ਸੁਸ਼ੀਲ ਦੇ ਬਚਾਅ ’ਚ ਆਇਆ ਸਾਥੀ ਖਿਡਾਰੀ, ਕਿਹਾ-ਉਹ ਕਿਸੇ ਨੂੰ ਮਾਰ ਨਹੀਂ ਸਕਦਾ
Thursday, May 27, 2021 - 09:00 PM (IST)
ਸਪੋਰਟਸ ਡੈਸਕ : ਅਰਜੁਨ ਪੁਰਸਕਾਰ ਜੇਤੂ ਤੇ ਰਾਸ਼ਟਰਮੰਡਲ ਕੁਸ਼ਤੀ ਦੇ ਸੋਨ ਤਮਗਾ ਜੇਤੂ ਕ੍ਰਿਪਾਸ਼ੰਕਰ ਪਟੇਲ ਬਿਸ਼ਨੋਈ, ਜਿਨ੍ਹਾਂ ਨੇ ਸਾਲਾਂ ਤੋਂ ਸੁਸ਼ੀਲ ਨਾਲ ਅਭਿਆਸ ਕੀਤਾ ਹੈ, ਨੇ ਦਾਅਵਾ ਕੀਤਾ ਕਿ ਸੁਸ਼ੀਲ ਕਿਸੇ ਨੂੰ ਵੀ ਮਾਰ ਨਹੀਂ ਸਕਦਾ। ਕ੍ਰਿਪਾਸ਼ੰਕਰ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਦਾਅਵਾ ਕੀਤਾ ਕਿ ਮੈਂ ਜਾਣਦਾ ਹਾਂ, ਉਹ ਸ਼ਾਕਾਹਾਰੀ ਪਹਿਲਵਾਨ ਜੀਵ ਹੱਤਿਆ ਦੇ ਖ਼ਿਲਾਫ਼ ਸੀ, ਉਹ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਮੈਂ ਇਸ ’ਤੇ ਵਿਸ਼ਵਾਸ ਨਹੀਂ ਕਰ ਸਕਦਾ ਕਿ ਸੁਸ਼ੀਲ ਕਿਸੇ ਪ੍ਰਤੀ ਹੱਤਿਆ ਦੀ ਮਨਸ਼ਾ ਰੱਖਦਾ ਹੋਵੇ। ਮੈਂ ਸੁਸ਼ੀਲ ਦੇ ਨਾਲ ਵੱਖ-ਵੱਖ ਕੈਂਪਾਂ ’ਚ ਲੰਮੇ ਸਮੇਂ ਤਕ ਟ੍ਰੇਨਿੰਗ ਲਈ ਹੈ ਤੇ ਮੈਂ ਕਹਿ ਸਕਦਾ ਹਾਂ ਕਿ ਉਹ ਕਿਸੇ ਦੀ ਹੱਤਿਆ ਨਹੀਂ ਕਰ ਸਕਦਾ। ਸ਼ਾਇਦ ਇਹ ਇਕ ਦੁਰਘਟਨਾ ਹੈ। ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਪੀੜਤ ਨੌਜਵਾਨ ਪਹਿਲਵਾਨ ਤੇ ਉਸ ਦੇ ਮਾਤਾ-ਪਿਤਾ, ਜਿਨ੍ਹਾਂ ਨੇ ਆਪਣਾ ਜਵਾਨ ਪੁੱਤ ਗੁਆਇਆ ਹੈ, ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸਟੁਅਰਟ ਬ੍ਰਾਡ ਤੋਂ ਕੀ ਚਾਹੁੰਦੀ ਹੈ ਮੰਗੇਤਰ ਮੌਲੀ ਕਿੰਗ, ਹੋਇਆ ਖੁਲਾਸਾ
ਜ਼ਿਕਰਯੋਗ ਹੈ ਕਿ ਸੁਸ਼ੀਲ ਨੂੰ ਛਤਰਸਾਲ ਸਟੇਡੀਅਮ ’ਚ ਜੂਨੀਅਰ ਗੋਲਡ ਮੈਡਲਿਸਟ ਪਹਿਲਵਾਨ ਸਾਗਰ ਰਾਣਾ ਦੀ ਹੱਤਿਆ ਦੇ ਮਾਮਲੇ ’ਚ ਦਿੱਲੀ ਪੁਲਸ ਨੇ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਘਟਨਾ ਤੋਂ ਤਕਰੀਬਨ 20 ਦਿਨ ਬਾਅਦ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀ ਅਜੇ ਬੱਕਰਵਾਲਾ ਨੂੰ ਦਿਲੀ ਦੇ ਹੀ ਮੁੰਡਕਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਛੇ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ।