ਡੈਬਿਊ 'ਤੇ ਸਿਰਫ਼ 12 ਦੌੜਾਂ ਤੋਂ ਲੈ ਕੇ 85 ਸੈਂਕੜਿਆਂ ਤੱਕ: ਕੋਹਲੀ ਦੇ ਇੰਟਰਨੈਸ਼ਨਲ ਕਰੀਅਰ ਦੇ 18 ਸਾਲਾਂ 'ਤੇ ਇਕ ਝਾਤ

Tuesday, Aug 18, 2026 - 11:54 AM (IST)

ਡੈਬਿਊ 'ਤੇ ਸਿਰਫ਼ 12 ਦੌੜਾਂ ਤੋਂ ਲੈ ਕੇ 85 ਸੈਂਕੜਿਆਂ ਤੱਕ: ਕੋਹਲੀ ਦੇ ਇੰਟਰਨੈਸ਼ਨਲ ਕਰੀਅਰ ਦੇ 18 ਸਾਲਾਂ 'ਤੇ ਇਕ ਝਾਤ

ਨਵੀਂ ਦਿੱਲੀ : ਭਾਰਤ 'ਚ ਕਈ ਮਹਾਨ ਤੇ ਧਾਕੜ ਕ੍ਰਿਕਟਰ ਹੋਏ ਹਨ ਤੇ ਉਨ੍ਹਾਂ 'ਚੋਂ ਵਿਰਾਟ ਕੋਹਲੀ ਦਾ ਨਾਂ ਮੋਹਰਲੀ ਕਤਾਰ ਦੇ ਕ੍ਰਿਕਟਰਾਂ 'ਚ ਲਿਆ ਜਾਂਦਾ ਹੈ। ਵਿਰਾਟ ਕੋਹਲੀ ਦੇ ਕੌਮਾਂਤਰੀ ਡੈਬਿਊ ਨੂੰ 18 ਸਾਲ ਹੋ ਗਏ ਹਨ। ਕੋਹਲੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਉਹ  ਕ ਵਿਖਾਇਆ ਹੈ ਜਿਸ ਨੂੰ ਕਰਨ ਦਾ ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ। ਵਿਰਾਟ ਕੋਹਲੀ ਨੇ ਇਤਿਹਾਸ ਰਚਦੇ ਹੋਏ 28 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਜਿਸ ਵਿਚ 85 ਸੈਂਕੜੇ ਸ਼ਾਮਲ ਹਨ। 

ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਦਾੰਬੁਲਾ ਵਿਖੇ ਆਪਣਾ ਵਨਡੇ ਡੈਬਿਊ ਕੀਤਾ ਸੀ, ਜਿੱਥੇ ਉਹ ਪਹਿਲੀ ਵਾਰ ਟੀਮ ਇੰਡੀਆ ਦੀ ਜਰਸੀ ਵਿੱਚ ਨਜ਼ਰ ਆਏ ਸਨ। ਉਹ ਆਪਣੇ ਪਹਿਲੇ ਮੈਚ ਵਿੱਚ ਬਤੌਰ ਓਪਨਰ ਖੇਡੇ ਸਨ ਅਤੇ 22 ਗੇਂਦਾਂ ਵਿੱਚ ਸਿਰਫ਼ 12 ਰਨ ਬਣਾ ਕੇ ਆਊਟ ਹੋ ਗਏ ਸਨ।  ਹਾਲਾਂਕਿ, ਉਨ੍ਹਾਂ ਦੀ ਸ਼ੁਰੂਆਤ ਬਹੁਤ ਵਧੀਆ ਨਹੀਂ ਰਹੀ ਸੀ, ਪਰ ਉਹ ਬਹੁਤ ਜਲਦੀ ਭਾਰਤੀ ਟੀਮ ਦਾ ਇੱਕ ਅਹਿਮ ਹਿੱਸਾ ਬਣ ਗਏ।

