ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕ੍ਰਿਸ ਗੇਲ..! ਇਸ 24 ਸਾਲਾ ਭਾਰਤੀ ਬੱਲੇਬਾਜ਼ ਨੇ ਤੋੜ'ਤੇ ਸਾਰੇ ਰਿਕਾਰਡ

Sunday, May 17, 2026 - 01:57 PM (IST)

ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕ੍ਰਿਸ ਗੇਲ..! ਇਸ 24 ਸਾਲਾ ਭਾਰਤੀ ਬੱਲੇਬਾਜ਼ ਨੇ ਤੋੜ'ਤੇ ਸਾਰੇ ਰਿਕਾਰਡ

ਕੋਲਕਾਤਾ : ਗੁਜਰਾਤ ਟਾਈਟਨਜ਼ (GT) ਦੇ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੇ ਟੀ-20 ਕ੍ਰਿਕਟ ਵਿੱਚ ਇੱਕ ਵੱਡਾ ਮੀਲ ਪੱਥਰ ਹਾਸਲ ਕਰਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਸ਼ਾਨ ਮਾਰਸ਼ ਦਾ ਰਿਕਾਰਡ ਤੋੜ ਦਿੱਤਾ ਹੈ। ਸੁਦਰਸ਼ਨ ਹੁਣ ਟੀ-20 ਫਾਰਮੈਟ ਵਿੱਚ ਸਭ ਤੋਂ ਤੇਜ਼ 3,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਸਾਈ ਸੁਦਰਸ਼ਨ ਨੇ ਵਿਰਾਟ ਕੋਹਲੀ, ਰੋਹਿਤ ਸਰਮਾ ਤੇ ਕ੍ਰਿਸ ਗੇਲ ਜਿਹੇ ਦਿੱਗਜਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

78 ਪਾਰੀਆਂ ਵਿੱਚ ਹਾਸਲ ਕੀਤਾ ਮੁਕਾਮ 
ਸਾਈ ਸੁਦਰਸ਼ਨ ਨੇ ਇਹ ਉਪਲਬਧੀ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਖੇਡੇ ਗਏ ਮੈਚ ਦੌਰਾਨ ਹਾਸਲ ਕੀਤੀ। ਉਨ੍ਹਾਂ ਨੇ ਮਹਿਜ਼ 78 ਪਾਰੀਆਂ ਵਿੱਚ 3,000 ਦੌੜਾਂ ਦਾ ਅੰਕੜਾ ਪਾਰ ਕੀਤਾ, ਜਦਕਿ ਸ਼ਾਨ ਮਾਰਸ਼ ਨੇ ਇਹ ਮੁਕਾਮ 85 ਪਾਰੀਆਂ ਵਿੱਚ ਹਾਸਲ ਕੀਤਾ ਸੀ। 24 ਸਾਲਾ ਸੁਦਰਸ਼ਨ ਦੇ ਹੁਣ 79 ਮੈਚਾਂ ਵਿੱਚ 43.72 ਦੀ ਔਸਤ ਨਾਲ 3,017 ਦੌੜਾਂ ਹਨ, ਜਿਸ ਵਿੱਚ 4 ਸੈਂਕੜੇ ਅਤੇ 21 ਅਰਧ-ਸੈਂਕੜੇ ਸ਼ਾਮਲ ਹਨ।

ਸੱਟ ਦੇ ਬਾਵਜੂਦ ਦਿਖਾਇਆ ਜਜ਼ਬਾ 
ਮੈਚ ਦੌਰਾਨ ਕਾਰਤਿਕ ਤਿਆਗੀ ਦੀ ਇੱਕ ਤੇਜ਼ ਗੇਂਦ ਸੁਦਰਸ਼ਨ ਦੀ ਖੱਬੀ ਕੂਹਣੀ 'ਤੇ ਲੱਗੀ, ਜਿਸ ਕਾਰਨ ਉਨ੍ਹਾਂ ਨੂੰ 'ਰਿਟਾਇਰਡ ਹਰਟ' ਹੋ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ। ਹਾਲਾਂਕਿ, ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਬਾਅਦ ਵਿੱਚ ਵਾਪਸੀ ਕਰਦੇ ਹੋਏ 28 ਗੇਂਦਾਂ ਵਿੱਚ 53 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ 6 ਚੌਕੇ ਅਤੇ 3 ਛੱਕੇ ਸ਼ਾਮਲ ਸਨ।

ਆਰੇਂਜ ਕੈਪ 'ਤੇ ਕਾਬਜ਼ ਸੁਦਰਸ਼ਨ 
ਇਸ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਹਨ ਅਤੇ ਇਸ ਸਮੇਂ ਆਰੇਂਜ ਕੈਪ (Orange Cap) ਦੇ ਧਾਰਕ ਹਨ। ਉਨ੍ਹਾਂ ਨੇ 13 ਪਾਰੀਆਂ ਵਿੱਚ 46.16 ਦੀ ਔਸਤ ਨਾਲ 554 ਦੌੜਾਂ ਬਣਾਈਆਂ ਹਨ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਸੀਜ਼ਨ ਵਿੱਚ ਲਗਾਤਾਰ ਚਾਰ ਮੈਚਾਂ ਵਿੱਚ 50 ਤੋਂ ਵੱਧ ਦਾ ਸਕੋਰ ਬਣਾਇਆ ਹੈ, ਜੋ ਕਿ ਇੱਕ ਨਵਾਂ ਰਿਕਾਰਡ ਹੈ।

ਮੈਚ ਦਾ ਹਾਲ
ਇਸ ਉੱਚ ਸਕੋਰ ਵਾਲੇ ਮੁਕਾਬਲੇ ਵਿੱਚ ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਫਿਨ ਐਲਨ (93) ਅਤੇ ਅੰਕ੍ਰਿਸ਼ ਰਘੂਵੰਸ਼ੀ (82*) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ ਵਿੱਚ 247/2 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ ਗੁਜਰਾਤ ਟਾਈਟਨਜ਼ ਦੀ ਟੀਮ ਕਪਤਾਨ ਸ਼ੁਭਮਨ ਗਿੱਲ (85), ਜੋਸ ਬਟਲਰ (57) ਅਤੇ ਸਾਈ ਸੁਦਰਸ਼ਨ (53*) ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 20 ਓਵਰਾਂ ਵਿੱਚ 218/4 ਦੌੜਾਂ ਹੀ ਬਣਾ ਸਕੀ ਅਤੇ ਇਹ ਮੈਚ ਹਾਰ ਗਈ। ਇਸ ਹਾਰ ਦੇ ਬਾਵਜੂਦ ਗੁਜਰਾਤ ਟਾਈਟਨਜ਼ 16 ਅੰਕਾਂ ਨਾਲ ਸੂਚੀ ਵਿੱਚ ਦੂਜੇ ਸਥਾਨ 'ਤੇ ਬਣੀ ਹੋਈ ਹੈ, ਜਦਕਿ ਕੋਲਕਾਤਾ ਨਾਈਟ ਰਾਈਡਰਜ਼ 11 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ।


author

Tarsem Singh

Content Editor

Related News