ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ ਹਰਾ ਕੇ ਸਪੈਨਿਸ਼ ਲੀਗ ਦਾ ਖਿਤਾਬ ਬਰਕਰਾਰ ਰੱਖਿਆ

Tuesday, May 12, 2026 - 10:35 AM (IST)

ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ ਹਰਾ ਕੇ ਸਪੈਨਿਸ਼ ਲੀਗ ਦਾ ਖਿਤਾਬ ਬਰਕਰਾਰ ਰੱਖਿਆ

ਬਾਰਸੀਲੋਨਾ- ਬਾਰਸੀਲੋਨਾ ਨੇ ਐਤਵਾਰ ਨੂੰ ਕੈਂਪ ਨੋਊ ’ਚ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਨੂੰ 2-0 ਨਾਲ ਹਰਾ ਕੇ ਲਗਾਤਾਰ ਦੂਜੀ ਤੇ ਕੁੱਲ ਮਿਲਾ ਕੇ 29ਵੀਂ ਵਾਰ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਲਾ ਲਿਗਾ ਦਾ ਖਿਤਾਬ ਜਿੱਤਿਆ। ਮਾਰਕਸ ਰੈਸ਼ਫੋਰਡ ਵੱਲੋਂ 9ਵੇਂ ਮਿੰਟ ਤੇ ਫੇਰਾਨ ਟੋਰੇਸ ਵੱਲੋਂ 18ਵੇਂ ਮਿੰਟ ’ਚ ਕੀਤੇ ਗਏ ਗੋਲ ਨੇ ਬਾਰਸੀਲੋਨਾ ਦੀ ਜਿੱਤ ਯਕੀਨੀ ਕੀਤੀ। ਇਸ ਨਾਲ ਉਸ ਨੇ ਲਾ ਲਿਗਾ ਦੇ ਤਿੰਨ ਦੌਰ ਦੇ ਮੈਚ ਬਾਕੀ ਰਹਿੰਦੇ ਹੋਏ ਰੀਅਲ ਮੈਡ੍ਰਿਡ ’ਤੇ 14 ਅੰਕਾਂ ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਹੁਣ ਬਾਰਸੀਲੋਨਾ ਦੇ 35 ਮੈਚਾਂ ’ਚੋਂ 91 ਤੇ ਰੀਅਲ ਮੈਡ੍ਰਿਡ ਦੇ ਇੰਨੇ ਹੀ ਮੈਚਾਂ ’ਚ 77 ਅੰਕ ਹਨ।

ਬਾਰਸੀਲੋਨਾ ਦਾ ਕੋਚ ਹਾਂਸੀ ਫਲਿੱਕ ਐਤਵਾਰ ਨੂੰ ਖੇਡੇ ਗਏ ਇਸ ਕਲਾਸਿਕੋ ਮੈਚ ’ਚ ਆਪਣੇ ਪਿਤਾ ਦੇ ਦਿਹਾਂਤ ਦੇ ਬਾਵਜੂਦ ਡਗਆਊਟ ’ਚ ਮੌਜੂਦ ਸੀ। ਬਾਰਸੀਲੋਨਾ ਨੇ ਮੈਚ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਦੇ ਪਿਤਾ ਦੇ ਦਿਹਾਂਤ ਦਾ ਐਲਾਨ ਕੀਤਾ ਸੀ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਕਾਲੀ ਪੱਟੀ ਬੰਨ੍ਹੀ ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਕ ਮਿੰਟ ਦਾ ਮੌਨ ਰੱਖਿਆ। ਜੇਕਰ ਇਹ ਮੈਚ ਡਰਾਅ ਵੀ ਹੋ ਜਾਂਦਾ ਤਾਂ ਬਾਰਸੀਲੋਨਾ ਲਈ ਚਾਰ ਸੈਸ਼ਨ ’ਚ ਆਪਣਾ ਤੀਜਾ ਲੀਗ ਖਿਤਾਬ ਹਾਸਲ ਕਰਨ ਲਈ ਕਾਫੀ ਹੁੰਦਾ। ਰੀਅਲ ਮੈਡ੍ਰਿਡ ਨੇ ਲਾ ਲਿਗਾ ’ਚ ਰਿਕਾਰਡ 36 ਖਿਤਾਬ ਜਿੱਤੇ ਹਨ ਪਰ ਉਹ ਲਗਾਤਾਰ ਦੂਜੇ ਸਾਲ ਕੋਈ ਵੱਡੀ ਟਰਾਫੀ ਨਹੀਂ ਜਿੱਤ ਸਕਿਆ।

ਬਾਰਸੀਲੋਨਾ ਨੇ ਮੈਚ ’ਚ ਸ਼ੁਰੂ ਤੋਂ ਹੀ ਦਬਦਬਾ ਬਣਾ ਲਿਆ ਸੀ। ਉਸ ਨੇ ਸ਼ੁਰੂ ’ਚ ਬੜ੍ਹਤ ਹਾਸਲ ਕਰਨ ਤੋਂ ਬਾਅਦ ਰੀਅਲ ਮੈਡ੍ਰਿਡ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਉਸ ਦੀ ਰੱਖਿਆ ਲਾਈਨ ਨੇ ਰੀਅਲ ਮੈਡ੍ਰਿਡ ਦੇ ਹਮਲਿਆਂ ਨੂੰ ਅਸਫਲ ਕਰਨ ’ਚ ਅਹਿਮ ਭੂਮਿਕਾ ਨਿਭਾਈ। ਰੈਸ਼ਫੋਰਡ ਨੇ ਫ੍ਰੀ ਕਿੱਕ ’ਤੇ ਬਾਰਸੀਲੋਨਾ ਲਈ ਪਹਿਲਾ ਗੋਲ ਕੀਤਾ, ਜਦਕਿ ਟੋਰੇਸ ਨੇ ਡੈਨੀ ਓਲਮੋ ਦੇ ਪਾਸ ’ਤੇ ਪੈਨਲਟੀ ਏਰੀਆ ਦੇ ਅੰਦਰੋਂ ਗੋਲ ਕਰਕੇ ਸਕੋਰ 2-0 ਕਰ ਦਿੱਤਾ ਜਿਹੜਾ ਆਖਿਰ ਤੱਕ ਬਰਕਰਾਰ ਰਿਹਾ।


author

Tarsem Singh

Content Editor

Related News