ਕਿਉਂ ਹੋਇਆ ਤਨਿਸ਼ਕ ਇਸ਼ਤਿਹਾਰ ’ਤੇ ਵਿਵਾਦ

10/23/2020 2:31:15 AM

ਜੂਲੀਓ ਰਿਬੈਰੋ

ਅਜਿਹੇ ਸਮੇਂ ’ਚ ਜਦੋਂ ਚਾਰੇ ਪਾਸੇ ਨਫਰਤ ਭਰਿਆ ਮਾਹੌਲ ਨਜ਼ਰ ਆਉਂਦਾ ਹੈ, ਵਿਸ਼ੇਸ਼ ਤੌਰ ’ਤੇ ਅਨਪੜ੍ਹ ਲੋਕਾਂ ’ਚ, ਸ਼ਾਇਦ ਇਹੀ ਉਚਿਤ ਰਹਿੰਦਾ ਕਿ ਟਾਈਟਨ ਨੂੰ ਸਮਾਜਿਕ ਸੁਧਾਰਾਂ ਦੀ ਵਕਾਲਤ ਕਰਨ ਵਾਲਾ ਇਸ਼ਤਿਹਾਰ ਤਿਆਰ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ। ਸਾਰੇ ਚੰਗੇ ਵਪਾਰਕ ਘਰਾਣਿਆਂ ਵਾਂਗ ਕਿਸੇ ਨੂੰ ਵੀ ਆਪਣੇ ਮੂਲ ਕਾਰਜ ’ਤੇ ਹੀ ਧਿਆਨ ਦੇਣ ਦੀ ਸਲਾਹ ਦੇਣਾ ਸਹੀ ਹੁੰਦਾ, ਜਿਸ ਪ੍ਰਤੀ ਟਾਟਾ ਵਰਗੇ ਘਰਾਣੇ ਪ੍ਰਤੀਬੱਧ ਹਨ।

ਇਹ ਸੱਚ ਹੈ ਕਿ 2014 ਤੋਂ ਬਾਅਦ ਪਿਆਰ ਅਤੇੇ ਕਰੁਣਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਰ ਇਨ੍ਹਾਂ ਦੀ ਵਾਪਸੀ ਦਾ ਕੰਮ ਸਿਆਸੀ ਆਗੂਆਂ ਅਤੇ ਵਰਕਰਾਂ ’ਤੇ ਛੱਡ ਦੇਣਾ ਚਾਹੀਦਾ ਹੈ। ਇਹ ਆਮ ਦੌਰ ਨਹੀਂ ਹੈ। ਬੇਭਰੋਸਗੀ ਅਤੇ ਨਫਰਤ ਨਾਗਰਿਕਾਂ ਵਿਚ ਡੂੰਘੇ ਤੱਕ ਘਰ ਕਰ ਚੁਕੀ ਹੈ। ਜਿਨ੍ਹਾਂ ਸੂਬਿਆਂ ’ਚ ਭਗਵਾ ਪਾਰਟੀ ਦਾ ਦਬਦਬਾ ਹੈ, ਉੱਥੇ ਦੰਗਾ ਫੈਲਾਉਣ ਵਾਲੇ ਦੱਖਣ ਪੰਥੀਆਂ ਦੀ ਲਗਾਮ ਕੱਸਣ ਲਈ ਪੁਲਸ ਦੇ ਦਖਲ ਦੀ ਸੰਭਾਵਨਾ ਘੱਟ ਹੈ।

ਇਥੋਂ ਤੱਕ ਕਿ ਵਿਰੋਧੀ ਧਿਰ ਸ਼ਾਸਿਤ ਸੂਬਿਆਂ ’ਚ ਵੀ ਫਿਰਕੂ ਹਿੰਸਾ ਫੈਲਣ ਦੇ ਡਰ ਕਾਰਣ ਪੁਲਸ ਉਨ੍ਹਾਂ ਨਾਲ ਭਿੜਨ ਲਈ ਅਣਇੱਛੁਕ ਹੋਵੇਗੀ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਸਥਿਤੀ ਦੇ ਅਨੁਸਾਰ ਤੁਰੰਤ ਫੈਸਲੇ ਲੈਣੇ ਪੈਂਦੇ ਹਨ ਅਤੇ ਅਜਿਹੇ ਸੰਕਟਪੂਰਨ ਅਤੇ ਭੜਕਾਊ ਸਮੇਂ ’ਚ ਸਥਿਤੀ ਹੱਥੋਂ ਨਿਕਲਣ ਦੇ ਡਰ ਕਾਰਣ ਉਨ੍ਹਾਂ ਲਈ ਭੜਕੀ ਹੋਈ ਭੀੜ ਦਾ ਸਾਹਮਣਾ ਕਰਨਾ ਔਖਾ ਹੁੰਦਾ ਹੈ।

