ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ : ਦਹੀਆ ਨੂੰ ਸੋਨ, ਬਜਰੰਗ ਨੂੰ ਚਾਂਦੀ ਨਾਲ ਸੰਤੋਸ਼

02/22/2020 10:54:27 PM

ਨਵੀਂ ਦਿੱਲੀ- ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਰਵੀ ਕੁਮਾਰ ਨੇ ਸ਼ਨੀਵਾਰ ਨੂੰ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਇੱਥੇ ਇੰਦਰਾ ਗਾਂਧੀ ਸਟੇਡੀਅਮ ਦੇ ਕੇ. ਡੀ. ਜਾਧਵ ਕੁਸ਼ਤੀ ਹਾਲ ਵਿਚ ਚੱਲ ਰਹੀ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸਿਪ ਵਿਚ 57 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਸੋਨ ਤਮਗਾ ਜਿੱਤ ਕੇ ਦੇਸ਼ ਨੂੰ ਸਨਮਾਨਿਤ ਕਰ ਦਿੱਤਾ, ਜਦਕਿ ਬਜਰੰਗ ਪੂਨੀਆ, ਗੌਰਵ ਬਾਲਿਆਨ ਤੇ ਸਤਿਆਵ੍ਰਤ ਕਾਦਿਆਨ ਨੇ ਦੇਸ਼ ਨੂੰ ਚਾਂਦੀ ਤਮਗਾ ਦਿਵਾਇਆ।
ਭਾਰਤ ਦੇ ਚਾਰ ਪਹਿਲਵਾਨ ਰਵੀ (57 ਕਿ. ਗ੍ਰਾ.), ਬਜਰੰਗ (65), ਗੌਰਵ (79) ਤੇ ਸਤਿਆਵ੍ਰਤ (97) ਫਾਈਨਲ ਵਿਚ ਪਹੁੰਚੇ ਪਰ ਬਜਰੰਗ, ਗੌਰਵ ਤੇ ਸਤਿਆਵ੍ਰਤ ਤਿੰਨਾਂ ਨੂੰ ਫਾਈਨਲ ਵਿਚ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਇਨ੍ਹਾਂ ਦੀ ਹਾਰ ਨਾਲ ਫੈਲੀ ਨਿਰਾਸ਼ਾ ਵਿਚਾਲੇ ਰਵੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਸੋਨ ਤਮਗਾ ਜਿੱਤ ਕੇ ਹੀਰੋ ਬਣ ਗਿਆ। ਰਵੀ ਨੇ ਫਾਈਨਲ ਵਿਚ ਤਾਜਿਕਸਤਾਨ ਦੇ ਹਿਕਮਾਤੁਲੋ ਵੋਹਿਦੋਵ ਨੂੰ 10-0 ਨਾਲ ਹਰਾ ਕੇ ਪੂਰੇ ਸਟੇਡੀਅਮ ਵਿਚ ਖੁਸ਼ੀ ਦਾ ਮਾਹੌਲ ਬਣਾ ਦਿੱਤਾ। ਪੁਰਸ਼ ਫ੍ਰੀ ਸਟਾਈਲ ਮੁਕਾਬਲਿਆਂ ਵਿਚ ਭਾਰਤ ਦਾ ਇਹ ਪਹਿਲਾ ਤੇ ਇਸ ਪ੍ਰਤੀਯੋਗਿਤਾ ਵਿਚ 5ਵਾਂ ਸੋਨ ਤਮਗਾ ਸੀ।

PunjabKesari
ਭਾਰਤ ਨੇ ਚੈਂਪੀਅਨਸ਼ਿਪ ਵਿਚ ਗ੍ਰੀਕੋ ਰੋਮਨ ਸ਼ੈਲੀ ਵਿਚ 1 ਸੋਨ ਤੇ 4 ਕਾਂਸੀ ਸਮੇਤ ਕੁਲ 5 ਤਮਗੇ ਅਤੇ ਮਹਿਲਾ ਪਹਿਲਵਾਨਾਂ ਨੇ 3 ਸੋਨ, 2 ਚਾਂਦੀ ਤੇ 3 ਕਾਂਸੀ ਸਮੇਤ ਕੁਲ 8 ਤਮਗੇ ਜਿੱਤੇ ਹਨ। ਭਾਰਤ ਨੇ ਪੁਰਸ਼ ਫ੍ਰੀ ਸਟਾਈਲ ਵਿਚ 1 ਸੋਨ ਤੇ 3 ਚਾਂਦੀ ਤਮਗੇ ਜਿੱਤ ਲਏ ਹਨ। ਭਾਰਤ ਦੇ ਹੁਣ ਤਕ 5 ਸੋਨ, 5 ਚਾਂਦੀ ਤੇ 7 ਕਾਂਸੀ ਸਮੇਤ ਕੁਲ 17 ਤਮਗੇ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਜਾਪਾਨ ਤੇ ਈਰਾਨ ਤੋਂ ਬਾਅਦ ਤੀਜੇ ਸਥਾਨ 'ਤੇ ਹੈ।
ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਲਈ ਭਾਰਤ ਦੀ ਸਭ ਤੋਂ ਵੱਡੀ ਤਮਗਾ ਉਮੀਦ ਬਜਰੰਗ ਨੇ 65 ਕਿ. ਗ੍ਰਾ. ਦੇ ਫਾਈਨਲ ਵਿਚ ਨਿਰਾਸ਼ ਕੀਤਾ ਤੇ ਜਾਪਾਨ ਦੇ ਤਾਕੁਤੋ ਓਤੋਗੁਰੋ ਹੱਥੋਂ ਇਕਪਾਸੜ ਅਦੰਾਜ਼ ਵਿਚ 2-10 ਨਾਲ ਹਾਰ ਗਿਆ। ਬਜਰੰਗ ਨੇ ਪਿਛਲੀ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਤੇ ਇਸ ਵਾਰ ਉਹ ਚਾਂਦੀ ਤਮਗੇ ਤਕ ਹੀ ਪਹੁੰਚ ਸਕਿਆ। 79 ਕਿ. ਗ੍ਰਾ.  ਦੇ ਫਾਈਨਲ ਵਿਚ ਗੌਰਵ  ਕ੍ਰਿਗਿਸਤਾਨ ਦੇ ਅਰਸਲਾਨ ਬੁਦਾਝਾਪੋਵ ਨਾਲ ਭਿੜਿਆ ਤੇ ਉਸ ਨੂੰ ਸਖਤ ਮੁਕਾਬਲੇ ਵਿਚ 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਤਿਆਵ੍ਰਤ (97 ਕਿ. ਗ੍ਰਾ.)  ਨੂੰ ਫਾਈਨਲ ਵਿਚ ਈਰਾਨ ਦੇ ਮੁਜਤਬਾ ਮੋਹਮਮਦਸ਼ਫੀ ਨੇ 10-0 ਨਾਲ ਦੇ ਫਰਕ ਨਾਲ ਹਰਾ ਕੋ ਸੋਨ ਤਮਗਾ ਜਿੱਤ ਲਿਆ।

 

 

Gurdeep Singh

Content Editor

Related News