ਜਿਬੂਤੀ ’ਚ ਚੀਨੀ ਨਿਵੇਸ਼ ਤੋਂ ਅਮਰੀਕਾ ਤੇ ਫਰਾਂਸ ਚਿੰਤਤ ਕਿਉਂ

04/09/2019 2:25:23 AM

ਨਿਜ਼ਾਰ ਐੱਮ.

ਲਾਲ ਸਾਗਰ ਨੇੜੇ ਵਸੇ ਦੇਸ਼ ਜਿਬੂਤੀ ’ਚ ਟਰੇਨ ਰਾਹੀਂ ਸਫਰ ਕਰਦੇ ਸਮੇਂ ਮੋਬਾਇਲ ਦੀਆਂ ਘੰਟੀਆਂ ਦੇ ਨਾਲ ਹੀ ਸਥਾਨਕ ਭਾਸ਼ਾ ਸੁਣਾਈ ਦਿੰਦੀ ਹੈ। ਫਿਰ ਅਚਾਨਕ ਪੀਲੀ ਫਰਾਕ ਪਹਿਨੀ ਇਕ ਔਰਤ ਸੀਟ ’ਤੇ ਆ ਕੇ ਬੈਠਦੀ ਹੈ, ਜਿਸ ਦੀ ਟੋਕਰੀ ’ਚ ਚਾਹ ਤੇ ਕੌਫੀ ਹੈ। ਪਹਿਲੀ ਨਜ਼ਰੇ ਜਿਬੂਤੀ ਰੇਲਵੇ-ਅਦੀਸ ਅਬਾਬਾ ਬਾਰੇ ਕੋਈ ਚੀਨੀ ਵਿਸ਼ੇਸ਼ਤਾ ਨਜ਼ਰ ਨਹੀਂ ਆਉਂਦੀ ਪਰ ਅਚਾਨਕ ਤੁਹਾਡੀ ਨਜ਼ਰ ਟਰੇਨ ਦੇ ਚੀਨੀ ਡਰਾਈਵਰ ਅਤੇ ਡੱਬੇ ’ਚ ਬੈਠੇ ਕੁਝ ਚੀਨੀ ਮੁਸਾਫਿਰਾਂ ’ਤੇ ਪੈਂਦੀ ਹੈ। ਜਿਬੂਤੀ ਦੇ ਵਿੱਤ ਮੰਤਰੀ ਇਲਿਆਸ ਮੂਸਾ ਦਾ ਕਹਿਣਾ ਹੈ ਕਿ ਅਸਲ ’ਚ ਇਹ ਸਭ ਚੀਨ ਦਾ ਪ੍ਰਭਾਵ ਹੈ। ਚੀਨ ਵਲੋਂ ਦਿੱਤੇ ਭਾਰੀ ਕਰਜ਼ੇ ਤੋਂ ਬਿਨਾਂ ਰੇਲਵੇ ਆਪਣੀ ਮੌਜੂਦਾ ਸਥਿਤੀ ’ਚ ਨਹੀਂ ਰਹਿ ਸਕਦਾ ਸੀ। ਇਸ ’ਚ ਕੋਈ ਸ਼ੱਕ ਨਹੀਂ ਕਿ ਜਿਬੂਤੀ ਦੀ ਅਰਥ ਵਿਵਸਥਾ ਕਾਫੀ ਹੱਦ ਤਕ ਚੀਨ ਦੇ ਉਧਾਰ ’ਤੇ ਨਿਰਭਰ ਹੈ। ਜੇ ਜਿਬੂਤੀ ਰਣਨੀਤਕ ਤੌਰ ’ਤੇ ਇੰਨਾ ਅਹਿਮ ਨਾ ਹੁੰਦਾ ਤਾਂ ਚੀਨ ਉਸ ’ਚ ਦਿਲਚਸਪੀ ਨਾ ਲੈਂਦਾ। ਜ਼ਿਕਰਯੋਗ ਹੈ ਕਿ ਸਵੇਜ ਨਹਿਰ, ਲਾਲ ਸਾਗਰ ਅਤੇ ਹਿੰਦ ਮਹਾਸਾਗਰ ’ਚੋਂ ਆਉਣ-ਜਾਣ ਵਾਲੇ ਇਕ-ਤਿਹਾਈ ਜਹਾਜ਼ ਇਸ ਇਲਾਕੇ ਦੇ ਕੋਲੋਂ ਹੋ ਕੇ ਲੰਘਦੇ ਹਨ।

