ਪੰਜਾਬ ਕਿੰਗਜ਼ ''ਚ ਵਾਪਸ ਆਏਗਾ ਅਰਸ਼ਦੀਪ ਸਿੰਘ ! PBKS ਦੇ ਮਾਲਕ ਨੇ ਦਿੱਤਾ ਵੱਡਾ ਬਿਆਨ

Thursday, Nov 12, 2026 - 02:22 PM (IST)

ਪੰਜਾਬ ਕਿੰਗਜ਼ ''ਚ ਵਾਪਸ ਆਏਗਾ ਅਰਸ਼ਦੀਪ ਸਿੰਘ ! PBKS ਦੇ ਮਾਲਕ ਨੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ- ਆਈਪੀਐੱਲ 2027 ਦੀ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖਿਡਾਰੀਆਂ ਨੂੰ ਟਰੇਡ ਕੀਤਾ ਗਿਆ। ਇਸ ਤਹਿਤ ਪੰਜਾਬ ਕਿੰਗਜ਼ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵਿਚ ਗਏ ਤੇ ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਵਿਚ ਸ਼ਾਮਲ ਹੋਏ। ਅਰਸ਼ਦੀਪ ਸਿੰਘ ਦੇ ਪੰਜਾਬ ਕਿੰਗਜ਼ ਤੋਂ ਜਾਣ 'ਤੇ ਪੰਜਾਬ ਕਿੰਗਜ਼ (PBKS) ਦੇ ਸਹਿ-ਮਾਲਕ ਨੇਸ ਵਾਡੀਆ ਦਾ ਕਹਿਣਾ ਹੈ ਕਿ ਅੱਠ ਸਾਲਾਂ ਦੇ ਸਬੰਧਾਂ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਛੱਡਣਾ ਇੱਕ ਮੁਸ਼ਕਿਲ ਫ਼ੈਸਲਾ ਸੀ, ਪਰ ਭਵਿੱਖ ਵਿੱਚ ਉਨ੍ਹਾਂ ਦੀ ਵਾਪਸੀ ਦੇ ਦਰਵਾਜ਼ੇ ਖੁੱਲ੍ਹੇ ਹਨ।

ਵਾਡੀਆ ਨੇ ਕਿਹਾ, "ਅਰਸ਼ਦੀਪ ਅੱਠ ਸਾਲਾਂ ਤੋਂ ਸਾਡੇ ਨਾਲ ਸੀ। ਅਰਸ਼ਦੀਪ ਨਾਲ ਜੁੜੀਆਂ ਭਾਵਨਾਵਾਂ ਅਤੇ ਉਨ੍ਹਾਂ ਨੂੰ ਛੱਡਣਾ ਬਿਲਕੁਲ ਵੀ ਆਸਾਨ ਫ਼ੈਸਲਾ ਨਹੀਂ ਸੀ, ਮੈਂ ਤੁਹਾਨੂੰ ਭਰੋਸਾ ਦਿਵਾ ਸਕਦਾ ਹਾਂ। ਪਰ ਇਸ ਦੇ ਨਾਲ ਹੀ ਹਾਰਦਿਕ ਆਪਣੇ ਨਾਲ ਉਹ ਸਭ ਕੁਝ ਲੈ ਕੇ ਆਉਂਦੇ ਹਨ ਜੋ ਉਨ੍ਹਾਂ ਨੇ ਹਾਸਲ ਕੀਤਾ ਹੈ ਅਤੇ ਉਨ੍ਹਾਂ ਨੇ ਅਜੇ ਹੋਰ ਵੀ ਬਹੁਤ ਕੁਝ ਹਾਸਲ ਕਰਨਾ ਹੈ"।

ਉਨ੍ਹਾਂ ਅੱਗੇ ਕਿਹਾ, "ਮੈਨੂੰ ਵਿਅਕਤੀਗਤ ਤੌਰ 'ਤੇ ਅਰਸ਼ਦੀਪ 'ਤੇ ਬਹੁਤ ਮਾਣ ਹੈ। ਫਰੈਂਚਾਇਜ਼ੀ ਨੂੰ ਉਨ੍ਹਾਂ 'ਤੇ ਬਹੁਤ ਮਾਣ ਹੈ ਅਤੇ ਪੂਰੇ ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ। ਉਨ੍ਹਾਂ ਨੇ ਬਹੁਤ ਕੁਝ ਹਾਸਲ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਅਲਵਿਦਾ ਕਹਿਣਾ ਬਹੁਤ ਔਖਾ ਸੀ। ਉਹ ਭਵਿੱਖ ਵਿੱਚ ਕਿਸੇ ਸਮੇਂ ਵਾਪਸ ਆ ਸਕਦੇ ਹਨ, ਪਰ ਅਸੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ"।

ਟੀਮ ਦੀ ਬਾਲਿੰਗ ਸਟ੍ਰੈਂਥ ਬਾਰੇ
ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਸਰੋਤਾਂ ਬਾਰੇ ਗੱਲ ਕਰਦਿਆਂ ਵਾਡੀਆ ਨੇ ਕਿਹਾ, "ਅਸੀਂ ਅੱਜ ਵੀ ਪੂਰੇ ਭਰੋਸੇ ਵਿੱਚ ਹਾਂ। ਸਾਡੇ ਕੋਲ ਯਸ਼ ਠਾਕੁਰ, ਮਾਰਕੋ ਯੈਨਸਨ, ਯੁਜ਼ਵੇਂਦਰ ਚਾਹਲ ਅਤੇ ਓਮਰਜ਼ਈ ਵਰਗੇ ਗੇਂਦਬਾਜ਼ ਹਨ। ਸਾਡੇ ਕੋਲ ਹਾਰਦਿਕ ਅਤੇ ਹਰਪ੍ਰੀਤ ਬਰਾੜ ਹਨ। ਸਾਡੇ ਕੋਲ ਸ਼ਾਨਦਾਰ ਗੇਂਦਬਾਜ਼ਾਂ ਦਾ ਇੱਕ ਸਮੂਹ ਹੈ ਜਿਨ੍ਹਾਂ ਨੂੰ ਤੁਸੀਂ ਰਲਾ-ਮਿਲਾ ਕੇ ਵਰਤ ਸਕਦੇ ਹੋ"।

ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਕਪਤਾਨ ਅਤੇ ਕੋਚ ਨੂੰ ਬਿਹਤਰ ਰਣਨੀਤੀ ਬਣਾਉਣ ਵਿੱਚ ਮਦਦ ਕਰਦਾ ਹੈ, ਕਿਉਂਕਿ ਟੀ-20 ਵਿੱਚ ਤੁਹਾਡੇ ਕੋਲ ਜਿੰਨੇ ਜ਼ਿਆਦਾ ਗੇਂਦਬਾਜ਼ ਹੋਣਗੇ, ਉੱਨਾ ਹੀ ਚੰਗਾ ਹੈ। ਇਸ ਤੋਂ ਇਲਾਵਾ, ਸਾਡੇ ਕੋਲ ਸੁਯਾਂਸ਼ ਸ਼ੇਡਗੇ ਅਤੇ ਸ਼ਸ਼ਾਂਕ ਸਿੰਘ ਵੀ ਹਨ ਜੋ ਗੇਂਦਬਾਜ਼ੀ ਕਰ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਸਾਡੀ ਟੀਮ ਪੂਰੀ ਤਰ੍ਹਾਂ ਤਿਆਰ ਹੈ"।
 


author

Tarsem Singh

Content Editor

Related News