World Cup 2023: ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦਾ ਹੈ ਮੌਕਾ
Tuesday, Sep 05, 2023 - 05:44 AM (IST)
ਸਪੋਰਟਸ ਡੈਸਕ: ਅਗਲੇ ਮਹੀਨੇ ਕ੍ਰਿਕਟ ਜਗਤ ਦਾ ਸਭ ਤੋਂ ਵੱਡਾ ਟੂਰਨਾਮੈਂਟ ਮੰਨਿਆ ਜਾਂਦਾ World Cup ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਅੱਜ ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਜਾਵੇਗਾ। BCCI ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਮੰਗਲਵਾਰ (5 ਸਤੰਬਰ) ਨੂੰ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੁੱਖ ਚੋਣਕਾਰਾਂ ਨੇ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਹੈ। ਟੀਮ ਦਾ ਐਲਾਨ ਦੁਪਹਿਰ 1:30 ਵਜੇ ਕੀਤਾ ਜਾ ਸਕਦਾ ਹੈ। ਇਸ ਦੌਰਾਨ ਮੁੱਖ ਚੋਣਕਾਰ ਅਜੀਤ ਅਗਰਕਰ ਨੂੰ ਪ੍ਰੈੱਸ ਕਾਨਫਰੰਸ ਵਿਚ ਦੇਖਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਰੋਮਾਂਚਕ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਚੈਂਪੀਅਨ ਬਣਿਆ ਭਾਰਤ
ਟੀਮਾਂ ਦਾ ਐਲਾਨ ਕਰਨ ਦੀ ਅੱਜ ਆਖ਼ਰੀ ਤਾਰੀਖ਼
ਆਈ.ਸੀ.ਸੀ. ਦੇ ਨਿਯਮਾਂ ਮੁਤਾਬਕ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਨੂੰ 5 ਸਤੰਬਰ ਤਕ ਆਪਣੀ ਸ਼ੁਰੂਆਤੀ ਟੀਮ ਦਾ ਐਲਾਨ ਕਰਨਾ ਲਾਜ਼ਮੀ ਹੈ। ਟੀਮ 'ਚ 27 ਸਤੰਬਰ ਤਕ ਬਦਲਾਅ ਕੀਤੇ ਜਾ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਏਸ਼ੀਆ ਕੱਪ 2023 'ਚ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ, ਕੋਚ ਰਾਹੁਲ ਦ੍ਰਾਵਿੜ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ ਵਿਚ ਟੀਮ ਦਾ ਫ਼ੈਸਲਾ ਕਰ ਲਿਆ ਗਿਆ ਤੇ ਹੁਣ ਟੀਮ ਵਿਚ ਚੁਣੇ ਗਏ ਖਿਡਾਰੀਆਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ।
ਏਸ਼ੀਆ ਕੱਪ ਤੋਂ ਪਹਿਲਾਂ ਹੀ ਸਾਫ਼ ਸੀ ਵਿਸ਼ਵ ਕੱਪ ਲਈ ਟੀਮ : ਰੋਹਿਤ ਸ਼ਰਮਾ
ਸੋਮਵਾਰ ਰਾਤ ਏਸ਼ੀਆ ਕੱਪ 'ਚ ਨੇਪਾਲ ਦੇ ਖ਼ਿਲਾਫ਼ ਮੈਚ ਤੋਂ ਬਾਅਦ ਰੋਹਿਤ ਸ਼ਰਮਾ ਤੋਂ ਵਿਸ਼ਵ ਕੱਪ ਟੀਮ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਜਦੋਂ ਕੁਮੈਂਟੇਟਰ ਸੰਜੇ ਮਾਂਜਰੇਕਰ ਨੇ ਟੀਮ ਬਾਰੇ ਪੁੱਛਿਆ ਤਾਂ ਭਾਰਤੀ ਕਪਤਾਨ ਨੇ ਕਿਹਾ, ''ਜਦੋਂ ਅਸੀਂ ਏਸ਼ੀਆ ਕੱਪ ਖੇਡਣ ਆਏ ਸੀ ਤਾਂ ਸਾਨੂੰ ਪਤਾ ਸੀ ਕਿ ਵਿਸ਼ਵ ਕੱਪ ਲਈ 15 ਮੈਂਬਰੀ ਟੀਮ 'ਚ ਕੌਣ ਹੋਵੇਗਾ। ਸਾਨੂੰ ਪਤਾ ਸੀ ਕਿ ਏਸ਼ੀਆ ਕੱਪ ਦੇ ਦੋ ਮੈਚ ਸਭ ਕੁਝ ਸਾਫ਼ ਨਹੀਂ ਕਰਨਗੇ ਕਿਉਂਕਿ ਟੀਮ ਚੋਣ ਤੋਂ ਪਹਿਲਾਂ ਸਾਡੇ ਕੋਲ ਸਿਰਫ਼ ਦੋ ਮੈਚ ਹੀ ਸਨ।"
ਸੈਮਸਨ, ਕ੍ਰਿਸ਼ਨਾ ਅਤੇ ਤਿਲਕ ਹੋਣਗੇ ਬਾਹਰ
ਏਸ਼ੀਆ ਕੱਪ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਕੇ.ਐੱਲ. ਰਾਹੁਲ ਦਾ ਵਿਸ਼ਵ ਕੱਪ ਲਈ ਚੁਣਿਆ ਜਾਣਾ ਤੈਅ ਹੈ। ਸੂਤਰਾਂ ਮੁਤਾਬਕ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਏਸ਼ੀਆ ਕੱਪ ਲਈ ਚੁਣੇ ਗਏ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ, ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਅਤੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਤਿੰਨਾਂ ਦੇ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਨਾ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ - Part Time Job ਦੀ ਭਾਲ 'ਚ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਕਰ ਨਾ ਬੈਠੀਓ ਅਜਿਹੀ ਗਲਤੀ
ਵਿਸ਼ਵ ਕੱਪ ਲਈ ਭਾਰਤ ਦੀ ਸੰਭਾਵਿਤ ਟੀਮ
ਬੱਲੇਬਾਜ਼: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ।
ਵਿਕਟਕੀਪਰ: ਕੇ.ਐੱਲ. ਰਾਹੁਲ, ਈਸ਼ਾਨ ਕਿਸ਼ਨ।
ਆਲਰਾਊਂਡਰ: ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ।
ਗੇਂਦਬਾਜ਼: ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8