ਬੈਲਟ ਐਂਡ ਰੋਡ ਪ੍ਰੋਗਰਾਮ ਦਾ ਹਿੱਸਾ

ਚੀਨ ਦਾ ਇਹ ਪ੍ਰਾਜੈਕਟ ਬੈਲਟ ਐਂਡ ਰੋਡ ਪ੍ਰੋਗਰਾਮ ਦਾ ਹਿੱਸਾ ਹੈ, ਜੋ ਉਸ ਦੀ ਆਰਥਿਕ ਅਤੇ ਵਿਦੇਸ਼ ਨੀਤੀ ਨੂੰ ਦਰਸਾਉਂਦਾ ਹੈ, ਜਿਸ ਦੇ ਜ਼ਰੀਏ ਉਹ ਸੰਸਾਰਕ ਸਹਿਯੋਗੀਆਂ ਨੂੰ ਸੰਤੁਲਨ ’ਚ ਰੱਖਣਾ ਚਾਹੁੰਦਾ ਹੈ। ਜਿਬੂਤੀ ਅਤੇ ਚੀਨ ਦੇ ਇਸ ਵਧਦੇ ਗੱਠਜੋੜ ਤੋਂ ਪੈਰਿਸ ਅਤੇ ਵਾਸ਼ਿੰਗਟਨ ਚਿੰਤਤ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ਵਾਂਗ ਨੇ ਕਿਹਾ ਕਿ ਚੀਨ-ਅਫਰੀਕਾ ਸਹਿਯੋਗ ਦੇ ਫਲਦਾਇਕ ਨਤੀਜੇ ਪੂਰੇ ਅਫਰੀਕਾ ’ਚ ਦੇਖੇ ਜਾ ਸਕਦੇ ਹਨ, ਜਿਸ ਨਾਲ ਉਥੋਂ ਦੇ ਲੋਕਾਂ ਦੇ ਜੀਵਨ ’ਚ ਤਬਦੀਲੀ ਆਈ ਹੈ। ਇਸ ਤੋਂ ਬਾਅਦ ਜਿਬੂਤੀ ਵੱਡੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗਾ, ਜਿਸ ’ਚ ਉਸ ਦੇ ਆਪਣੇ ਹਿੱਤ ਵੀ ਲੁਕੇ ਹੋਏ ਹਨ। ਇਨ੍ਹਾਂ ’ਚ ਦੋਰਾਲੇਹ ਮਲਟੀਪਰਪਜ਼ ਬੰਦਰਗਾਹ, ਦੋਰਾਲੇਹ ਕੰਟੇਨਰ ਟਰਮੀਨਲ ਅਤੇ ਜਿਬੂਤੀ ਇੰਟਰਨੈਸ਼ਨਲ ਇੰਡਸਟ੍ਰੀਅਲ ਪਾਰਕਸ ਆਪ੍ਰੇਸ਼ਨ ਸ਼ਾਮਿਲ ਹਨ। ਸਭ ਤੋਂ ਪਹਿਲਾਂ ਚੀਨ ਦੀ ਫੌਜ ਨੇ ਇਥੇ ਸਪੋਰਟ ਬੇਸ ਸਥਾਪਿਤ ਕੀਤਾ ਸੀ।

ਘੋਰ ਗਰੀਬੀ

ਵਿਸ਼ਵ ਖੁਰਾਕ ਪ੍ਰੋਗਰਾਮ ਅਨੁਸਾਰ ਜਿਬੂਤੀ ਦੇ 79 ਫੀਸਦੀ ਲੋਕ ਗਰੀਬ ਹਨ ਅਤੇ 42 ਫੀਸਦੀ ਬੇਹੱਦ ਗਰੀਬੀ ’ਚ ਰਹਿ ਰਹੇ ਹਨ। ਇਸ ਦੇਸ਼ ਦੀ ਆਬਾਦੀ ਲੱਗਭਗ 10 ਲੱਖ ਹੈ ਅਤੇ ਇਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਪਸ਼ੂ ਪਾਲਣ ਦਾ ਧੰਦਾ ਹੈ। ਇਸ ਦੇਸ਼ ’ਚ ਮੁੱਖ ਕੁਦਰਤੀ ਸੋਮੇ ਲੂਣ ਅਤੇ ਜਿਪਸਮ ਹਨ ਤੇ ਇਹ ਆਪਣੀਆਂ ਅਨਾਜ ਸਬੰਧੀ ਲੋੜਾਂ ਦਾ 90 ਫੀਸਦੀ ਹਿੱਸਾ ਬਾਹਰੋਂ ਦਰਾਮਦ ਕਰਦਾ ਹੈ। ਵਿਸ਼ਾਲ ਖੇਤਰ ’ਚ ਫੈਲੇ ਇੰਟਰਨੈਸ਼ਨਲ ਇੰਡਸਟ੍ਰੀਅਲ ਪਾਰਕਸ ਆਪ੍ਰੇਸ਼ਨ ਖੇਤਰ ’ਚ ਲਾਲ ਲਾਲਟੇਨਾਂ ਅਜੇ ਵੀ ਲਟਕੀਆਂ ਹੋਈਆਂ ਹਨ, ਜੋ ਚੀਨ ਦੇ ਨਵੇਂ ਵਰ੍ਹੇ ਦੇ ਸਮਾਗਮ ਦੌਰਾਨ ਮਾਰਚ ’ਚ ਲਟਕਾਈਆਂ ਗਈਆਂ ਸਨ। ਇਸ ਮੁਕਤ ਵਪਾਰ ਖੇਤਰ ਦਾ 10 ਫੀਸਦੀ ਹਿੱਸਾ ਦਲਿਆਨ ਅਥਾਰਿਟੀ ਬੰਦਰਗਾਹ ਕੋਲ ਹੈ, ਜਦਕਿ 30 ਫੀਸਦੀ ਹਿੱਸਾ ਚਾਈਨਾ ਮਰਚੈਂਟਸ ਕੋਲ ਹੈ। ਜਿਵੇਂ-ਜਿਵੇਂ ਜਿਬੂਤੀ ਦਾ ਕਰਜ਼ਾ ਵਧ ਰਿਹਾ ਹੈ, ਤਿਵੇਂ-ਤਿਵੇਂ ਉਸ ’ਤੇ ਚੀਨ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ। ਕੌਮਾਂਤਰੀ ਮੁਦਰਾ ਫੰਡ ਦੀ 2017 ਦੀ ਰਿਪੋਰਟ ਅਨੁਸਾਰ ਜਿਬੂਤੀ ਦਾ ਕਰਜ਼ਾ ਉਸ ਦੇ ਕੁਲ ਘਰੇਲੂ ਉਤਪਾਦ ਦੇ 50 ਫੀਸਦੀ ਤੋਂ ਵਧ ਕੇ 85 ਫੀਸਦੀ ਹੋ ਗਿਆ ਹੈ, ਜਿਸ ’ਚ ਜ਼ਿਆਦਾਤਰ ਹਿੱਸਾ ਚੀਨ ਦਾ ਹੈ। ਦਸੰਬਰ ’ਚ ਆਈ. ਐੱਮ. ਐੱਫ. ਨੇ ਭਾਰੀ ਕਰਜ਼ੇ ਹੇਠ ਫਸਣ ’ਤੇ ਜਿਬੂਤੀ ਦੀ ਆਲੋਚਨਾ ਕੀਤੀ ਸੀ ਤੇ ਕਿਹਾ ਸੀ ਕਿ ਦੇਸ਼ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਜਿਬੂਤੀ ਦਾ ਵਿਚਾਰ ਚੰਗਾ ਹੈ ਪਰ ਉਸ ’ਤੇ ਵਧ ਰਹੇ ਬਹੁਤ ਜ਼ਿਆਦਾ ਕਰਜ਼ੇ ਕਾਰਨ ਉਹ ਸੰਕਟ ’ਚ ਫਸ ਰਿਹਾ ਹੈ। 2018 ਦੇ ਅਖੀਰ ’ਚ ਜਿਬੂਤੀ ਦਾ ਜਨਤਕ ਖੇਤਰ ਦਾ ਕਰਜ਼ਾ ਉਸ ਦੀ ਜੀ. ਡੀ. ਪੀ. ਦਾ ਲੱਗਭਗ 104 ਫੀਸਦੀ ਸੀ ਤੇ ਦੂਜੇ ਪਾਸੇ ਜਿਬੂਤੀ ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਦੇ ਵਿਕਾਸ ਲਈ ਕਰਜ਼ੇ ਦੀ ਲੋੜ ਹੈ। ਇਸ ਦਰਮਿਆਨ ਜਿਬੂਤੀ ਦੇ ਅਧਿਕਾਰੀਆਂ ਅਤੇ ਸਰਕਾਰ ਨੇ ਚੀਨ ਤੋਂ ਹੋਰ ਜ਼ਿਆਦਾ ਕਰਜ਼ਾ ਲੈਣ ਲਈ ਗੱਲਬਾਤ ਜਾਰੀ ਰੱਖੀ ਹੋਈ ਹੈ। ਜਿਬੂਤੀ ’ਚ ਚੀਨ ਮੁਸ਼ਕਿਲ ਨਾਲ ਇਕੋ-ਇਕ ਅਜਿਹਾ ਦੇਸ਼ ਹੈ, ਜਿਸ ਦੀ ਇਥੇ ਫੌਜ ਵੀ ਮੌਜੂਦ ਹੈ। ਅਮਰੀਕੀ-ਅਫਰੀਕਾ ਕਮਾਨ ਲਿਮੋਨੀਅਰ ਕੈਂਪ ’ਚ ਸਥਿਤ ਹੈ, ਜੋ ਅਮਰੀਕਾ ਦਾ ਅਫਰੀਕਾ ’ਚ ਇਕੋ-ਇਕ ਸਥਾਈ ਬੇਸ ਹੈ। ਜਾਪਾਨੀ, ਇਤਾਲਵੀ ਅਤੇ ਸਪੈਨਿਸ਼ ਵੀ ਇਥੇ ਹਨ। ਫਰਾਂਸ ਦਾ 1894 ਤੋਂ ਇਥੇ ਪ੍ਰਭਾਵ ਰਿਹਾ ਹੈ। ਅੱਜ ਜਿਸ ਨੂੰ ਜਿਬੂਤੀ ਕਿਹਾ ਜਾਂਦਾ ਹੈ, ਉਹ ਕਿਸੇ ਸਮੇਂ 1977 ਤਕ ਫ੍ਰੈਂਚ ਸੋਮਾਲੀ ਜ਼ਮੀਨ ਦੀ ਇਕ ਬਸਤੀ ਸੀ।

