ਜਵੇਰੇਵ ਤੇ ਸਿਨੇਰ ਵਿਚਾਲੇ ਹੋਵੇਗਾ ਆਸਟ੍ਰੇਲੀਅਨ ਓਪਨ ਦਾ ਫਾਈਨਲ
Saturday, Jan 25, 2025 - 04:30 PM (IST)
ਮੈਲਬੋਰਨ- ਨੋਵਾਕ ਜੋਕੋਵਿਚ ਜ਼ਖ਼ਮੀ ਹੋਣ ਕਾਰਨ ਸ਼ੁੱਕਰਵਾਰ ਨੂੰ ਇੱਥੇ ਅਲੈਗਜ਼ੈਂਡਰ ਜਵੇਰੇਵ ਵਿਰੁੱਧ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਦਾ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਮੈਚ ਵਿਚੋਂ ਹਟ ਗਿਆ ਤੇ ਕੋਰਟ ਤੋਂ ਜਾਂਦੇ ਸਮੇਂ ਦਰਸ਼ਕਾਂ ਦੀ ਹੂਟਿੰਗ ਵੀ ਉਸ ਨੂੰ ਝੱਲਣੀ ਪਈ।
ਜੋਕੋਵਿਚ ਨੇ ਪਹਿਲਾ ਸੈੱਟ ਟਾਈਬ੍ਰੇਕ ਵਿਚ 7-6 (5) ਨਾਲ ਗੁਆ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਨੈੱਟ ਦੇ ਚਾਰੇ ਪਾਸੇ ਚੱਕਰ ਲਾਇਆ ਤੇ ਮੈਚ ਵਿਚੋਂ ਹਟਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਨਾਲ ਜਵੇਰੇਵ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। 27 ਸਾਲਾ ਜੋਕੋਵਿਚ ਨੇ ਆਪਣਾ ਰੈਕੇਟ ਪੈਕ ਕੀਤਾ ਤੇ ਲਾਕਰ ਰੂਮ ਵੱਲ ਵਧਿਆ, ਫਿਰ ਕੁਝ ਸੈਕੰਡ ਰੁਕਿਆ ਤੇ ਹੂਟਿੰਗ ਕਰ ਰਹੇ ਮੈਲਬੋਰਨ ਪਾਰਕ ਦੇ ਦਰਸ਼ਕਾਂ ਨੂੰ ‘ਥਮਸ ਅਪ’ ਦਿਖਾ ਕੇ ਜਵਾਬ ਦਿੱਤਾ। ਕਾਰਲੋਸ ਅਲਕਾਰਾਜ਼ ਵਿਰੁੱਧ ਕੁਆਰਟਰ ਫਾਈਨਲ ਮੈਚ ਦੌਰਾਨ ਜੋਕੋਵਿਚ ਦੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ।
ਜੋਕੋਵਿਚ ਨੇ ਬਾਅਦ ਵਿਚ ਆਪਣੇ ਪੈਰ ਵਿਚ ਦਰਦ ਦਾ ਜ਼ਿਕਰ ਕਰਦੇ ਹੋਏ ਕਿਹਾ,‘‘ਇਹ ਹੋਰ ਵੀ ਬਦਤਰ ਹੁੰਦਾ ਜਾ ਰਿਹਾ ਸੀ। ਮੈਂ ਜੇਕਰ ਪਹਿਲਾ ਸੈੱਟ ਜਿੱਤ ਵੀ ਜਾਂਦਾ ਤਦ ਵੀ ਮੇਰੇ ਲਈ ਅੱਗੇ ਖੇਡਣਾ ਮੁਸ਼ਕਿਲ ਹੁੰਦਾ।’’ ਹੁਣ ਦੂਜੀ ਰੈਂਕਿੰਗ ਜਵੇਰੇਵ ਦਾ ਸਾਹਮਣਾ ਐਤਵਾਰ ਨੂੰ ਦੁਨੀਆ ਦੇ ਨੰਬਰ ਇਕ ਖਿਡਾਰੀ ਤੇ ਸਾਬਕਾ ਚੈਂਪੀਅਨ ਯਾਨਿਕ ਸਿਨਰ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੇ ਸ਼ੈਲਟਨ ਨੂੰ 7-6, 6-2, 6-2 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ।