ਐਸਟਨ ਵਿਲਾ ਯੂਰੋਪਾ ਲੀਗ ਦੇ ਫਾਈਨਲ ’ਚ
Saturday, May 09, 2026 - 11:10 AM (IST)
ਸਪੋਰਟਸ ਡੈਸਕ- ਜਾਨ ਮੈਕਗਿਨ ਦੇ 2 ਗੋਲਾਂ ਦੀ ਮਦਦ ਨਾਲ ਐਸਟਨ ਵਿਲਾ ਨੇ ਨਾਟਿੰਘਮ ਫਾਰੈਸਟ ਨੂੰ ਸੈਮੀਫਾਈਨਲ ਦੇ ਦੂਜੇ ਪੜਾਅ ’ਚ 4-0 ਨਾਲ ਹਰਾ ਕੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਇਹ ਪਿਛਲੇ 44 ਸਾਲਾਂ ’ਚ ਪਹਿਲਾ ਮੌਕਾ ਹੈ ਜਦੋਂ ਐਸਟਨ ਵਿਲਾ ਨੇ ਯੂਰਪ ਦੇ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ।
ਇੰਗਲੈਂਡ ਦੀਆਂ 2 ਟੀਮਾਂ ਵਿਚਾਲੇ ਖੇਡੇ ਗਏ ਸੈਮੀਫਾਈਨਲ ’ਚ ਐਸਟਨ ਵਿਲਾ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਏ ਰੱਖਿਆ ਸੀ। ਉਹ ਸੈਮੀਫਾਈਨਲ ਦੇ ਪਹਿਲੇ ਪੜਾਅ ’ਚ 0-1 ਨਾਲ ਹਾਰ ਗਿਆ ਸੀ ਪਰ ਆਖਿਰ ’ਚ 4-1 ਦੇ ਕੁੱਲ ਸਕੋਰ ਨਾਲ ਜਿੱਤ ਦਰਜ ਕਰਨ ’ਚ ਸਫਲ ਰਿਹਾ। ਐਸਟਨ ਵਿਲਾ 20 ਮਈ ਨੂੰ ਇਸਤਾਂਬੁਲ ’ਚ ਹੋਣ ਵਾਲੇ ਫਾਈਨਲ ’ਚ ਜਰਮਨ ਕਲੱਬ ਫ੍ਰੀਬਰਗ ਨਾਲ ਭਿੜੇਗਾ। ਫ੍ਰੀਬਰਗ ਨੇ ਸੈਮੀਫਾਈਨਲ ਦੇ ਦੂਜੇ ਪੜਾਅ ’ਚ ਬ੍ਰਾਗਾ ਨੂੰ 3-1 ਨਾਲ ਹਰਾ ਕੇ ਕੁੱਲ 4-3 ਨਾਲ ਜਿੱਤ ਹਾਸਲ ਕੀਤੀ। ਐਸਟਨ ਵਿਲਾ 1982 ’ਚ ਯੂਰੋਪਾ ਕੱਪ ’ਚ ਬਾਇਰਨ ਮਿਊਨਿਖ ’ਤੇ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਯੂਰਪ ਦੇ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ ’ਚ ਖੇਡੇਗਾ।