ਮੈਕ੍ਰੋਨ ਦਾ ਜਿਬੂਤੀ ਦੌਰਾ

ਮਾਰਚ ’ਚ ਜਿਬੂਤੀ ਦੇ ਦੌਰੇ ’ਤੇ ਆਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਨ ਨੇ ਕਿਹਾ ਸੀ ਕਿ ਉਹ ਇਸ ਖੇਤਰ ’ਚ ਆਪਣਾ ਪ੍ਰਭਾਵ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਚੀਨ ’ਤੇ ਜ਼ਿਆਦਾ ਨਿਰਭਰਤਾ ਲਈ ਜਿਬੂਤੀ ਦੀ ਆਲੋਚਨਾ ਕੀਤੀ ਸੀ ਤੇ ਕਿਹਾ ਸੀ ਕਿ ਥੋੜ੍ਹੀ ਮਿਆਦ ’ਚ ਜੋ ਚੰਗਾ ਲੱਗਦਾ ਹੈ, ਉਹ ਅੱਗੇ ਚੱਲ ਕੇ ਮੁਸ਼ਕਿਲ ਵੀ ਪੈਦਾ ਕਰ ਸਕਦਾ ਹੈ। ਮੈਕ੍ਰੋਨ ਨੇ ਕਿਹਾ ਸੀ ਕਿ ਉਹ ਨਹੀਂ ਚਾਹੁਣਗੇ ਕਿ ਕੌਮਾਂਤਰੀ ਨਿਵੇਸ਼ਕਾਂ ਦੀ ਨਵੀਂ ਪੀੜ੍ਹੀ ਉਨ੍ਹਾਂ ਦੇ ਪੁਰਾਣੇ ਸਹਿਯੋਗੀਆਂ ਦੇ ਖੇਤਰ ’ਚ ਕਬਜ਼ਾ ਕਰੇ। ਇਹੋ ਗੱਲ ਅਮਰੀਕਾ ਵੀ ਕਹਿੰਦਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਦਸੰਬਰ ’ਚ ਵਾਸ਼ਿੰਗਟਨ ਵਿਖੇ ਆਪਣੇ ਇਕ ਭਾਸ਼ਣ ਦੌਰਾਨ ਕਿਹਾ ਸੀ ਕਿ ਚੀਨ ਅਫਰੀਕੀ ਦੇਸ਼ਾਂ ’ਤੇ ਆਪਣੀ ਮਰਜ਼ੀ ਠੋਸਣ ਲਈ ਰਿਸ਼ਵਤ, ਸਮਝੌਤਿਆਂ ਤੇ ਕਰਜ਼ੇ ਦਾ ਸਹਾਰਾ ਲੈਂਦਾ ਹੈ।

(‘ਬਲੂਮਬਰਗ’ ਤੋਂ ਧੰਨਵਾਦ ਸਹਿਤ)
 


Bharat Thapa

Content Editor

Related News