ਅਲਕਾਰਾਜ਼ ਤੇ ਸਿਨਰ ਵਿਚਾਲੇ ਹੋਵੇਗਾ ਯੂ ਐੱਸ ਓਪਨ ਦਾ ਫਾਈਨਲ ਮੁਕਾਬਲਾ
Sunday, Sep 07, 2025 - 11:56 AM (IST)

ਸਪੋਰਟਸ ਡੈਸਕ- ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਜਾਨਿਕ ਸਿਨਰ ਅਤੇ ਨੰਬਰ ਦੋ ਖਿਡਾਰੀ ਕਾਰਲੋਸ ਅਲਕਾਰਾਜ਼ ਨੇ ਆਪੋ-ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਦੁਨੀਆ ਦੇ ਇਹ ਸਿਖਰਲੇ ਦੋ ਖਿਡਾਰੀ ਇਸ ਸਾਲ ਲਗਾਤਾਰ ਤੀਜੀ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ਦੇ ਖਿਤਾਬੀ ਮੈਚ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨਗੇ।
ਅਲਕਾਰਾਜ਼ ਨੇ ਪਹਿਲੇ ਸੈਮੀਫਾਈਨਲ ਵਿੱਚ 24 ਵਾਰ ਦੇ ਗਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੂੰ 6-4, 7-6 (4), 6-2 ਨਾਲ ਹਰਾਇਆ। ਕੁਝ ਸਮਾਂ ਬਾਅਦ ਹੀ ਸਿਨਰ ਨੇ ਔਗਰ-ਅਲਿਆਸਿਮੇ ਨੂੰ 6-1, 3-6, 6-3, 6-4 ਨਾਲ ਹਰਾ ਦਿੱਤਾ। ਜੋਕੋਵਿਚ ਨੇ ਮੈਚ ਤੋਂ ਬਾਅਦ ਮੰਨਿਆ ਕਿ ਇਹ ਦੋਵੇਂ ਖਿਡਾਰੀ ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀ ਹਨ। ਉਸ ਨੇ ਕਿਹਾ, ‘ਇਹ ਦੋਵੇਂ ਇਸ ਵੇਲੇ ਦੁਨੀਆ ਦੇ ਸਰਬੋਤਮ ਖਿਡਾਰੀ ਹਨ। ਅਲਕਾਰਾਜ਼ ਨੇ ਹੁਣ ਤੱਕ ਪੰਜ ਗਰੈਂਡਸਲੈਮ ਖਿਤਾਬ ਜਿੱਤੇ ਹਨ ਅਤੇ ਸਿਨਰ ਚਾਰ ਵਿੱਚ ਜਿੱਤ ਦਰਜ ਕਰ ਚੁੱਕਾ ਹੈ। ਨੰਬਰ ਇੱਕ ਰੈਂਕਿੰਗ ਦਾ ਫੈਸਲਾ ਵੀ ਇਸ ਮੈਚ ਰਾਹੀਂ ਹੀ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਇਸ ਮੈਚ ਨੂੰ ਦੇਖਣ ਲਈ ਆ ਸਕਦੇ ਹਨ।