ਆਸਟ੍ਰੇਲੀਆ ਨੇ ਸਿਡਨੀ ਟੈਸਟ 5 ਵਿਕਟਾਂ ਨਾਲ ਜਿੱਤ ਕੇ ਏਸ਼ੇਜ਼ ਸੀਰੀਜ਼ ''ਤੇ 4-1 ਨਾਲ ਕੀਤਾ ਕਬਜ਼ਾ
Thursday, Jan 08, 2026 - 01:28 PM (IST)
ਸਿਡਨੀ : ਆਸਟ੍ਰੇਲੀਆ ਨੇ ਸਿਡਨੀ ਵਿੱਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਏਸ਼ੇਜ਼ ਸੀਰੀਜ਼ 4-1 ਨਾਲ ਆਪਣੇ ਨਾਮ ਕਰ ਲਈ ਹੈ। ਖੇਡ ਦੇ ਪੰਜਵੇਂ ਅਤੇ ਆਖਰੀ ਦਿਨ ਇੰਗਲੈਂਡ ਦੀ ਟੀਮ ਆਪਣੀ ਦੂਜੀ ਪਾਰੀ ਵਿੱਚ 342 ਦੌੜਾਂ ਬਣਾ ਕੇ ਆਊਟ ਹੋ ਗਈ, ਜਿਸ ਕਾਰਨ ਆਸਟ੍ਰੇਲੀਆ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਮਿਲਿਆ। ਹਾਲਾਂਕਿ ਲਗਾਤਾਰ ਵਿਕਟਾਂ ਡਿੱਗਣ ਅਤੇ ਇੱਕ ਵਿਵਾਦਪੂਰਨ ਡੀਆਰਐੱਸ (DRS) ਸਮੀਖਿਆ ਕਾਰਨ ਮੈਚ ਵਿੱਚ ਤਣਾਅ ਵਧ ਗਿਆ ਸੀ, ਪਰ ਐਲੇਕਸ ਕੈਰੀ ਨੇ ਅਜੇਤੂ ਰਹਿੰਦੀਆਂ ਦੌੜਾਂ ਬਣਾ ਆਸਟ੍ਰੇਲੀਆ ਨੂੰ 31 ਓਵਰਾਂ ਵਿੱਚ ਟੀਮ ਨੂੰ 161/5 ਦੇ ਸਕੋਰ ਤੱਕ ਪਹੁੰਚਾ ਕੇ ਸ਼ਾਨਦਾਰ ਜਿੱਤ ਦਿਵਾਈ।
ਇਹ ਮੈਚ 39 ਸਾਲਾ ਦਿੱਗਜ ਖਿਡਾਰੀ ਉਸਮਾਨ ਖਵਾਜਾ ਲਈ ਬਹੁਤ ਯਾਦਗਾਰ ਰਿਹਾ, ਕਿਉਂਕਿ ਉਨ੍ਹਾਂ ਨੇ ਇਸ ਜਿੱਤ ਦੇ ਨਾਲ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਸੀਰੀਜ਼ ਦੇ ਪਹਿਲੇ ਤਿੰਨ ਮੈਚ ਜਿੱਤ ਕੇ ਪਹਿਲਾਂ ਹੀ ਏਸ਼ੇਜ਼ ਟਰਾਫੀ ਆਪਣੇ ਕੋਲ ਬਰਕਰਾਰ ਰੱਖੀ ਸੀ, ਜਦਕਿ ਇੰਗਲੈਂਡ ਨੂੰ ਸਿਰਫ ਮੈਲਬੌਰਨ ਵਿੱਚ ਖੇਡੇ ਗਏ ਚੌਥੇ ਟੈਸਟ ਵਿੱਚ ਹੀ ਜਿੱਤ ਹਾਸਲ ਹੋਈ ਸੀ। ਇਸ ਸੀਰੀਜ਼ ਦੀ ਜਿੱਤ ਨੇ ਇੱਕ ਵਾਰ ਫਿਰ ਕ੍ਰਿਕਟ ਜਗਤ ਵਿੱਚ ਆਸਟ੍ਰੇਲੀਆਈ ਦਬਦਬੇ ਨੂੰ ਸਾਬਤ ਕਰ ਦਿੱਤਾ ਹੈ।
