ਸਾਰੀਆਂ ਰਵਾਇਤਾਂ ਦੇ ਕੋੜੇ ਔਰਤਾਂ ਦੀ ਪਿੱਠ ’ਤੇ ਹੀ ਕਿਉਂ ਪੈਣ

Thursday, Jan 03, 2019 - 07:46 AM (IST)

ਸਾਰੀਆਂ ਰਵਾਇਤਾਂ ਦੇ ਕੋੜੇ ਔਰਤਾਂ ਦੀ ਪਿੱਠ ’ਤੇ ਹੀ ਕਿਉਂ ਪੈਣ

ਹੁਣੇ ਜਿਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ ਦੌਰਾਨ ਸਬਰੀਮਾਲਾ ਅਤੇ ਤਿੰਨ ਤਲਾਕ ਦੇ ਮੁੱਦੇ ਉੱਤੇ ਜਵਾਬ ਦਿੰਦਿਆਂ ਕਿਹਾ ਕਿ ਤਿੰਨ ਤਲਾਕ ਦਾ ਮੁੱਦਾ ਔਰਤਾਂ-ਮਰਦਾਂ ਦੀ ਬਰਾਬਰੀ ਦਾ ਹੈ ਅਤੇ ਸਬਰੀਮਾਲਾ ਦਾ ਮੁੱਦਾ ਰਵਾਇਤ ਨਾਲ ਜੁੜਿਆ ਹੋਇਆ ਹੈ। 
ਜਦੋਂ ਸਬਰੀਮਾਲਾ ਦੇ ਮੁੱਦੇ ’ਤੇ ਬਹਿਸ ਚੱਲ ਰਹੀ ਸੀ ਤਾਂ ਜੋ ਲੋਕ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇ ਉੱਥੇ ਜਾਣ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਨੇ ਵੀ ਕੁਝ ਅਜਿਹੀਆਂ ਗੱਲਾਂ ਕੀਤੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਥੋਂ ਦੇ ਭਗਵਾਨ ਅਯੱਪਾ ਦੀ ਆਪਣੀ ਮਰਜ਼ੀ ਦਾ ਹੈ   ਕਿ  ਇਸ ਉਮਰ ਵਰਗ  ਦੀਆਂ ਔਰਤਾਂ ਮੰਦਰ ’ਚ ਨਾ ਜਾਣ।  
ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਤਿੰਨ ਤਲਾਕ ਦਾ ਮੁੱਦਾ ਵੀ ਮੁਸਲਮਾਨਾਂ ਦੀ ਆਪਣੀ ਰਵਾਇਤ ਨਾਲ ਜੁੜਿਆ ਹੋਇਆ ਹੈ। ਬਰਾਬਰੀ ਦੇ ਨਾਂ ’ਤੇ  ਉਸ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ? ਪਰ ਇਹ ਉਨ੍ਹਾਂ ਔਰਤਾਂ ਨਾਲ ਬੇਇਨਸਾਫੀ ਕਰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਝੱਟਪਟ ਤਿੰਨ ਤਲਾਕ ਦੇ ਦਿੰਦੇ ਹਨ ਅਤੇ ਔਰਤਾਂ ਨੂੰ ਬਾਲ-ਬੱਚਿਆਂ ਸਮੇਤ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਇਕੱਲੀਆਂ ਛੱਡ ਦਿੰਦੇ ਹਨ।
ਇਹ ਕਿਹੋ ਜਿਹੀ ਬਰਾਬਰੀ 