ਟਾਟਾ ਸਮੂਹ ਦੀ ਕੰਪਨੀ ਟਾਈਟਨ ਜੋ ਘੜੀਆਂ ਅਤੇ ਗਹਿਣਿਆਂ ਦਾ ਨਿਰਮਾਣ ਕਰਦੀ ਹੈ, ਜਿਨ੍ਹਾਂ ’ਚੋਂ ਕੁਝ ਲਗਜ਼ਰੀ ਕਿਸਮ ਦੀਆਂ ਹੁੰਦੀਆਂ ਹਨ ਤਾਂ ਕੁਝ ਨਹੀਂ, ਪਿਛਲੇ ਹਫਤੇ ਦਿਲਚਸਪੀ ਅਤੇ ਵਿਵਾਦ ਦਾ ਵਿਸ਼ਾ ਸੀ। ਨਰਾਤੇ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੌਰਾਨ ਆਪਣੇ ਗਹਿਣੇ ਵੇਚਣ ਲਈ ਇਸ ਨੇ ਇਕ ਇਸ਼ਤਿਹਾਰ ਜਾਰੀ ਕੀਤਾ, ਜਿਸ ’ਚ ਦਿਖਾਇਆ ਗਿਆ ਕਿ ਮੁਸਲਿਮ ਲੜਕੇ ਨਾਲ ਵਿਆਹੁਤਾ ਇਕ ਗਰਭਵਤੀ ਇਕ ਹਿੰਦੂ ਲੜਕੀ ਦੀ ਲਾਡ-ਪਿਆਰ ਕਰਨ ਵਾਲੀ ਸੱਸ ਆਪਣੇ ਮੁਸਲਿਮ ਘਰ ’ਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਉਸ ਦੀ ਗੋਦ ਭਰਾਈ ਆਯੋਜਿਤ ਕਰਦੀ ਹੈ।

ਅਜਿਹਾ ਉਨ੍ਹਾਂ ਸੁਲਝੇ ਪਰਿਵਾਰਾਂ ਵਿਚ ਹੋ ਸਕਦਾ ਹੈ, ਜਿੱਥੇ ਹੋਂਦ ਦਾ ਇਕੋ-ਇਕ ਮਕਸਦ ਧਰਮ ਨੂੰ ਨਾ ਸਮਝਿਆ ਜਾਂਦਾ ਹੋਵੇ ਪਰ ਮੱਧਵਰਗੀ ਪਰਿਵਾਰਾਂ ਵਿਚ ਇਸ ਦੀ ਸੰਭਾਵਨਾ ਘੱਟ ਹੈ। ਈਸਾਈ ਧਰਮ, ਜਿਸ ਵਿਚ ਵੀ ਧਰਮ ਪਰਿਵਰਤਨ ਦਾ ਰਿਵਾਜ ਹੈ, ਦੇ ਉਲਟ ਇਸਲਾਮ ਧਰਮ ਨੇ ਆਪਣਾ ਮੂਲ ਵਿਸ਼ਵਾਸ ਨਹੀਂ ਬਦਲਿਆ ਹੈ ਕਿ ਇਹੀ ਇਕੋ-ਇਕ ਸੱਚਾ ਧਰਮ ਹੈ! ਇਸ ਵਿਸ਼ਵਾਸ ਦੇ ਆਧਾਰ ’ਤੇ ਇਹ ਗੈਰ-ਮੁਸਲਿਮ ਜੀਵਨ ਸਾਥੀ ਦੇ ਇਸਲਾਮ ਅਪਣਾਉਣ ’ਤੇ ਜ਼ੋਰ ਦਿੰਦਾ ਹੈ ਅਤੇ ਇਹੀ ‘ਫਸਾਦ’ ਦੀ ਜੜ੍ਹ ਹੈ।

