ਭਾਰਤ ਤੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਸ਼ੁਰੂਆਤੀ ਟੈਸਟ ਮੈਚ ਤੋਂ ਪਹਿਲਾਂ ਸਪਿਨਰਾਂ ਵਿਰੁੱਧ ਕੀਤਾ ਅਭਿਆਸ

Wednesday, Sep 18, 2024 - 10:21 AM (IST)

ਚੇਨਈ– ਭਾਰਤ ਤੇ ਬੰਗਲਾਦੇਸ਼ ਦੇ ਖਿਡਾਰੀਆਂ ਨੇ ਦੋ ਦਿਨਾਂ ਤੱਕ ਲਾਲ ਮਿੱਟੀ ਵਾਲੀ ਪਿੱਚ ’ਤੇ ਅਭਿਆਸ ਕਰਨ ਤੋਂ ਬਾਅਦ ਮੰਗਲਵਾਰ ਨੂੰ ਇੱਥੇ ਕਾਲੀ ਮਿੱਟੀ ਨਾਲ ਬਣੀ ਪਿੱਚ ’ਤੇ ਅਭਿਆਸ ਕੀਤਾ, ਜਿਸ ਨੂੰ ਸਪਿਨ ਗੇਂਦਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ। ਦੋ ਮੈਚਾਂ ਦੀ ਲੜੀ ਦਾ ਸ਼ੁਰੂਆਤੀ ਟੈਸਟ ਵੀਰਵਾਰ ਨੂੰ ਇੱਥੇ ਲਾਲ ਮਿੱਟੀ ਵਾਲੀ ਪਿੱਚ ’ਤੇ ਖੇਡੇ ਜਾਣ ਦੀ ਸੰਭਾਵਨਾ ਹੈ ਜਿਹੜੀ ਤੇਜ਼ ਗੇਂਦਬਾਜ਼ਾਂ ਲਈ ਜ਼ਿਆਦਾ ਮਦਦਗਾਰ ਹੁੰਦੀ ਹੈ। ਸ਼ਹਿਰ ਵਿਚ ਪਿਛਲੇ ਦੋ ਹਫਤਿਆਂ ਤੋਂ ਪੈ ਰਹੀ ਜ਼ਿਆਦਾ ਗਰਮੀ ਦੇ ਕਾਰਨ ਹਾਲਾਂਕਿ ਪਿੱਚ ਦੇ ਵਤੀਰੇ ’ਤੇ ਅਸਰ ਪੈ ਸਕਦਾ ਹੈ।
ਇਕ ਤਜਰਬੇਕਾਰ ਪਿੱਚ ਕਿਊਰੇਟਰ ਨੇ ਕਿਹਾ,‘‘ਪਿਛਲੇ ਕੁਝ ਹਫਤਿਆਂ ਤੋਂ ਚੇਨਈ ਵਿਚ ਬਹੁਤ ਗਰਮੀ ਹੈ, ਤਾਪਮਾਨ 30 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਰਿਹਾ ਹੈ। ਮੈਨੂੰ ਪਤਾ ਲੱਗਾ ਹੈ ਕਿ ਪਿੱਚ ’ਤੇ ਲੋੜੀਂਦਾ ਪਾਣੀ ਪਾਇਆ ਜਾ ਰਿਹਾ ਹੈ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ, ਜ਼ਿਆਦਾ ਗਰਮੀ ਕਾਰਨ ਪਿੱਚ ਖੁਰਦਰੀ ਹੁੰਦੀ ਜਾਵੇਗੀ। ਅਜਿਹੀ ਸਥਿਤੀ ਵਿਚ ਮੈਚ ਦੇ ਅੱਗੇ ਵਧਣ ਦੇ ਨਾਲ ਸਪਿਨਰਾਂ ਦਾ ਮਹੱਤਵ ਵੱਧ ਜਾਵੇਗਾ। ਇਹ ਹੀ ਕਾਰਨ ਹੋ ਸਕਦਾ ਹੈ ਕਿ ਬੱਲੇਬਾਜ਼ ਸਪਿਨਰਾਂ ਲਈ ਮਦਦਗਾਰ ਪਿੱਚਾਂ ’ਤੇ ਅਭਿਆਸ ਕਰ ਰਹੇ ਹਨ।’’
ਭਾਰਤੀ ਟੀਮ ਬੁੱਧਵਾਰ ਨੂੰ ਬਦਲਵੇਂ ਅਭਿਆਸ ਸੈਸ਼ਨ ਵਿਚ ਹਿੱਸਾ ਲੈ ਸਕਦੀ ਹੈ। ਟੀਮ ਨੇ ਮੰਗਲਵਾਰ ਨੂੰ ਧੁੱਪ ਤੇ ਗਰਮੀ ਨੂੰ ਦੇਖਦੇ ਹੋਏ ਅਭਿਆਸ ਸੈਸ਼ਨ ਵਿਚ ਜਮ ਕੇ ਪਸੀਨਾ ਵਹਾਇਆ। ਮੈਚ ਲਈ ਚੁਣੀ ਗਈ ਲਾਲ ਮਿੱਟੀ ਵਾਲੀ ਪਿੱਚ ਨੂੰ ਦੇਖਦੇ ਹੋਏ ਜੇਕਰ ਭਾਰਤੀ ਟੀਮ ਮੈਨੇਜਮੈਂਟ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਮੈਚ ਵਿਚ ਉਤਰੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਟੀਮ ਵਿਚ ਕੁਲਦੀਪ ਯਾਦਵ ਦੀ ਜਗ੍ਹਾ ਆਕਾਸ਼ ਦੀਪ ਜਾਂ ਯਸ਼ ਦਿਆਲ ਨੂੰ ਮੌਕਾ ਮਿਲ ਸਕਦਾ ਹੈ। ਭਾਰਤੀ ਟੀਮ ਆਸਟ੍ਰੇਲੀਆ ਦੇ ਲੰਬੇ ਦੌਰੇ ਤੋਂ ਪਹਿਲਾਂ ਟੀਮ ਦੇ ਤੇਜ਼ ਗੇਂਦਬਾਜ਼ਾਂ ਨੂੰ ਪਰਖਣਾ ਚਾਹੇਗੀ। ਬੰਗਲਾਦੇਸ਼ ਵਿਰੁੱਧ ਦੂਜਾ ਟੈਸਟ ਮੈਚ ਕਾਨਪੁਰ ਵਿਚ 27 ਸਤੰਬਰ ਤੋਂ ਖੇਡਿਆ ਜਾਵੇਗਾ ਤੇ ਟੀਮ ਵੱਲੋਂ ਇਸ ਮੁਕਾਬਲੇ ਵਿਚ ਤਿੰਨ ਸਪਿਨਰਾਂ ਨੂੰ ਖਿਡਾਉਣ ਦੀ ਪੂਰੀ ਸੰਭਾਵਨਾ ਹੋਵੇਗੀ।


Aarti dhillon

Content Editor

Related News