ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ : ਸਿੰਧੂ ਦੀ ਰਾਹ ਸੌਖੀ, ਸਾਇਨਾ ਦੀ ਔਖੀ

Wednesday, Feb 24, 2021 - 09:51 PM (IST)

ਨਵੀਂ ਦਿੱਲੀ– ਮੌਜੂਦਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੂੰ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਸੌਖਾ ਡਰਾਅ ਮਿਲਿਆ ਹੈ ਜਦਕਿ ਸਾਇਨਾ ਨੇਹਵਾਲ ਨੂੰ ਤਗੜੇ ਖਿਡਾਰੀਆਂ ਨਾਲ ਭਿੜਣਾ ਪਵੇਗਾ। ਟੂਰਨਾਮੈਂਟ 17 ਤੋਂ 21 ਮਾਰਚ ਵਿਚਾਲੇ ਬਰਮਿੰਘਮ ’ਚ ਖੇਡਿਆ ਜਾਵੇਗਾ। ਸਵਿਸ ਓਪਨ ਤੋਂ ਬਾਅਦ ਆਲ ਇੰਗਲੈਂਡ ਓਪਨ 2021 ਇਸ ਸਾਲ ਦਾ ਦੂਜਾ ਟੂਰਨਾਮੈਂਟ ਹੋਵੇਗਾ ਜਿਸ ’ਚ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਲਈ ਰੈਂਕਿੰਗ ਅੰਕ ਮਿਲਣਗੇ। ਬੈਡਮਿੰਟਨ ਵਿਸ਼ਵ ਮਹਾਸੰਘ ਵੱਲੋਂ ਮੰਗਲਵਾਰ ਨੂੰ ਜਾਰੀ ਡਰਾਅ ਅਨੁਸਾਰ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਪਹਿਲੇ ਦੌਰ ’ਚ ਮਲੇਸ਼ੀਆ ਦੀ ਸੋਨੀਆ ਚੀਆ ਨਾਲ ਖੇਡੇਗੀ। ਸ਼ੁਰੂਆਤੀ ਦੌਰ ਦੇ ਮੁਕਾਬਲੇ ਜਿੱਤਣ ’ਤੇ ਉਸ ਦਾ ਮੁਕਾਬਲਾ ਕੁਆਰਟਰ ਫਾਈਨਲ ’ਚ ਜਾਪਾਨ ਦੀ ਅਕਾਨੇ ਯਾਮਾਗੁਚੀ ਅਤੇ ਸੈਮੀਫਾਈਨਲ ’ਚ ਸਪੇਨ ਦੀ ਕੈਰੋਲੀਨਾ ਮਾਰਿਨ ਨਾਲ ਹੋ ਸਕਦਾ ਹੈ। ਮਾਰਿਨ ਨੂੰ ਟੂਰਨਾਮੈਂਟ ’ਚ ਨੰਬਰ ਇਕ ਦੀ ਰੈਂਕਿੰਗ ਦਿੱਤੀ ਗਈ ਹੈ ਜਦਕਿ ਸਿੰਧੂ ਨੂੰ 5ਵੀਂ ਰੈਂਕਿੰਗ ਦਿੱਤੀ ਗਈ ਹੈ।
ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਈਨਾ ਨੇ ਪਹਿਲੇ ਦੌਰ ’ਚ ਡੈਨਮਾਰਕ ਦੀ ਮੀਆ ਬਲਿਚਫੇਲਟ ਨਾਲ ਖੇਡਣਾ ਹੈ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪਾਰੂਪੱਲੀ ਕਸ਼ਯਪ ਨੇ ਪਹਿਲਾ ਹੀ ਮੈਚ ਦੁਨੀਆ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਨਾਲ ਖੇਡਣਾ ਹੈ। ਕਿਦਾਂਬੀ ਸ਼੍ਰੀਕਾਂਤ ਪਹਿਲੇ ਦੌਰ ’ਚ ਇੰਡੋਨੇਸ਼ੀਆ ਦੇ ਟਾਮੀ ਸੁਗੀਆਰਤੋ ਵਿਰੁੱਧ ਖੇਡਣਗੇ ਜਦਕਿ ਵਿਸ਼ਵ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਬੀ ਸਾਈ ਪ੍ਰਣੀਤ ਫ੍ਰਾਂਸ ਦੇ ਟੋਮਾ ਜੂਨੀਅਰ ਪੋਪੋਵ ਦਾ ਮੁਕਾਬਲਾ ਕਰਣਗੇ। ਭਾਰਤੀ ਖਿਡਾਰੀ 3 ਮਾਰਚ ਤੋਂ ਸ਼ੁਰੂ ਹੋ ਰਹੇ ਸਵਿਸ ਓਪਨ ’ਚ ਵੀ ਹਿੱਸਾ ਲੈਣਗੇ। ਸਾਇਨਾ ਅਤੇ ਸ਼੍ਰੀਕਾਂਤ ਨੂੰ ਟੋਕੀਓ ਓਲੰਪਿਕ ’ਚ ਜਗ੍ਹਾ ਬਣਾਉਣ ਲਈ ਹੋਰ ਸਮਾਂ ਮਿਲੇਗਾ ਕਿਉਂਕਿ ਬੀ. ਡਬਲਯੂ. ਐੱਫ. ਨੇ ਕੁਆਲੀਫਿਕੇਸ਼ਨ ਦੀ ਮਿਆਦ ਵਧਾ ਦਿੱਤੀ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News