ਏਸ਼ੀਆਡ ਸੋਨ ਤਮਗਾ ਜੇਤੂ ਬਹਾਦੁਰ ਸਿੰਘ ਸਾਗੂ ਬਣੇ ਏ. ਐੱਫ. ਆਈ. ਮੁਖੀ

Wednesday, Jan 08, 2025 - 11:34 AM (IST)

ਏਸ਼ੀਆਡ ਸੋਨ ਤਮਗਾ ਜੇਤੂ ਬਹਾਦੁਰ ਸਿੰਘ ਸਾਗੂ ਬਣੇ ਏ. ਐੱਫ. ਆਈ. ਮੁਖੀ

ਚੰਡੀਗੜ੍ਹ– ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੇ ਸ਼ਾਟਪੁੱਟ ਦੇ ਸਾਬਕਾ ਖਿਡਾਰੀ ਬਹਾਦੁਰ ਸਿੰਘ ਸਾਗੂ ਨੂੰ ਮੰਗਲਵਾਰ ਨੂੰ ਇੱਥੇ ਸਾਲਾਨਾ ਆਮ ਮੀਟਿੰਗ (ਏ. ਜੀ. ਐੱਮ.) ਵਿਚ ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਦਾ ਨਿਰਵਿਰੋਧ ਮੁਖੀ ਚੁਣਿਆ ਗਿਆ। ਉਹ ਲੰਬੇ ਸਮੇਂ ਤੋਂ ਚੋਟੀ ਦੇ ਅਹੁਦੇ ’ਤੇ ਕਾਬਜ਼ ਆਦਿਲ ਸੁਮਰਿਵਾਲਾ ਦੀ ਜਗ੍ਹਾ ਲੈਣਗੇ।

ਬੁਸਾਨ ਏਸ਼ੀਆਈ ਖੇਡਾਂ 2002 ਵਿਚ ਸ਼ਾਟਪੁੱਟ ਵਿਚ ਸੋਨ ਤਮਗਾ ਜਿੱਤਣ ਅਤੇ 2000 ਤੇ 2004 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੇ 51 ਸਾਲਾ ਸਾਗੂ ਨੂੰ 4 ਸਾਲ (2025 ਤੋਂ 2029) ਲਈ ਇਸ ਅਹੁਦੇ ’ਤੇ ਚੁਣਿਆ ਗਿਆ। ਉਹ ਏ. ਐੱਫ. ਆਈ. ਐਥਲੀਟ ਕਮਿਸ਼ਨ ਦੇ ਮੈਂਬਰ ਵੀ ਹਨ।

ਸੀਨੀਅਰ ਉਪ ਮੁਖੀ ਅੰਜੂ ਬੌਬੀ ਜਾਰਜ ਦੇ ਨਿੱਜੀ ਕਾਰਨਾਂ ਤੋਂ ਮੁਖੀ ਅਹੁਦੇ ਦੀ ਦੌੜ ਵਿਚੋ ਬਾਹਰ ਹੋਣ ਕਾਰਨ ਸਾਗੂ ਮੈਦਾਨ ਵਿਚ ਇਕਲੌਤੇ ਉਮੀਦਵਾਰ ਬਚੇ ਸਨ। ਅੰਜੂ ਨੂੰ ਵੀ ਦੂਜੇ ਕਾਰਜਕਾਲ ਲਈ ਸੀਨੀਅਰ ਉਪ ਮੁਖੀ ਚੁਣਿਆ ਗਿਆ।

