ਵਨਡੇ ਮੈਚ 'ਚ 696 ਦੌੜਾਂ ! ਬੱਲੇਬਾਜ਼ ਨੇ ਇਕੱਲਿਆਂ ਹੀ ਠੋਕ'ਤੇ 179 ਰਨ, ਬਣਿਆ ਵਿਸ਼ਵ ਰਿਕਾਰਡ

Wednesday, Apr 01, 2026 - 05:15 PM (IST)

ਵਨਡੇ ਮੈਚ 'ਚ 696 ਦੌੜਾਂ ! ਬੱਲੇਬਾਜ਼ ਨੇ ਇਕੱਲਿਆਂ ਹੀ ਠੋਕ'ਤੇ 179 ਰਨ, ਬਣਿਆ ਵਿਸ਼ਵ ਰਿਕਾਰਡ

ਸਪੋਰਟਸ ਡੈਸਕ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਵਨਡੇ ਮੈਚ ਵਿੱਚ ਉਹ ਕਰ ਦਿਖਾਇਆ ਜੋ ਅੱਜ ਤੱਕ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਨਹੀਂ ਹੋਇਆ ਸੀ। ਕੀਵੀ ਟੀਮ ਨੇ 347 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਸਫਲਤਾਪੂਰਵਕ ਹਾਸਲ ਕਰਕੇ ਮਹਿਲਾ ਵਨਡੇ ਇਤਿਹਾਸ ਦਾ ਸਭ ਤੋਂ ਵੱਡਾ ਰਨ ਚੇਜ਼ ਕਰਕੇ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ ਹੈ। ਇਸ ਹਾਈ-ਸਕੋਰਿੰਗ ਮੈਚ ਵਿੱਚ ਕੁੱਲ 696 ਦੌੜਾਂ ਬਣੀਆਂ ਅਤੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ 'ਤੇ ਆ ਗਈ ਹੈ।

ਕਪਤਾਨ ਅਮੇਲੀਆ ਕੇਰ ਦੀ ਤੂਫਾਨੀ ਪਾਰੀ
ਨਿਊਜ਼ੀਲੈਂਡ ਦੀ ਜਿੱਤ ਦੀ ਸੂਤਰਧਾਰ ਰਹੀ ਕਪਤਾਨ ਅਮੇਲੀਆ ਕੇਰ, ਜਿਸ ਨੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ ਦੀ ਬਾਰਿਸ਼ ਕਰ ਦਿੱਤੀ। ਕੇਰ ਨੇ ਮਹਿਜ਼ 139 ਗੇਂਦਾਂ ਵਿੱਚ ਨਾਬਾਦ 179 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਉਸ ਨੇ 23 ਚੌਕੇ ਅਤੇ 1 ਛੱਕਾ ਜੜਿਆ। ਜਦੋਂ ਆਖਰੀ ਓਵਰ ਵਿੱਚ ਟੀਮ ਨੂੰ ਜਿੱਤ ਲਈ 11 ਦੌੜਾਂ ਦੀ ਲੋੜ ਸੀ, ਤਾਂ ਕੇਰ ਨੇ ਲਗਾਤਾਰ ਤਿੰਨ ਚੌਕੇ ਲਗਾ ਕੇ ਮੈਚ ਕੀਵੀ ਟੀਮ ਦੀ ਝੋਲੀ ਪਾ ਦਿੱਤਾ।

ਦੱਖਣੀ ਅਫਰੀਕਾ ਨੇ ਖੜ੍ਹਾ ਕੀਤਾ ਸੀ ਪਹਾੜ ਜਿੱਡਾ ਸਕੋਰ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 346 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਟੀਮ ਵੱਲੋਂ ਕਪਤਾਨ ਲੌਰਾ ਵੋਲਵਾਰਡ ਨੇ 69, ਐਨੇਕੇ ਬੋਸ਼ ਨੇ 91 ਅਤੇ ਕਲੋਏ ਟ੍ਰਾਇਨ ਨੇ ਨਾਬਾਦ 52 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਲਈ ਇਹ ਰਾਹ ਬਹੁਤ ਮੁਸ਼ਕਿਲ ਹੋਵੇਗਾ।

ਮੁਸ਼ਕਲ ਹਾਲਾਤਾਂ 'ਚੋਂ ਨਿਕਲੀ ਟੀਮ
347 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ ਸਿਰਫ 130 ਦੌੜਾਂ 'ਤੇ ਆਪਣੀਆਂ 4 ਅਹਿਮ ਵਿਕਟਾਂ ਗੁਆ ਦਿੱਤੀਆਂ ਸਨ। ਪਰ ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਇਸਾਬੇਲਾ ਗੇਜ਼ (68 ਦੌੜਾਂ) ਵਿਚਕਾਰ ਹੋਈ 120 ਦੌੜਾਂ ਦੀ ਸਾਂਝੇਦਾਰੀ ਨੇ ਮੈਚ ਦਾ ਪਾਸਾ ਪਲਟ ਦਿੱਤਾ। ਜੌਰਜੀਆ ਪਲਿਮਰ ਨੇ ਵੀ 23 ਦੌੜਾਂ ਦਾ ਅਹਿਮ ਯੋਗਦਾਨ ਪਾਇਆ।

ਭਾਰਤ ਦਾ ਰਿਕਾਰਡ ਟੁੱਟਿਆ
ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਭਾਰਤੀ ਮਹਿਲਾ ਟੀਮ ਦਾ ਸਭ ਤੋਂ ਵੱਡੇ ਰਨ ਚੇਜ਼ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਨਿਊਜ਼ੀਲੈਂਡ ਨੇ 2 ਵਿਕਟਾਂ ਰਹਿੰਦਿਆਂ 350 ਦੌੜਾਂ ਬਣਾ ਕੇ ਇਹ ਮੁਕਾਬਲਾ ਜਿੱਤਿਆ। ਇਹ ਮੈਚ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਯਾਦਗਾਰੀ ਮੁਕਾਬਲਿਆਂ ਵਿੱਚੋਂ ਇੱਕ ਵਜੋਂ ਦਰਜ ਹੋ ਗਿਆ ਹੈ।


author

Tarsem Singh

Content Editor

Related News