ਜੇ ਤਿੰਨ ਤਲਾਕ ਦਾ ਮੁੱਦਾ ਔਰਤਾਂ ਦੀ ਬਰਾਬਰੀ ਨਾਲ ਜੁੜਿਆ ਹੋਇਅਾ ਹੈ ਤਾਂ ਸਬਰੀਮਾਲਾ ਵੀ ਅਜਿਹਾ ਹੀ ਮੁੱਦਾ ਹੈ। ਔਰਤਾਂ ਮੰਦਰ ’ਚ ਨਾ ਜਾਣ, ਇਸ ਦਾ ਫੈਸਲਾ ਕਰਨ ਵਾਲੇ ਇਸ ਨੂੰ ਸਹੀ ਕਿਵੇਂ ਠਹਿਰਾ ਸਕਦੇ ਹਨ। ਸਭ ਤੋਂ ਅਫਸੋਸਨਾਕ ਗੱਲ ਇਹ ਹੈ ਕਿ ਇਥੇ ਭਾਜਪਾ ਤੇ ਕਾਂਗਰਸ ਔਰਤਾਂ ਦੇ ਮੁੱਦਿਆਂ ਨੂੰ ਨਿਪਟਾਉਣ ਲਈ ਦਿਨ-ਰਾਤ ਦੁਬਲੀਆਂ ਹੋਈ ਜਾਂਦੀਆਂ ਹਨ, ਉਹ ਸਬਰੀਮਾਲਾ ਦੇ ਮੁੱਦੇ ’ਤੇ ਔਰਤਾਂ ਦੇ ਉੱਥੇ ਜਾਣ ਦਾ ਵਿਰੋਧ ਰਵਾਇਤ ਦੇ ਨਾਂ ’ਤੇ ਕਰ ਰਹੀਆਂ ਹਨ।
ਇਹ ਕਿਹੋ ਜਿਹੀ ਬਰਾਬਰੀ ਹੈ? ਜਦੋਂ ਵੀ ਸੁਧਾਰਾਤਮਕ ਕਦਮ ਚੁੱਕੇ ਜਾਂਦੇ ਹਨ ਤਾਂ ਉਹ ਕਿਸੇ ਨਾ ਕਿਸੇ ਚੱਲੀ  ਆ ਰਹੀ ਰਵਾਇਤ ਨੂੰ ਹੀ ਚੁਣੌਤੀ ਦਿੰਦੇ ਹਨ। ਜੇ ਰਵਾਇਤ ਦੀ ਗੱਲ ਮੰਨੀ ਜਾਵੇ ਤਾਂ ਕਦੇ ਕੋਈ ਸੁਧਾਰ  ਹੋਵੇਗਾ ਹੀ ਨਹੀਂ। 
ਪਿਛਲੇ ਦਿਨੀਂ ਜਦੋਂ ਸ਼ਨੀ ਸ਼ਿੰਗਣਾਪੁਰ ਅਤੇ ਹਾਜੀ ਅਲੀ ’ਚ ਔਰਤਾਂ ਦੇ ਦਾਖਲੇ ਦੇ ਮੁੱਦੇ ਨੂੰ ਲੈ ਕੇ ਤ੍ਰਿਪਤੀ ਦੇਸਾਈ ਦੀ ਅਗਵਾਈ ਹੇਠ ਅੰਦੋਲਨ ਚਲਾਇਆ ਗਿਆ ਸੀ, ਉਦੋਂ ਵੀ ਅਜਿਹੀਆਂ ਹੀ ਬਹਿਸਾਂ ਦੇਖਣ ਨੂੰ ਮਿਲੀਆਂ ਸਨ, ਹਾਲਾਂਕਿ ਬਾਅਦ ਵਿਚ ਔਰਤਾਂ ਨੂੰ ਇਨ੍ਹਾਂ ਥਾਵਾਂ ’ਤੇ ਦਾਖਲ ਹੋਣ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਜਦੋਂ ਬੰਗਾਲ ’ਚ ਰਾਜਾ ਰਾਮਮੋਹਨ ਰਾਏ, ਮਾਈਕਲ ਮਧੂਸੂਦਨ ਦੱਤ, ਈਸ਼ਵਰ ਚੰਦਰ ਵਿਦਿਆਸਾਗਰ, ਮਹਾਰਾਸ਼ਟਰ ਵਿਚ ਜਯੋਤਿਬਾ ਫੂਲੇ, ਸਵਿੱਤਰੀ ਬਾਈ ਫੂਲੇ, ਰਾਣਾ ਡੇ, ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ ਆਦਿ ਨੇ ਔਰਤਾਂ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਸੀ ਤਾਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। 