ਮੁੱਖ ਈਸਾਈ ਫਿਰਕਾ ਰੋਮਨ ਕੈਥੋਲਿਕ ਨੇ ਇਸ ਸ਼ਰਤ ਨੂੰ ਬਹੁਤ ਪਹਿਲਾਂ ਹੀ ਖਤਮ ਕਰ ਦਿੱਤਾ ਸੀ। ਪਤੀ-ਪਤਨੀ ਆਪਣੇ-ਆਪਣੇ ਈਸ਼ਵਰ ਦੀ ਉਪਾਸਨਾ ਕਰਨ ਲਈ ਆਜ਼ਾਦ ਹਨ। ਪਤੀ-ਪਤਨੀ ਘਰ ਵਿਚ ਕੋਈ ਵਿਵਾਦ ਜਾਂ ਮਤਭੇਦ ਪੈਦਾ ਕੀਤੇ ਬਿਨਾਂ ਆਪਣੀ-ਆਪਣੀ ਆਸਥਾ ਦਾ ਪਾਲਣ ਕਰਦੇ ਹਨ। ਬੇਸ਼ੱਕ ਉਹ ਇਕ-ਦੂਸਰੇ ਦੇ ਧਰਮ ਪ੍ਰਤੀ ਉਦਾਸੀਨ ਹੋਣ।

ਇਹ ਸੱਚਾਈ ਹੈ ਕਿ 1914 ਵਿਚ ਹਿੰਦੂ ਧਰਮ ਦੇ ??????ਬੜਬੇਲੋ????? ਹੋਣ ਤੋਂ ਬਾਅਦ ਕੱਟੜ ਹਿੰਦੂ ਤੱਤਾਂ ਨੇ ਹਿੰਦੂ ਲੜਕੀਆਂ ਦੇ ਮੁਸਲਿਮ ਲੜਕਿਆਂ ਨਾਲ ਰੋਮਾਂਸ ਦਾ ਵਿਰੋਧ ਕੀਤਾ ਹੈ। ਹਾਲਾਂਕਿ ਮੈਨੂੰ ਅਜਿਹਾ ਵਿਰੋਧ ਮਹਿਸੂਸ ਨਹੀਂ ਹੋਇਆ, ਜੇਕਰ ਹਿੰਦੂ ਲੜਕੇ ਮੁਸਲਿਮ ਲੜਕੀਆਂ ਨਾਲ ਵਿਆਹ ਕਰਦੇ ਹਨ।

ਅਸਲ ’ਚ ਮਿਸ਼ਰਿਤ ਵਿਆਹ ਅੱਜਕਲ ਭਾਰਤ ਵਿਚ ਬਹੁਤ ਹੀ ਦੁਰਲੱਭ ਹਨ। ਅਾਧੁਨਿਕ ਭਾਰਤ ਨੂੰ ਪ੍ਰਭਾਸ਼ਿਤ ਕਰਨ ਵਾਲੇ ਪੰਥ, ਜਾਤੀ ਅਤੇ ਸੱਭਿਆਚਾਰਾਂ ਦੇ ਵੱਡੇ ਪੈਮਾਨੇ ’ਤੇ ਮਿਸ਼ਰਨ ਨੂੰ ਦੇਖਦੇ ਹੋਏ ਇਹ ਆਸ ਕਰਨੀ ਚਾਹੀਦੀ ਹੈ ਕਿ ਲੜਕੇ-ਲੜਕੀ ਦੇ ਪਿਆਰ ’ਚ ਧਾਰਮਿਕ ਅਤੇ ਜਾਤੀ ਦੀਆਂ ਹੱਦਾਂ ਵਾਰ-ਵਾਰ ਪਾਰ ਹੋਣਗੀਆਂ, ਵਿਸ਼ੇਸ਼ ਤੌਰ ’ਤੇ ਸ਼ਹਿਰਾਂ ’ਚ ਜਿਥੇ ਧਾਰਮਿਕ ਅੰਤਰ ਕੁਝ ਘੱਟ ਮਾਇਨੇ ਰੱਖਦੇ ਹਨ।