ਕੋਹਲੀ ਨੇ ਜੂਨ 2010 ਵਿੱਚ ਆਪਣਾ ਟੀ-20 ਡੈਬਿਊ ਕੀਤਾ, ਜਦੋਂ ਕਿ ਜੂਨ 2011 ਵਿੱਚ ਉਨ੍ਹਾਂ ਨੂੰ ਟੈਸਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਟੈਸਟ ਟੀਮ ਵਿੱਚ ਆਉਂਦਿਆਂ ਹੀ ਆਪਣੀ ਜਗ੍ਹਾ ਪੱਕੀ ਕਰ ਲਈ ਅਤੇ ਆਪਣੇ ਕਰੀਅਰ ਦੇ ਪਹਿਲੇ ਹੀ ਸਾਲ ਵਿੱਚ ਟੈਸਟ ਸੈਂਕੜਾ ਜੜ ਦਿੱਤਾ ਉਹ ਸਾਲ 2011 ਦੀ ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ ਅਤੇ ਸਾਲ 2013 ਦੀ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ, ਜਿਸ ਸਦਕਾ ਉਹ ਵਨਡੇ ਰੈਂਕਿੰਗ ਵਿੱਚ ਦੁਨੀਆ ਦੇ ਨੰਬਰ 1 ਬੱਲੇਬਾਜ਼ ਬਣੇ। ਸਾਲ 2014 ਵਿੱਚ ਕੋਹਲੀ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਸੌਂਪੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਨੂੰ ਦੁਨੀਆ ਦੀ ਨੰਬਰ 1 ਟੈਸਟ ਟੀਮ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਵਨਡੇ ਦੀ ਕਪਤਾਨੀ ਵੀ ਮਿਲੀ। ਕੋਹਲੀ ਨੇ ਵਨਡੇ ਅਤੇ ਟੈਸਟ ਵਿੱਚ ਸੈਂਕੜਿਆਂ ਦੀ ਝੜੀ ਲਗਾ ਕੇ ਖ਼ੁਦ ਨੂੰ ਭਾਰਤ ਦਾ ਸਭ ਤੋਂ ਵੱਡਾ ਮੈਚ-ਵਿਨਰ ਸਾਬਤ ਕੀਤਾ, ਜਿਸ ਕਾਰਨ ਉਨ੍ਹਾਂ ਨੂੰ 'ਦ ਰਨ ਮਸ਼ੀਨ' ਅਤੇ 'ਕਿੰਗ' ਵਰਗੇ ਖ਼ਿਤਾਬ ਮਿਲੇ। ਸਾਲ 2023 ਵਿੱਚ, ਕੋਹਲੀ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਵਨਡੇ ਵਿੱਚ ਸਭ ਤੋਂ ਵੱਧ ਸੈਂਕੜੇ ਜੜਨ ਦਾ ਇਤਿਹਾਸਕ ਕਾਰਨਾਮਾ ਕੀਤਾ।

ਵਿਰਾਟ ਕੋਹਲੀ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ 2024 ਦਾ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿੱਥੇ ਉਨ੍ਹਾਂ ਨੇ ਫਾਈਨਲ ਵਿੱਚ ਇੱਕ ਸ਼ਾਨਦਾਰ ਅਰਧ-ਸੈਂਕੜਾ ਜੜਿਆ ਸੀ। ਆਪਣੇ ਪੂਰੇ ਕਰੀਅਰ ਵਿੱਚ ਉਨ੍ਹਾਂ ਨੇ ਹੁਣ ਤੱਕ 5 ਆਈਸੀਸੀ (ICC) ਟਰਾਫੀਆਂ 'ਤੇ ਕਬਜ਼ਾ ਕੀਤਾ ਹੈ। ਵਰਤਮਾਨ ਵਿੱਚ, ਉਹ ਟੈਸਟ ਅਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਹੁਣ ਸਿਰਫ਼ ਵਨਡੇ ਕ੍ਰਿਕਟ 'ਤੇ ਹੀ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ। 

ਕੌਮਾਂਤਰੀ ਕ੍ਰਿਕਟ ਵਿੱਚ ਕਿੰਗ ਕੋਹਲੀ ਦਾ ਧਾਕੜ ਪ੍ਰਦਰਸ਼ਨ ਦੇ ਅੰਕੜੇ

ਵਿਰਾਟ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੇ ਤਿੰਨੋਂ ਫਾਰਮੈਟਾਂ ਵਿੱਚ ਬੇਮਿਸਾਲ ਅੰਕੜੇ ਹਾਸਲ ਕੀਤੇ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ ਦੇ 123 ਮੈਚਾਂ ਦੀਆਂ 210 ਪਾਰੀਆਂ ਵਿੱਚ 46.85 ਦੀ ਔਸਤ ਨਾਲ 9230 ਦੌੜਾਂ ਬਣਾਈਆਂ ਹਨ, ਜਿਸ ਵਿੱਚ 30 ਸੈਂਕੜੇ, 31 ਅਰਧ-ਸੈਂਕੜੇ ਅਤੇ 254* ਦਾ ਸਰਵੋਤਮ ਸਕੋਰ ਸ਼ਾਮਲ ਹੈ। ਵਨਡੇ ਕ੍ਰਿਕਟ ਵਿੱਚ ਕੋਹਲੀ ਨੇ 314 ਮੈਚਾਂ ਦੀਆਂ 302 ਪਾਰੀਆਂ ਵਿੱਚ 58.59 ਦੀ ਸ਼ਾਨਦਾਰ ਔਸਤ ਨਾਲ 14941 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਨ੍ਹਾਂ ਨੇ 54 ਸੈਂਕੜੇ, 79 ਅਰਧ-ਸੈਂਕੜੇ ਅਤੇ 183 ਦਾ ਸਰਵੋਤਮ ਸਕੋਰ ਬਣਾਇਆ ਹੈ। ਉੱਥੇ ਹੀ, ਟੀ-20 ਕੌਮਾਂਤਰੀ ਵਿੱਚ ਉਨ੍ਹਾਂ ਨੇ 125 ਮੈਚਾਂ ਦੀਆਂ 117 ਪਾਰੀਆਂ ਵਿੱਚ 48.69 ਦੀ ਔਸਤ ਨਾਲ 4188 ਦੌੜਾਂ ਬਣਾਈਆਂ ਹਨ, ਜਿਸ ਵਿੱਚ 1 ਸੈਂਕੜਾ, 38 ਅਰਧ-ਸੈਂਕੜੇ ਅਤੇ 122* ਦਾ ਸਰਵੋਤਮ ਸਕੋਰ ਦਰਜ ਹੈ।


author

Tarsem Singh

Content Editor

Related News