BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ
Monday, Nov 29, 2021 - 08:28 PM (IST)
ਚਟਗਾਓ- ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਆਫਰੀਦੀ (32 ਦੌੜਾਂ 'ਤੇ ਪੰਜ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਦੂਜੀ ਪਾਰੀ ਵਿਚ 157 ਦੌੜਾਂ 'ਤੇ ਢੇਰ ਕਰ ਦਿੱਤਾ। ਪਾਕਿਸਤਾਨ ਨੂੰ ਜਿੱਤ ਦੇ ਲਈ 202 ਦੌੜਾਂ ਦਾ ਟੀਚਾ ਮਿਲਿਆ, ਜਿਸਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ ਆਪਣੇ ਸਲਾਮੀ ਬੱਲੇਬਾਜ਼ਾਂ ਦੇ ਵਿਚ 109 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੇ ਦਮ 'ਤੇ ਆਪਣੇ ਲਈ ਜਿੱਤ ਦੀ ਉਮੀਦ ਜਗਾ ਲਈ ਹੈ। ਮੈਚ ਵਿਚ ਇਕ ਦਿਨ ਦਾ ਖੇਡ ਬਾਕੀ ਹੈ ਤੇ ਪਾਕਿਸਤਾਨ ਨੂੰ ਹੁਣ ਜਿੱਤ ਦੇ ਲਈ 93 ਦੌੜਾਂ ਦੀ ਜ਼ਰੂਰਤ ਹੈ।
ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ
ਬੰਗਲਾਦੇਸ਼ ਨੂੰ ਪਹਿਲੀ ਪਾਰੀ ਵਿਚ 44 ਦੌੜਾਂ ਦੀ ਬੜ੍ਹਤ ਹਾਸਲ ਹੋਈ ਸੀ ਪਰ ਦੂਜੀ ਪਾਰੀ ਵਿਚ ਬੰਗਲਾਦੇਸ਼ ਨੇ ਲੜਖੜਾਉਂਦੀ ਸ਼ੁਰੂਆਤ ਕਰਦੇ ਹੋਏ ਆਪਣੀਆਂ ਚਾਰ ਵਿਕਟਾਂ ਸਿਰਫ 39 ਦੌੜਾਂ ਤੱਕ ਗੁਆ ਦਿੱਤੀਆਂ ਸਨ ਤੇ ਅੱਜ ਚੌਥੇ ਦਿਨ ਉਸਦੀ ਪਾਰੀ 157 ਦੌੜਾਂ 'ਤੇ ਢੇਰ ਹੋ ਗਈ। ਪਹਿਲੀ ਪਾਰੀ ਵਿਚ ਸੈਂਕੜਾ ਲਗਾਉਣ ਵਾਲੇ ਲਿਟਨ ਕੁਮਾਰ ਦਾਸ ਨੇ ਦੂਜੀ ਪਾਰੀ ਵਿਚ ਵੀ ਹੁਨਰ ਦਿਖਾਇਆ ਤੇ 89 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 59 ਦੌੜਾਂ ਬਣਾਈਆਂ। ਆਫਰੀਦੀ ਨੇ 15 ਓਵਰਾਂ ਵਿਚ 32 ਦੌੜਾਂ 'ਤੇ ਪੰਜ ਵਿਕਟਾਂ ਹਾਸਲ ਕੀਤੀਆਂ ਜਦਕਿ ਆਪਣਾ ਤੀਜਾ ਮੈਚ ਖੇਡ ਰਹੇ ਆਫ ਸਪਿਨਰ ਸਾਜਿਦ ਖਾਨ ਨੇ 33 ਦੌੜਾਂ 'ਤੇ ਤਿੰਨ ਵਿਕਟਾਂ ਤੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ 52 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੇ ਓਪਨਰਾਂ ਆਬਿਦ ਅਲੀ ਤੇ ਅਬਦੁੱਲਾਹ ਸ਼ਫੀਕ ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੇ ਤੇ ਦਿਨ ਦਾ ਖੇਡ ਖਤਮ ਹੋਣ ਤੱਕ ਓਪਨਿੰਗ ਸਾਂਝੇਦਾਰੀ ਵਿਚ 109 ਦੌੜਾਂ ਜੋੜੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।