ਹਿੰਦੂ ਅਧਿਕਾਰ ਦੀਆਂ ਗੱਲਾਂ ਮੁੱਖ ਤੌਰ ’ਤੇ : ਘੱਟ ਸੁਲਝੇ ਪਿਛੋਕੜ ਵਾਲਿਆਂ ਵੱਲੋਂ ਉੱਠਦੀਆਂ ਹਨ। ਲਵ ਜੇਹਾਦ ਦਾ ਦੋਸ਼ ਬਹੁਗਿਣਤੀ ਭਾਈਚਾਰੇ ਦੇ ਇਸ ਵਰਗ ਨਾਲ ਜੁੜਿਆ ਹੈ। ਇਹ ਤੱਥ ਇਸ਼ਤਿਹਾਰਦਾਤਿਆਂ ਨੂੰ ਵੀ ਜ਼ਰੂਰ ਪਤਾ ਹੋਵੇਗਾ। ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ ਟਾਈਟਨ ’ਚ ਫੈਸਲਾ ਲੈਣ ਵਾਲਿਆਂ ਨੇ ਇਸ ਪ੍ਰਤੀਕਿਰਿਆ ਦੀ ਸੰਭਾਵਨਾ ਨਾ ਮਹਿਸੂਸ ਕੀਤੀ ਹੋਵੇ ਅਤੇ ਉਸਦੇ ਬਾਵਜੂਦ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਅੱਗੇ ਵਧਾਇਆ। ਇਸ ਤੋਂ ਪਹਿਲਾਂ ਵੀ ਟਾਈਟਨ ਨੂੰ ਤਾਮਿਲਨਾਡੂ ’ਚ ਅਜਿਹਾ ਹੀ ਇਕ ਤਜਰਬਾ ਹੋਇਆ ਸੀ, ਜਿੱਥੇ ਇਕ ਇਸ਼ਤਿਹਾਰ ’ਚ ਤਾਮਿਲ ਬ੍ਰਾਹਮਣਾਂ ਦਾ ਅਕਸ ਬਿਹਤਰ ਦਿਖਾਉਣ ’ਤੇ ਇਸ ਨੂੰ ਵਾਪਸ ਲੈਣਾ ਪਿਆ ਸੀ।

ਤਾਮਿਲਨਾਡੂ ਦੇ ਤਜਰਬੇ ਤੋਂ ਬਾਅਦ ਟਾਈਟਨ ਆਮ ਤੌਰ ’ਤੇ ਦੇਸ਼ ਦੇ ਉੱਤਰ ਵਿਚ ਇਸ ਤੋਂ ਵੀ ਵੱਡੇ ਖਤਰੇ ਦਾ ਸਾਹਮਣਾ ਨਹੀਂ ਕਰ ਸਕਦਾ ਸੀ, ਜਿੱਥੇ ਹਿੰਦੂਤਵ ਕੱਟੜਪੰਥੀ ਹਰ ਨੁੱਕਰ ਵਿਚ ਮੌਜੂਦ ਹੋਣਗੇ। ਇਸ ਲਈ ਜੇਕਰ ਸਭ ਕੁਝ ਜਾਣਦੇ ਹੋਏ ਵੀ ਉਨ੍ਹਾਂ ਨੇ ਅੱਗੇ ਵਧਣ ’ਤੇ ਜ਼ੋਰ ਦਿੱਤਾ ਤਾਂ ਇਸ ਲਈ ਕਿਉਂਕਿ ਇਹ ਸਭ ਦਾ ਧਿਆਨ ਉਨ੍ਹਾਂ ਵੱਲ ਆਕਰਸ਼ਿਤ ਕਰਦਾ ਹੈ, ਜੋ ਵਿਕਰੀ ’ਚ ਬਦਲ ਸਕਦਾ ਹੈ। ਸਿਰਫ ਟਾਈਟਨ ਅਤੇ ਬਾਜ਼ਾਰ ਦੀਆਂ ਤਾਕਤਾਂ ਹੀ ਆਖਿਰਕਾਰ ਸਾਨੂੰ ਦੱਸ ਸਕਦੀਆਂ ਹਨ ਕਿ ਉਨ੍ਹਾਂ ਦਾ ਇਹ ਦਾਅ ਕੰਮ ਕਰ ਗਿਆ, ਜੇਕਰ ਅਸਲ ’ਚ ਇਹ ਇਕ ਤਰ੍ਹਾਂ ਦਾ ਜੂਆ ਸੀ!

