਮੰਨਣਾ ਹੈ ਕਿ ਇਸ ਵਿਵਾਦਪੂਰਨ ਮੁੱਦੇ ਨੂੰ ਖਿਡਾਰੀ ਅਤੇ ਉਸ ਦੀ ਫ੍ਰੈਂਚਾਈਜ਼ੀ ਵਿਚਾਲੇ ਹੀ ਸੁਲਝਾਇਆ ਜਾਣਾ ਚਾਹੀਦਾ ਹੈ।
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਜੋਫਰਾ ਆਰਚਰ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ, ‘‘ਟੀਮ ਹੀ ਖਿਡਾਰੀਆਂ ਦੀ ਸਰਪ੍ਰਸਤ ਹੈ। ਅਸੀਂ ਇਸ ਨੂੰ ਉਸ ’ਤੇ ਹੀ ਛੱਡਦੇ ਹਾਂ ਤੇ ਖਿਡਾਰੀਆਂ ਦੇ ਨਾਲ ਉਸ ਦੀ ਸਮਝ ਕਿਸ ਤਰ੍ਹਾਂ ਦੀ ਹੈ। ਕੁਝ ਖਿਡਾਰੀ ਰਾਸ਼ਟਰੀ ਟੀਮ ਨਾਲ ਖੇਡਣ ਦੀ ਬਜਾਏ ਆਈ. ਪੀ. ਐੱਲ. ਨੂੰ ਚੁਣਦੇ ਹਨ ਅਤੇ ਕੁਝ ਇਸ ਦੇ ਉਲਟ ਕਰਦੇ ਹਨ। ਸਾਡੇ ਨਿਯਮ ਸਪੱਸ਼ਟ ਹਨ, ਜਦੋਂ ਤੱਕ ਕਿ ਕੋਈ ਸੱਟ ਨਾ ਹੋਵੇ (2 ਸਾਲ ਦੀ ਪਾਬੰਦੀ)।’’
ਸੂਤਰ ਨੇ ਕਿਹਾ, ‘‘ਜਿੱਥੋਂ ਤੱਕ ਸੈਮਕਰਨ ਦੀ ਗੱਲ ਹੈ, ਫ੍ਰੈਂਚਾਈਜ਼ੀ ਨੂੰ ਪਤਾ ਪਵੇਗਾ ਕਿ ਅਗਲੇ ਸੈਸ਼ਨ ਲਈ ਕੀ ਕਰਨਾ ਹੈ।’’
