ਅਨਾਹਤ ਅਤੇ ਅਭੈ ਨੇ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਵਿੱਚ ਕੀਤੀ ਜੇਤੂ ਸ਼ੁਰੂਆਤ
Saturday, May 10, 2025 - 04:40 PM (IST)

ਸ਼ਿਕਾਗੋ (ਅਮਰੀਕਾ)- ਨੌਜਵਾਨ ਭਾਰਤੀ ਖਿਡਾਰਨ ਅਨਾਹਤ ਸਿੰਘ ਨੇ ਇੱਥੇ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਵਿਸ਼ਵ ਦੀ 28ਵੇਂ ਨੰਬਰ ਦੀ ਅਮਰੀਕੀ ਖਿਡਾਰਨ ਮਰੀਨਾ ਸਟੀਫਨੋਨੀ ਨੂੰ ਹਰਾ ਦਿੱਤਾ। ਵਿਸ਼ਵ ਵਿੱਚ 62ਵੇਂ ਸਥਾਨ 'ਤੇ ਕਾਬਜ਼ 17 ਸਾਲਾ ਅਨਾਹਤ ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਦੌਰ ਵਿੱਚ ਪਹਿਲੀ ਗੇਮ ਦੀ ਹਾਰ ਤੋਂ ਉਭਰ ਕੇ 10-12, 11-9, 6-11, 11-6, 11-6 ਨਾਲ ਜਿੱਤ ਪ੍ਰਾਪਤ ਕੀਤੀ।
ਅਨਾਹਤ ਨੂੰ ਅਗਲੇ ਦੌਰ ਵਿੱਚ ਦੁਨੀਆ ਦੇ 15ਵੇਂ ਨੰਬਰ ਦੀ ਖਿਡਾਰਨ ਫੈਰੋਜ਼ ਅਬੋਏਲਖਿਰ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨੇ 656,500 ਅਮਰੀਕੀ ਡਾਲਰ ਦੇ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਮਿਸਰ ਦੀ ਹਾਨਾ ਮੋਆਤਾਜ਼ ਨੂੰ 3-1 ਨਾਲ ਹਰਾਇਆ ਸੀ।
ਭਾਰਤ ਦੇ ਅਭੈ ਸਿੰਘ ਨੇ ਵੀ ਦੁਨੀਆ ਦੇ 25ਵੇਂ ਨੰਬਰ ਦੇ ਖਿਡਾਰੀ ਨਿਕੋਲਸ ਮੂਲਰ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਵਿਸ਼ਵ ਦੇ 38ਵੇਂ ਨੰਬਰ ਦੇ ਖਿਡਾਰੀ ਅਭੈ ਸਿੰਘ ਨੇ ਪੁਰਸ਼ ਸਿੰਗਲਜ਼ ਦੇ ਆਪਣੇ ਪਹਿਲੇ ਦੌਰ ਦੇ ਮੈਚ ਵਿੱਚ ਆਪਣੇ ਸਵਿਸ ਵਿਰੋਧੀ ਨੂੰ 11-7, 2-11, 11-7, 11-6 ਨਾਲ ਹਰਾਇਆ। ਅਭੈ ਸਿੰਘ ਦਾ ਅਗਲਾ ਮੈਚ ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਮਿਸਰ ਦੇ ਯੂਸਫ਼ ਇਬਰਾਹਿਮ ਨਾਲ ਹੋਵੇਗਾ।