ਜਲੰਧਰ ਦੇ ਰਹਿਣ ਵਾਲੇ ਹਨ ਸਾਗੂ

ਜਲੰਧਰ ਦੇ ਰਹਿਣ ਵਾਲੇ ਸਾਗੂ ਪੰਜਾਬ ਪੁਲਸ ਵਿਚ ਕਮਾਂਡੈਂਟ ਦੇ ਅਹੁਦੇ ’ਤੇ ਤਾਇਨਾਤ ਹਨ। ਸਾਗੂ ਨੇ ਏਸ਼ੀਆਈ ਖੇਡਾਂ 2002 ਵਿਚ ਪੁਰਸ਼ਾਂ ਦੇ ਸ਼ਾਟਪੁੱਟ ਵਿਚ 19.03 ਮੀਟਰ ਦੀ ਥ੍ਰੋਅ ਦੇ ਨਾਲ ਸੋਨ ਤਮਗਾ ਜਿੱਤਿਆ। ਉਨ੍ਹਾਂ ਦੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 20.40 ਮੀਟਰ ਹੈ। ਉਨ੍ਹਾਂ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਸੀਨੀਅਰ ਚੋਣ ਕਮੇਟੀ ਦੇ ਮੁਖੀ ਵੀ ਹਨ।

ਸਾਗੂ ਨੇ ਕਿਹਾ, ‘‘ਮੈਨੂੰ ਮੁਖੀ ਚੁਣਨ ਲਈ ਮੈਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ। ਮੈਂ ਏ. ਐੱਫ. ਆਈ. ਦੇ ਮੌਜੂਦਾ ਪ੍ਰੋਗਰਾਮਾਂ ਨੂੰ ਅੱਗੇ ਵਧਾਵਾਂਗਾ ਜਿਹੜੇ ਪਹਿਲਾਂ ਤੋਂ ਹੀ ਮਜ਼ਬੂਤ ਹਨ ਤੇ ਚੰਗੇ ਨਤੀਜੇ ਦੇ ਰਹੇ ਹਨ। ਮੇਰੀ ਟੀਮ ਤੇ ਮੈਂ ਭਾਰਤੀ ਐਥਲੈਟਿਕਸ ਨੂੰ ਹੋਰ ਵੀ ਅੱਗੇ ਲਿਜਾਣ ਲਈ ਸਾਰਿਆਂ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਕਰਾਂਗੇ।’’

ਏ. ਐੱਫ. ਆਈ. ਦੇ ਹੋਰ ਨਵੇਂ ਅਹੁਦੇਦਾਰ

ਸੀਨੀਅਰ ਉਪ ਮੁਖੀ : ਅੰਜੂ ਬੌਬੀ ਜਾਰਜ

ਉਪ ਮੁਖੀ : ਅਬੂ ਮੇਥਾ, ਜਯੰਤ ਮੱਲਾ ਬਰੂਆ, ਏ. ਕੇ. ਸ਼ਰਮਾ।

ਸਕੱਤਰ : ਸੰਦੀਪ ਮਹਿਤਾ

ਖਜ਼ਾਨਚੀ : ਸਟੇਨਲੀ ਜੋਨਸ

ਸੀਨੀਅਰ ਸੰਯੁਕਤ ਸਕੱਤਰ : ਐੱਸ. ਸ਼੍ਰੀਨਿਬਾਸ ਪਟਨਾਇਕ।

ਸੰਯੁਕਤ ਸਕੱਤਰ : ਸ਼ਰਤ ਚੰਦਰ ਸਿੰਘ, ਜਯੋਤਿਰਮਈ ਸਿਕਦਾਰ, ਫਿਨਲੇ ਐੱਲ. ਪੈਰੀਅਟ।

ਕਾਰਜਕਾਰੀ ਕੌਂਸਲ ਮੈਂਬਰ: ਸੁਧਾ ਸਿੰਘ, ਹਰਜਿੰਦਰ ਸਿੰਘ ਗਿੱਲ, ਸ਼ਾਰਦਾ ਦੇਵੀ ਜਾਦਮ, ਪ੍ਰਿਅੰਕਾ ਭਨੋਟ, ਰਚਿਤਾ ਮਿਸਤਰੀ, ਏ. ਰਾਜਵੇਲੂ, ਕੇ. ਸਾਰੰਗਪਾਨੀ।


author

Tarsem Singh

Content Editor

Related News