ਤਨਿਸ਼ਕ ਇਸ਼ਤਿਹਾਰ ਦੇ ਮਾਮਲੇ ’ਚ ਜਿਸ ਤਰ੍ਹਾਂ ਗੁਜਰਾਤ ’ਚ ਦਰਜ ਹਿੰਸਾ ਦੇ ਸਾਹਮਣੇ ਸੂਬਾ ਅਤੇ ਸਥਾਨਕ ਸਰਕਾਰਾਂ ਝੁਕੀਆਂ, ਉਹ ਅਜਿਹਾ ਤੱਥ ਹੈ, ਜੋ ਮੋਦੀ ਜੀ ਦੇ ਸਿਆਸੀ ਖਿੱਤੇ ’ਤੇ ਚਮਕਣ ਤੋਂ ਪਹਿਲਾਂ ਹੀ ਮੌਜੂਦ ਹੈ।

ਇਨ੍ਹਾਂ ਲੋਕਾਂ ਦਾ ਪਸੰਦੀਦਾ ਟੀਚਾ ਸਿਨੇਮਾ ਹਾਲ ਰਹੇ ਹਨ। ਸ਼ਿਵ ਸੈਨਾ ਅਤੇ ਹੁਣ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਇਨ੍ਹਾਂ ਫਿਲਮਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਜਾਣੀਆਂ ਜਾਂਦੀਆਂ ਹਨ, ਜੋ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਰਾਜਪੂਤਾਂ ਨੇ ਵੀ ਕੁਝ ਉੱਤਰੀ ਸੂਬਿਆਂ ’ਚ ਅਜਿਹਾ ਕੀਤਾ ਹੈ। ਇਕ ਅਣਪਛਾਤੇ ਮਰਾਠਾ ਸੰਗਠਨ ਨੇ ਪੁਣੇ ਸ਼ਹਿਰ ’ਚ ਇਕ ਉੱਚ ਪੱਧਰੀ ਲਾਇਬ੍ਰੇਰੀ ਅਤੇ ਦੁਰਲੱਭ ਇਤਿਹਾਸਕ ਪੁਸਤਕਾਂ ਦੇ ਸੰਗ੍ਰਹਿ ਨੂੰ ਸਾੜ ਦਿੱਤਾ।

ਅਜਿਹੇ ਸਮੇਂ ’ਚ ਅਧਿਕਾਰੀਆਂ ਅਤੇ ਪੁਲਸ ਲਈ ਦਖਲ ਦੇਣਾ ਸੌਖਾ ਨਹੀਂ। ਭਾਵਨਾਤਮਕ ਮੁੱਦਿਆਂ ’ਤੇ ਸਿੱਧੇ ਟਕਰਾਅ ਨੂੰ ਉਨ੍ਹਾਂ ਵਿਵਾਦਾਂ ਲਈ ਰਾਖਵਾਂ ਰੱਖਣਾ ਚਾਹੀਦਾ ਹੈ, ਜੋ ਰਾਸ਼ਟਰੀ ਜਾਂ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੇ ਹਨ ਕਿਉਂਕਿ ਆਮ ਅਾਬਾਦੀ ਦੀ ਸੀਮਿਤ ਦਿਲਚਸਪੀ ਵਾਲੇ ਵਿਵਾਦਾਂ ’ਚ ਪ੍ਰਤੱਖ ਟਕਰਾਅ ਵੱਡੇ ਸੰਘਰਸ਼ਾਂ ’ਚ ਬਦਲ ਸਕਦਾ ਹੈ, ਜਿਸ ਤੋਂ ਹਰ ਕੀਮਤ ’ਤੇ ਬਚਣ ਦੀ ਲੋੜ ਹੈ।

