ਮੰਧਾਨਾ ਨਾਲ ਬੱਲੇਬਾਜ਼ੀ ਕਰਨੀ ਸ਼ਾਨਦਾਰ : ਪ੍ਰਤੀਕਾ ਰਾਵਲ
Friday, Sep 19, 2025 - 12:01 AM (IST)

ਮੁੱਲਾਂਪੁਰ (ਚੰਡੀਗੜ੍ਹ) (ਭਾਸ਼ਾ)- ਟਾਪ ਕ੍ਰਮ ਦੀ ਬੱਲੇਬਾਜ਼ ਪ੍ਰਤੀਕਾ ਰਾਵਲ ਦਾ ਮੰਨਣਾ ਹੈ ਕਿ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨਾਲ ਉਸ ਦਾ ਸੁਭਾਅ ਕਾਫੀ ਮਿਲਦਾ ਹੈ, ਜਿਸ ਕਾਰਨ ਉਹ ਭਾਰਤ ਨੂੰ ਲਗਾਤਾਰ ਚੰਗੀ ਸ਼ੁਰੂਆਤ ਦੇਣ ’ਚ ਸਫਲ ਰਹੀ ਹੈ। ਦਿੱਲੀ ਦੀ ਇਸ ਕ੍ਰਿਕਟਰ ਨੇ ਪਿਛਲੇ ਸਾਲ ਦਸੰਬਰ ’ਚ ਵਨਡੇ ਡੈਬਿਊ ਕੀਤਾ ਸੀ। ਉਹ ਬਹੁਤ ਘੱਟ ਸਮੇਂ ’ਚ ਟਾਪ ਕ੍ਰਮ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ਾਂ ’ਚੋਂ ਇਕ ਬਣ ਗਈ ਹੈ। ਉਸ ਨੇ ਕਿਹਾ ਕਿ ਮੰਧਾਨਾ ਵੀ ਉਸ ਦੀ ਤਰ੍ਹਾਂ ਹੀ ਅੰਤਰਮੁੱਖੀ ਹੈ ਪਰ ਉਸ ਦੇ ਵਿਚਾਲੇ ਬਹੁਤ ਵਧੀਆ ਤਾਲਮੇਲ ਹੈ।
ਪ੍ਰਤੀਕਾ ਨੇ ਕਿਹਾ ਕਿ ਉਸ ਨੂੰ ਮੰਧਾਨਾ ਨਾਲ ਬੱਲੇਬਾਜ਼ੀ ਕਰਨੀ ਚੰਗੀ ਲੱਗਦੀ ਹੈ। ਦੋਨੋਂ ਖਿਡਾਰਨਾਂ ਗੇਂਦ ਦਰ ਗੇਂਦ ਪਾਰੀ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਿਤ ਕਰਦੀਆਂ ਹਨ। ਪ੍ਰਤੀਕਾ ਨੇ ਇਥੇ ਆਸਟ੍ਰੇਲੀਆ ਖਿਲਾਫ ਪਹਿਲੇ ਵਨਡੇ ਵਿਚ ਮੰਧਾਨਾ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਅਤੇ ਦੂਸਰੇ ਮੈਚ ਵਿਚ ਵੀ ਇਸ ਸਟਾਰ ਕ੍ਰਿਕਟਰ ਨਾਲ ਪਹਿਲੀ ਵਿਕਟ ਲਈ 70 ਦੌੜਾਂ ਜੋੜੀਆਂ ਸਨ। ਭਾਰਤ ਨੇ ਇਹ ਮੈਚ ਰਿਕਾਰਡ 102 ਦੌੜਾਂ ਨਾਲ ਜਿੱਤਿਆ।