ਬੰਗਾਲ ’ਚ ਰਾਜਾ ਰਾਮਮੋਹਨ ਰਾਏ ਵਿਰੁੱਧ ਲੋਕਾਂ ਨੇ ਅੰਦੋਲਨ ਚਲਾਇਆ ਸੀ ਕਿਉਂਕਿ ਰਾਜਾ ਰਾਮਮੋਹਨ ਰਾਏ ਸਤੀ ਪ੍ਰਥਾ ਦੇ ਵਿਰੋਧੀ ਸਨ। ਉਨ੍ਹਾਂ ਦਾ ਵਿਰੋਧ ਵੀ ਇਹ ਕਹਿ ਕੇ ਕੀਤਾ ਗਿਆ ਸੀ ਕਿ ਉਹ ਭਾਰਤ ਦੀ ਸਤੀ ਵਰਗੀ ਮਹਾਨ ਪ੍ਰੰਪਰਾ ਨੂੰ ਨਸ਼ਟ ਕਰ ਕੇ ਇਕ ਰਵਾਇਤ ਨੂੰ ਖਤਮ ਕਰਨਾ ਚਾਹੁੰਦੇ ਹਨ। 
ਇਸੇ ਤਰ੍ਹਾਂ ਜਦੋਂ ਆਜ਼ਾਦੀ ਤੋਂ ਬਾਅਦ ਹਿੰਦੂ ਔਰਤਾਂ ਨੂੰ ਜਾਇਦਾਦ ਦਾ ਅਧਿਕਾਰ ਦੇਣ ਦੀ ਗੱਲ ਪੰ. ਨਹਿਰੂ ਨੇ ਕੀਤੀ ਤਾਂ ਉਨ੍ਹਾਂ ਨੂੰ ਵੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਸਤੀ ਪ੍ਰ੍ਰਥਾ ਦੇ ਮਾਮਲੇ ’ਤੇ ਔਰਤਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਤੋਂ ਅਖਵਾਇਆ ਗਿਆ ਸੀ ਕਿ ਉਹ ‘ਸਤੀ’ ਹੋਣਾ ਚਾਹੁੰਦੀਆਂ ਹਨ। ਸਬਰੀਮਾਲਾ ’ਚ ਵੀ ਤਾਂ ਵੱਡੀ ਗਿਣਤੀ ’ਚ ਔਰਤਾਂ ਹੀ ਮੰਦਿਰ ’ਚ ਔਰਤਾਂ ਦੇ ਦਾਖਲੇ ਦਾ ਵਿਰੋਧ ਕਰ ਰਹੀਆਂ ਸਨ ਪਰ ਹੁਣ ਲਗਭਗ 35 ਲੱਖ ਔਰਤਾਂ ਨੇ ਕੇਰਲ ਦੇ ਸਾਰੇ ਰਾਜਮਾਰਗਾਂ ’ਤੇ ਇਕੱਠੀਆਂ ਹੋ ਕੇ ਮੰਦਿਰ ’ਚ ਔਰਤਾਂ ਦੇ ਦਾਖਲੇ ਦਾ ਸਮਰਥਨ ਕੀਤਾ ਹੈ। ਹੁਣ ਉਹ ਸਿਆਸੀ ਪਾਰਟੀਆਂ ਕੀ ਕਰਨਗੀਆਂ, ਜੋ ਇਸ ਮੁੱਦੇ ’ਤੇ ਰਵਾਇਤ ਦੀਆਂ ਝੰਡਾਬਰਦਾਰ ਬਣ ਕੇ ਔਰਤਾਂ ਦਾ ਵਿਰੋਧ ਕਰ ਰਹੀਆਂ ਸਨ।
ਬਾਲ ਵਿਆਹ ਜਾਂ ਵਿਧਵਾ ਵਿਆਹ ਦਾ ਮੁੱਦਾ
ਇਸੇ ਤਰ੍ਹਾਂ ਬਾਲ ਵਿਆਹ ਜਾਂ ਵਿਧਵਾ ਵਿਆਹ ਦਾ ਮੁੱਦਾ ਹੈ। ਜਯੋਤਿਬਾ ਫੂਲੇ ਜਦੋਂ ਵਿਧਵਾ ਵਿਆਹ ਦੇ ਸਮਰਥਨ ’ਚ ਅੰਦੋਲਨ ਚਲਾ ਰਹੇ ਸਨ ਤਾਂ ਉਨ੍ਹਾਂ ਨੇ ਹਰ ਕਿਸਮ ਦਾ ਅਪਮਾਨ ਤੇ ਵਿਰੋਧ ਝੱਲਿਆ ਸੀ। ਉਨ੍ਹਾਂ ਨੂੰ ਖੂਬ ਗਾਲ੍ਹਾਂ ਕੱਢੀਆਂ ਜਾਂਦੀਆਂ ਸਨ, ਰਾਹ ਚੱਲਦਿਆਂ ਉਨ੍ਹਾਂ ’ਤੇ ਕੂੜਾ ਸੁੱਟ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਪਤਨੀ ਸਵਿੱਤਰੀ ਬਾਈ ਫੂਲੇ ਨੇ ਵਿਧਵਾ ਔਰਤਾਂ ਦੀ ਬਹੁਤ ਮਦਦ ਕੀਤੀ ਤੇ ਕੁੜੀਆਂ ਲਈ ਪਹਿਲਾ ਸਕੂਲ ਵੀ ਖੋਲ੍ਹਿਆ ਸੀ। 