ਉਦਾਹਰਣ ਲਈ ਜੇਕਰ ਗੁਜਰਾਤ ਪੁਲਸ ਤਨਿਸ਼ਕ ਇਸ਼ਤਿਹਾਰ ਦੇ ਵਿਰੋਧੀਆਂ ’ਤੇ ਸਖਤੀ ਕਰਦੀ ਤਾਂ ਫਿਰਕੂ ਦੰਗਿਆਂ ਦੀ ਸੰਭਾਵਨਾ ਵਧ ਜਾਂਦੀ। ਇਹ ਸੱਚ ਹੈ ਕਿ ਪੁਲਸ ਕਾਨੂੰਨ ਨੂੰ ਲਾਗੂ ਕਰਨ ਲਈ ਪਾਬੰਦ ਹੈ ਪਰ ਅੱਜ ਦੇ ਸਮੇਂ ’ਚ ਇਸ ਨੂੰ ਸੱਤਾਧਾਰੀ ਪਾਰਟੀ ਦੇ ਸਮਰਥਨ ਦੀ ਵੀ ਲੋੜ ਹੈ! ਗੁਜਰਾਤ ਵਿਚ ਇਹ ਸਮਰਥਨ ਗੈਰ-ਹਾਜ਼ਰ ਹੋਵੇਗਾ!

ਟਾਈਟਨ ਅਸਲ ’ਚ ਇਸ ਇਸ਼ਤਿਹਾਰ ਨਾਲ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ? ਬੇਸ਼ੱਕ ਉਹ ਆਪਣੇ ਉਤਪਾਦਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਾਇਦ ਆਪਣੀਆਂ ਦੁਕਾਨਾਂ ’ਤੇ ਹੋਣ ਵਾਲੇ ਹਮਲਿਆਂ ਤੋਂ ਮਿਲੇ ਪ੍ਰਚਾਰ ਨਾਲ ਇਸ ਨੂੰ ਲਾਭ ਹੋ ਸਕਦਾ ਹੈ ਪਰ ਇਸ ਦੀ ਇਕ ਕੀਮਤ ਹੈ। ਕੀ ਇਹ ਨਾਲ ਹੀ ਨਾਲ ਇਕ ਸਮਾਜ ਸੁਧਾਰ ਦਾ ਯਤਨ ਵੀ ਕਰ ਰਿਹਾ ਸੀ? ਉਹ ਅਜਿਹੀਆਂ ਭੂਮਿਕਾਵਾਂ ਲਈ ਢੁਕਵੇਂ ਨਹੀਂ ਹਨ ਅਤੇ ਨਾ ਹੀ ਕੋਈ ਹੋਰ ਕਾਰੋਬਾਰ।

ਫਿਰਕੂ ਨਫਰਤ ਦੇ ਵਾਇਰਸ ਨੂੰ ਕਾਬੂ ਕਰਨਾ ਚਾਹੀਦਾ ਹੈੈ, ਨਹੀਂ ਤਾਂ ਸਾਡੀ ਤਰੱਕੀ ਨੂੰ ਉਸ ਤੋਂ ਵੀ ਵੱਧ ਨੁਕਸਾਨ ਪਹੁੰਚ ਸਕਦਾ ਹੈ, ਜਿੰਨਾ ਕਿ ਨੋਟਬੰਦੀ ਨਾਲ ਪਹੰੁਚਿਆ ਜਾਂ ਹੁਣ ਮਹਾਮਾਰੀ ਕਾਰਣ ਹੋ ਚੁੱਕਾ ਹੈ ਅਤੇ ਜਾਰੀ ਹੈ। ਇਸ ਦੀ ਕਲਪਨਾ ਅਤੇ ਮੁਕਾਬਲਾ ਸਾਡੇ ਨੌਜਵਾਨਾਂ ਨੂੰ ਕਰਨਾ ਹੋਵੇਗਾ। ਇਸ ਖਤਰੇ ਨਾਲ ਲੜਨ ਦੀ ਜ਼ਿੰਮੇਵਾਰੀ ਟਾਈਟਨ ਨਹੀਂ, ਨੌਜਵਾਨ ਭਾਰਤ ਨੂੰ ਚੁੱਕਣੀ ਹੋਵੇਗੀ।


Bharat Thapa

Content Editor

Related News