ਅਸ਼ਵਿਨ WTC ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ
Thursday, Oct 24, 2024 - 05:39 PM (IST)
ਪੁਣੇ— ਭਾਰਤ ਦੇ ਸਟਾਰ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਵੀਰਵਾਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ.ਸੀ.ਏ.) ਸਟੇਡੀਅਮ 'ਚ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਦੌਰਾਨ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਇਤਿਹਾਸ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ।
ਅਸ਼ਵਿਨ ਨੇ ਪਹਿਲੇ ਦਿਨ ਦੇ ਸ਼ੁਰੂਆਤੀ ਸੈਸ਼ਨ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ, ਸਲਾਮੀ ਬੱਲੇਬਾਜ਼ ਕੌਨਵੇ ਅਤੇ ਬੱਲੇਬਾਜ਼ ਵਿਲ ਯੰਗ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇਨ੍ਹਾਂ ਤਿੰਨ ਵਿਕਟਾਂ ਦੇ ਨਾਲ, ਅਸ਼ਵਿਨ ਨੇ 2019 ਤੋਂ 2024 ਤੱਕ ਡਬਲਯੂਟੀਸੀ ਇਤਿਹਾਸ ਵਿੱਚ 39 ਮੈਚਾਂ ਵਿੱਚ 189 ਵਿਕਟਾਂ ਲਈਆਂ ਹਨ ਅਤੇ ਆਸਟਰੇਲੀਆ ਦੇ ਨਾਥਨ ਲਿਓਨ ਨੂੰ ਪਛਾੜ ਦਿੱਤਾ ਹੈ, ਜਿਸ ਨੇ 43 ਟੈਸਟਾਂ ਵਿੱਚ 187 ਵਿਕਟਾਂ ਹਾਸਲ ਕੀਤੀਆਂ ਸਨ।
ਆਸਟ੍ਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ 42 ਮੈਚਾਂ 'ਚ 175 ਵਿਕਟਾਂ ਲੈ ਕੇ ਤੀਜੇ ਸਥਾਨ 'ਤੇ ਹਨ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 30 ਮੈਚਾਂ 'ਚ 124 ਵਿਕਟਾਂ ਲੈ ਕੇ ਸੱਤਵੇਂ ਸਥਾਨ 'ਤੇ ਹਨ। ਅਸ਼ਵਿਨ ਨੇ ਹੁਣ ਤੱਕ 104 ਮੈਚਾਂ ਵਿੱਚ 24 ਤੋਂ ਘੱਟ ਦੀ ਔਸਤ ਨਾਲ 530 ਵਿਕਟਾਂ ਲਈਆਂ ਹਨ, ਜਿਸ ਨਾਲ ਉਹ ਭਾਰਤ ਦੇ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੀ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਉਹ 619 ਵਿਕਟਾਂ ਲੈਣ ਵਾਲੇ ਮਹਾਨ ਅਨਿਲ ਕੁੰਬਲੇ ਤੋਂ ਪਿੱਛੇ ਹਨ। ਆਪਣੀ ਸ਼ਾਨਦਾਰ ਗੇਂਦਬਾਜ਼ੀ ਤੋਂ ਇਲਾਵਾ ਇਸ ਆਲਰਾਊਂਡਰ ਨੇ 26.44 ਦੀ ਔਸਤ ਨਾਲ 3,438 ਦੌੜਾਂ ਬਣਾਈਆਂ ਹਨ, ਜਿਸ ਵਿਚ ਛੇ ਸੈਂਕੜੇ ਅਤੇ 14 ਅਰਧ ਸੈਂਕੜੇ ਸ਼ਾਮਲ ਹਨ।