ਏ. ਸੀ. ਮਿਲਾਨ ਚੈਂਪੀਅਨਜ਼ ਲੀਗ ’ਚੋਂ ਬਾਹਰ, ਬਾਇਰਨ ਮਿਊਨਿਖ ਜਿੱਤਿਆ
Thursday, Feb 20, 2025 - 04:05 PM (IST)

ਮਿਲਾਨ– ਏ. ਸੀ. ਮਿਲਾਨ ਨੂੰ ਇੱਥੇ ਫੇਯੇਨੂਰਡ ਵਿਰੁੱਧ ਪਲੇਅ ਆਫ ਮੁਕਾਬਲੇ ਦੇ ਦੂਜੇ ਪੜਾਅ ਵਿਚ 1-1 ਨਾਲ ਡਰਾਅ ਖੇਡ ਕੇ ਚੈਂਪੀਅਨਜ਼ ਲੀਗ ਵਿਚੋਂ ਬਾਹਰ ਹੋਣਾ ਪਿਆ। ਨੀਦਰਲੈਂਡ ਦੀ ਟੀਮ ਫੇਯੇਨੂਰਡ ਨੇ ਕੁੱਲ ਸਕੋਰ ਦੇ ਆਧਾਰ ’ਤੇ 2-1 ਨਾਲ ਜਿੱਤ ਦਰਜ ਕਰ ਕੇ ਆਖਰੀ-16 ਵਿਚ ਜਗ੍ਹਾ ਬਣਾਈ। ਬਾਇਰਨ ਮਿਊਨਿਖ, ਕਲੱਬ ਬਰੂਗ ਤੇ ਬੇਨਫਿਕਾ ਨੇ ਵੀ ਕ੍ਰਮਵਾਰ ਸੇਲਟਿਕ, ਯੂਰੋਪਾ ਲੀਗ ਜੇਤੂ ਅਟਲਾਂਟਾ ਤੇ ਫਰਾਂਸ ਦੀ ਟੀਮ ਮੋਨਾਕੋ ਵਿਰੁੱਧ ਆਪਣੇ ਪਲੇਅ ਆਫ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਫੇਯੇਨੂਰਡ ਨੇ ਮਿਲਾਨ ਵਿਰੁੱਧ ਪਿਛਲੇ ਹਫਤੇ ਪਲੇਅ ਆਫ ਦਾ ਪਹਿਲਾ ਪੜਾਅ 1-0 ਨਾਲ ਜਿੱਤਿਆ ਸੀ।
ਦੂਜੇ ਪੜਾਅ ’ਚ ਮਿਲਾਨ ਨੇ ਪਹਿਲੇ ਹੀ ਮਿੰਟ ਵਿਚ ਸੈਂਟਿਆਗੋ ਜਿਮੇਨੇਜ਼ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਰੱਖੀ ਸੀ ਪਰ ਇਸ ਤੋਂ ਬਾਅਦ 51ਵੇਂ ਮਿੰਟ ਵਿਚ ਫਾਊਲ ਕਰਨ ’ਤੇ ਥਿਓ ਹਰਨਾਡੇਜ ਨੂੰ ਦੂਜਾ ਯੈਲੋ ਕਾਰਡ ਦਿਖਾ ਕੇ ਮੈਚ ਵਿਚੋਂ ਬਾਹਰ ਕਰ ਦਿੱਤਾ। ਮੈਚ ਦੇ 73ਵੇਂ ਮਿੰਟ ਵਿਚ ਹਿਊਗੋ ਬੂਏਨੋ ਦੇ ਕ੍ਰਾਸ ’ਤੇ ਜੂਲੀਅਨ ਕੇਰੇਂਜਾ ਨੇ ਗੋਲ ਕਰ ਕੇ ਫੇਯੇਨੂਰਡ ਨੂੰ ਬਰਾਬਰੀ ਦਿਵਾਈ ਜਿਹੜੀ ਨੀਦਰਲੈਂਡ ਦੀ ਟੀਮ ਲਈ ਅਗਲੇ ਪੜਾਅ ਵਿਚ ਜਗ੍ਹਾ ਦਿਵਾਉਣ ਲਈ ਕਾਫੀ ਸੀ। ਬਾਇਰਨ ਨੇ ਪਲੇਅ ਆਫ ਦੇ ਦੂਜੇ ਪੜਾਅ ਵਿਚ ਕੁੱਲ 3-2 ਦੀ ਜਿੱਤ ਦੇ ਨਾਲ ਆਖਰੀ-16 ਵਿਚ ਪ੍ਰਵੇਸ਼ ਕੀਤਾ। ਕਲੱਬ ਬਰੂਗ ਨੇ ਬੇਰਗਾਮੋ ਵਿਚ ਦੂਜੇ ਪੜਾਅ ਵਿਚ 3-1 ਦੀ ਜਿੱਤ ਦੀ ਬਦੌਲਤ ਕੁੱਲ 5-2 ਨਾਲ ਜਿੱਤ ਦਰਜ ਕਰਦੇ ਹੋਏ ਅਟਲਾਂਟਾ ਨੂੰ ਪ੍ਰਤੀਯੋਗਿਤਾ ਵਿਚੋਂ ਬਾਹਰ ਕੀਤਾ। ਬੇਨਫਿਕਾ ਨੇ ਲਿਸਬਨ ਵਿਚ ਮੋਨਾਕੋ ਨੂੰ 3-3 ਨਾਲ ਬਰਾਬਰੀ ’ਤੇ ਰੋਕਿਆ ਤੇ ਕੁੱਲ 4-3 ਨਾਲ ਜਿੱਤ ਦਰਜ ਕੀਤੀ। ਆਖਰੀ 16 ਦਾ ਡਰਾਅ ਸ਼ੁੱਕਰਵਾਰ ਨੂੰ ਹੋਵੇਗਾ।