ਮਹਿਲਾ ਸਿੱਖਿਆ ਨਾਲ ਜੁੜੇ ਮੁੱਦੇ ਵੀ ਅਜਿਹੇ ਹੀ ਸਨ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਜੇ ਔਰਤਾਂ ਪੜ੍ਹ-ਲਿਖ ਕੇ ਘਰੋਂ ਬਾਹਰ ਨਿਕਲਣਗੀਆਂ ਤਾਂ ਪਰਿਵਾਰ ਕਿਵੇਂ ਚੱਲੇਗਾ। ਹੁਣ ਤਿੰਨ ਤਲਾਕ ਦੇ ਸਮਰਥਕ ਵੀ ਪਰਿਵਾਰ ਦੀ ਦੁਹਾਈ ਦੇ ਰਹੇ ਹਨ ਕਿ ਜੇ ਤਿੰਨ ਤਲਾਕ ਦੇ ਮਾਮਲੇ ’ਚ ਮਰਦਾਂ ਨੂੰ ਜੇਲ ਜਾਣਾ ਪਵੇ ਤਾਂ ਪਰਿਵਾਰ ਕਿਵੇਂ ਚੱਲੇਗਾ? 
ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਜੋ ਔਰਤਾਂ ਤਿੰਨ ਤਲਾਕ ਦਾ ਸ਼ਿਕਾਰ ਹੁੰਦੀਆਂ ਹਨ,  ਉਨ੍ਹਾਂ ਦਾ ਪਰਿਵਾਰ ਤਾਂ ਪਤੀ ਵਲੋਂ ਤਿੰਨ ਵਾਰ ‘ਤਲਾਕ’ ਕਹਿੰਦਿਆਂ ਹੀ ਖਿੰਡ ਜਾਂਦਾ ਹੈ। ਫਿਰ ਪਰਿਵਾਰ ਚਲਾਉਣ ਦੀ ਗੱਲ ਕਿੱਥੋਂ ਆ ਗਈ? 
ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਵੀ ਬਹੁਤ ਵਿਰੋਧ ਹੋਇਆ ਸੀ ਤੇ ਅੱਜ ਤਕ ਹੁੰਦਾ ਆ ਰਿਹਾ ਹੈ। ਬਾਲ ਵਿਆਹ ਦੇ ਵਿਰੁੱਧ ਚਾਹੇ ਕਾਫੀ ਅੰਦੋਲਨ ਚਲਾਏ ਗਏ ਹੋਣ ਪਰ ਅੱਜ ਵੀ ਬਹੁਤ ਸਾਰੀਆਂ ਕੁੜੀਆਂ ਦਾ ਵਿਆਹ 18 ਸਾਲ ਦੀਆਂ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ ਤੇ ਅਜਿਹੇ ਮਾਮਲੇ ਦੇਸ਼ ਦੀ ਰਾਜਧਾਨੀ ਦਿੱਲੀ ਤਕ ’ਚ ਦੇਖਣ ਨੂੰ ਮਿਲੇ ਹਨ। ਰਾਜਸਥਾਨ ਵਿਚ ‘ਅਖਤੀਜ’ ਦੇ ਮੌਕੇ ’ਤੇ 40 ਹਜ਼ਾਰ ਤੋਂ ਜ਼ਿਆਦਾ ਵਿਆਹ ਹੁੰਦੇ ਹਨ ਤੇ ਇਨ੍ਹਾਂ ’ਚ ਬਹੁਤ ਸਾਰੇ ਬੱਚੇ ਤਾਂ ਪੰਘੂੜੇ ’ਚ ਹੀ ਹੁੰਦੇ ਹਨ, ਜਿਨ੍ਹਾਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ। 
