BCCI ਦੀ ਪਾਕਿ ਨੂੰ ਫਟਕਾਰ : ''ਪਹਿਲਾਂ ਆਪਣੀ ਪੀੜ੍ਹੀ ਹੇਠ ਮਾਰੋ ਸੋਟੀ''
Wednesday, Dec 25, 2019 - 08:46 PM (IST)

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਦੇ ਸੁਰੱਖਿਆ ਦੇ ਲਿਹਾਜ਼ ਨਾਲ ਗੁਆਢੀ ਦੇਸ਼ ਭਾਰਤ ਨੂੰ ਜ਼ਿਆਦਾ ਖਤਰਨਾਕ ਦੱਸਣ ਵਾਲੇ ਬਿਆਨ ਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਖਤ ਜਵਾਬ ਦਿੰਦੇ ਹੋਏ ਕਿਹਾ ਹੈ ਕਿ 'ਪਾਕਿਸਤਾਨ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟੀ ਮਾਰੇ' ਤੇ ਆਪਣੇ ਦੇਸ਼ ਦੀ ਸੁਰੱਖਿਆ ਦੇ ਵਾਰੇ 'ਚ ਚਿੰਤਾ ਕਰੇ।
ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਮਹਿਮ ਵਰਮਾ ਨੇ ਪੀ. ਸੀ. ਬੀ. ਪ੍ਰਧਾਨ ਮਨੀ ਦੇ ਬਿਆਨ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ 'ਮਨੀ ਨੂੰ ਪਹਿਲਾਂ ਆਪਣੇ ਦੇਸ਼ ਦੀ ਸੁਰੱਖਿਆ ਦੇ ਵਾਰੇ 'ਚ ਚਿੰਤਾ ਕਰਨੀ ਚਾਹੀਦੀ ਹੈ। ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਨੂੰ ਕਾਇਮ ਰੱਖਣ 'ਚ ਬਹੁਤ ਵਧੀਆ ਨਾਲ ਸਮਰੱਥ ਹਾਂ। ਪਾਕਿਸਤਾਨ 'ਚ ਇਕ ਦਹਾਕੇ ਬਾਅਦ ਦੁਵੱਲੇ ਟੈਸਟ ਲੜੀ ਦਾ ਸਫਲ ਆਯੋਜਨ ਕਰਨ ਤੋਂ ਬਾਅਦ ਉਛਲ ਰਹੇ ਮਨੀ ਨੇ ਸੁਰੱਖਿਆ ਦੇ ਲਿਹਾਜ਼ ਨਾਲ ਗੁਆਢੀ ਦੇਸ਼ ਭਾਰਤ ਨੂੰ ਹੀ ਜ਼ਿਆਦਾ ਖਤਰਨਾਕ ਦੱਸਿਆ ਸੀ ਜਿਸ ਦੇ ਜਵਾਬ 'ਚ ਵਰਮਾ ਨੇ ਉਸ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟੀ ਮਾਰਨ ਦੀ ਸਲਾਹ ਦਿੱਤੀ ਹੈ। ਲਾਹੌਰ 'ਚ ਸ਼੍ਰੀਲੰਕਾ ਕ੍ਰਿਕਟ ਟੀਮ 'ਤੇ ਹੋਏ ਸਾਲ 2009 'ਚ ਅੱਤਵਾਦੀ ਹਮਲੇ ਦੇ ਇਕ ਦਹਾਕੇ ਬਾਅਦ ਪਾਕਿਸਤਾਨ ਦੀ ਧਰਤੀ 'ਤੇ ਟੈਸਟ ਕ੍ਰਿਕਟ ਦੀ ਵਾਪਸੀ ਹੋਈ ਹੈ। ਸਖਤ ਸੁਰੱਖਿਆ ਵਿਚਾਲੇ ਸ਼੍ਰੀਲੰਕਾ ਦੇ ਵਿਰੁੱਧ ਸੋਮਵਾਰ ਨੂੰ ਖਤਮ ਹੋਏ ਇਸ 2 ਮੈਚਾਂ ਦੀ ਲੜੀ 'ਚ ਮੇਜਬਾਨ ਟੀਮ ਨੇ 1-0 ਨਾਲ ਜਿੱਤ ਦਰਜ ਕੀਤੀ। ਪਾਕਿਸਤਾਨ ਦੀ ਹੁਣ ਜਨਵਰੀ 'ਚ ਬੰਗਲਾਦੇਸ਼ ਦੇ ਨਾਲ ਤਿੰਨ ਮੈਚਾਂ ਦੀ ਟੀ-20 ਤੇ 2 ਮੈਚਾਂ ਦੀ ਟੈਸਟ ਸੀਰੀਜ਼ ਦੀ ਮੇਜਬਾਨੀ ਕਰਨ ਦੀ ਯੋਜਨਾ ਹੈ ਪਰ ਬੰਗਲਾਦੇਸ਼ ਵਲੋਂ ਫਿਲਹਾਲ ਪਾਕਿਸਤਾਨ 'ਚ ਖੇਡਣ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੈ।