ਬਾਬਰ ਆਜ਼ਮ ਫਿਰ ਬਣਿਆ ਪਾਕਿਸਤਾਨ ਦਾ ਟੈਸਟ ਕਪਤਾਨ
Monday, Jul 06, 2026 - 11:37 AM (IST)
ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਐਤਵਾਰ ਨੂੰ ਸ਼ਾਨ ਮਸੂਦ ਨੂੰ ਟੈਸਟ ਟੀਮ ਦੀ ਕਪਤਾਨੀ ਤੋਂ ਬਰਖਾਸਤ ਕਰਕੇ ਉਸ ਦੀ ਜਗ੍ਹਾ ਬਾਬਰ ਆਜ਼ਮ ਨੂੰ ਫਿਰ ਤੋਂ ਕਮਾਨ ਸੌਂਪੀ ਹੈ। ਮਸੂਦ ਨੂੰ ਕਪਤਾਨੀ ਅਹੁਦੇ ਤੋਂ ਹਟਾਉਣਾ ਤੈਅ ਲੱਗ ਰਿਹਾ ਸੀ ਕਿਉਂਕਿ ਪਾਕਿਸਤਾਨ ਨੇ ਉਸ ਦੀ ਕਪਤਾਨੀ ’ਚ ਜਿਹੜੇ 18 ਟੈਸਟ ਮੈਚ ਖੇਡੇ ਉਨ੍ਹਾਂ ’ਚੋਂ 12 ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਸੂਦ ਨੇ 2023 ਦੇ ਸ਼ੁਰੂ ’ਚ ਬਾਬਰ ਤੋਂ ਕਪਤਾਨੀ ਸੰਭਾਲੀ ਸੀ। ਚੋਣਕਾਰ ਆਕਿਬ ਜਾਵੇਦ ਨੇ ਲਾਹੌਰ ’ਚ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਕ ਅਜਿਹੇ ਕਪਤਾਨ ਦੀ ਭਾਲ ’ਚ ਸੀ ਜਿਹੜਾ ਟੀਮ ਦੀ ਬਿਹਤਰ ਅਗਵਾਈ ਕਰ ਸਕੇ। ਸ਼ਾਨ ਦਾ ਨਿੱਜੀ ਪ੍ਰਦਰਸ਼ਨ ਚੰਗਾ ਸੀ ਪਰ ਕਪਤਾਨ ਦੇ ਤੌਰ ’ਤੇ ਸਾਨੂੰ ਉਮੀਦਾਂ ਅਨੁਸਾਰ ਨਤੀਜੇ ਨਹੀਂ ਮਿਲ ਰਹੇ ਸਨ।’’
ਉਸ ਨੇ ਕਿਹਾ ਕਿ ਬਾਬਰ ਨੂੰ ਕਪਤਾਨ ਨਿਯੁਕਤ ਕਰਨ ਲਈ ਚੋਣ ਕਮੇਟੀ ਦੇ ਸਾਰੇ ਮੈਂਬਰ ਇਕਮਤ ਸਨ ਤੇ ਕਿਸੇ ਹੋਰ ਖਿਡਾਰੀ ਦੇ ਨਾਂ ’ਤੇ ਚਰਚਾ ਨਹੀਂ ਕੀਤੀ ਗਈ।
ਮਸੂਦ ਦੀ ਕਪਤਾਨੀ ’ਚ ਪਾਕਿਸਤਾਨ ਨੂੰ ਪਹਿਲੀ ਲੜੀ ’ਚ ਹੀ ਆਸਟ੍ਰੇਲੀਆ ਨੇ 3-0 ਨਾਲ ਹਰਾ ਦਿੱਤਾ ਸੀ। ਇਸ ਤੋਂ ਬਾਅਦ ਉਸ ਦਾ ਪ੍ਰਦਰਸ਼ਨ ਲਗਾਤਾਰ ਖਰਾਬ ਰਿਹਾ ਤੇ ਉਸ ਨੂੰ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ ’ਤੇ ਬੰਗਲਾਦੇਸ਼ ਹੱਥੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਸੂਦ ਦੇ ਕਪਤਾਨ ਰਹਿੰਦਿਆਂ ਪਾਕਿਸਤਾਨ ਨੇ ਇਕਲੌਤੀ ਲੜੀ ਇੰਗਲੈਂਡ ਵਿਰੁੱਧ ਆਪਣੀ ਘਰੇਲੂ ਧਰਤੀ ’ਤੇ 2-1 ਨਾਲ ਜਿੱਤੀ ਸੀ। ਪਾਕਿਸਤਾਨ ਪਿਛਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਰਿਹਾ ਸੀ। ਆਪਣੀ ਕਪਤਾਨੀ ਦੌਰਾਨ ਮਸੂਦ ਨੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ ਇਸ ਦੌਰਾਨ 2 ਸੈਂਕੜੇ ਤੇ 7 ਅਰਧ ਸੈਂਕੜੇ ਬਣਾਏ।
ਮਸੂਦ ਨੂੰ ਕਪਤਾਨੀ ਸੌਂਪੇ ਜਾਣ ਤੋਂ ਪਹਿਲਾਂ ਬਾਬਰ ਨੇ ਪਾਕਿਸਤਾਨ ਨੂੰ 20 ਟੈਸਟ ਮੈਚਾਂ ’ਚ 10 ਜਿੱਤ ਦਿਵਾਈ ਸੀ। ਬਾਬਰ ਦੇ ਕਪਤਾਨੀ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਇਸ ਮਹੀਨੇ ਦੇ ਅੰਤ ’ਚ ਵੈਸਟਇੰਡੀਜ਼ ’ਚ ਹੋਣ ਵਾਲੀ 2 ਟੈਸਟ ਮੈਚਾਂ ਦੀ ਲੜੀ ਤੋਂ ਹੋਵੇਗੀ, ਜਿਸ ਲਈ ਪਾਕਿਸਤਾਨ ਨੇ ਮਸੂਦ ਨੂੰ 16 ਖਿਡਾਰੀਆਂ ’ਚ ਸ਼ਾਮਲ ਕੀਤਾ ਹੈ।
ਪਾਕਿਸਤਾਨ ਦੀ ਟੀਮ : ਬਾਬਰ ਆਜ਼ਮ (ਕਪਤਾਨ), ਆਮਿਰ ਜਮਾਲ, ਅਬਦੁੱਲਾ ਫਜ਼ਲ, ਅਲੀ ਉਸਮਾਨ, ਅਜ਼ਾਨ ਅਵੈਸ, ਇਮਾਮੁਲ ਹੱਕ, ਖੁਰਰਮ ਸ਼ਹਿਜ਼ਾਦ, ਮੁਹੰਮਦ ਅੱਬਾਸ, ਮੁਹੰਮਦ ਅਲੀ, ਮੁਹੰਮਦ ਰਿਜ਼ਵਾਨ, ਅਵੈਸ ਜ਼ਫਰ, ਗਾਜ਼ੀ ਗੋਰੀ, ਸਾਜਿਦ ਖਾਨ, ਸਲਮਾਨ ਅਲੀ ਆਗਾ, ਸ਼ਾਨ ਮਸੂਦ, ਉਬੈਦ ਸ਼ਾਹ।