ਹੁਣੇ-ਹੁਣੇ ਜਦੋਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਭਾਜਪਾ ਦੇ ਇਕ ਸਥਾਨਕ ਆਗੂ ਨੇ ਕਿਹਾ ਸੀ ਕਿ ਜੇ ਉਹ ਜਿੱਤ ਗਏ ਤਾਂ ਬਾਲ ਵਿਆਹ ਨੂੰ ਨਹੀਂ ਰੋਕਣਗੇ। ਬਾਲ ਵਿਆਹ ਨੂੰ ਵੀ ਰਵਾਇਤ ਹੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬੇਮੇਲ ਵਿਆਹ ਨੂੰ ਵੀ ਰਵਾਇਤ ਦੇ ਨਾਂ ’ਤੇ ਅਰਸੇ ਤਕ ਜਾਇਜ਼ ਕਿਹਾ ਜਾਂਦਾ ਰਿਹਾ ਹੈ, ਜਿਸ ’ਚ 80 ਸਾਲ ਦਾ ਆਦਮੀ 10 ਸਾਲਾਂ ਦੀ ਬੱਚੀ ਨਾਲ ਵਿਆਹ ਕਰਵਾ ਸਕਦਾ ਸੀ, ਇਕ ਤੋਂ ਵੱਧ ਵਿਆਹ ਕਰਵਾ ਸਕਦਾ ਸੀ। ਇਨ੍ਹੀਂ ਦਿਨੀਂ ਵੀ ਕਦੇ-ਕਦਾਈਂ ਅਜਿਹੀਆਂ ਖਬਰਾਂ ਆ ਜਾਂਦੀਆਂ ਹਨ।
ਜ਼ਿਆਦਾਤਰ ਰਵਾਇਤਾਂ ਔਰਤਾਂ ਨਾਲ ਵਿਤਕਰੇ ਵਾਲੀਆਂ
ਰਵਾਇਤਾਂ ਮਨੁੱਖ ਹੀ ਬਣਾਉਂਦਾ ਹੈ, ਨਾਂ ਜ਼ਰੂਰ ਉਸ ਨੂੰ ਭਗਵਾਨ ਦਾ ਦਿੰਦਾ ਹੈ। ਬਦਲੇ ਸਮੇਂ ਦੇ ਨਾਲ-ਨਾਲ ਰਵਾਇਤਾਂ ਵੀ ਬਦਲਣੀਆਂ ਪੈਂਦੀਆਂ ਹਨ। ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜਿੰਨੀਆਂ ਰਵਾਇਤਾਂ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਨਾਲ ਵਿਤਕਰਾ ਕਰਨ ਵਾਲੀਆਂ ਹਨ, ਔਰਤਾਂ ਨੂੰ ਦੂਜੇ ਦਰਜੇ ਦੀਆਂ ਨਾਗਰਿਕ ਬਣਾਉਂਦੀਆਂ ਹਨ, ਉਨ੍ਹਾਂ ਨੂੰ ਸ਼ੱਕ ਅਤੇ  ਨੀਵੀਂ ਨਜ਼ਰ ਨਾਲ ਦੇਖਦੀਆਂ ਹਨ ਭਾਵ ਰਵਾਇਤਾਂ ਦੇ ਨਾਂ ’ਤੇ ਹਮੇਸ਼ਾ ਔਰਤਾਂ ਨੂੰ ‘ਕਾਬੂ’ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਆਖਿਰ ਸਾਰੀਆਂ ਰਵਾਇਤਾਂ ਦੇ ਕੋੜੇ ਔਰਤਾਂ ਦੀ ਪਿੱਠ ’ਤੇ ਹੀ ਕਿਉਂ ਪੈਣ? ਔਰਤਾਂ ਹੀ ਇਨ੍ਹਾਂ ਰਵਾਇਤਾਂ ਨੂੰ ਨਿਭਾਉਣ ਲਈ ਮਜਬੂਰ ਕਿਉਂ ਹੋਣ? ਜੇ ਰਵਾਇਤਾਂ ਚੰਗੀਆਂ ਹੋਣ, ਮਨੁੱਖਤਾ ਦੇ ਭਲੇ ਵਾਲੀਆਂ ਹੋਣ ਤਾਂ ਉਹ ਸਮਾਜ, ਪਰਿਵਾਰ ਤੇ ਦੇਸ਼ ਦੇ ਵਿਕਾਸ ’ਚ ਯੋਗਦਾਨ ਦੇ ਸਕਦੀਆਂ ਹਨ ਪਰ ਜੇ ਰਵਾਇਤਾਂ ਸਿਰਫ ਔਰਤਾਂ ਨੂੰ  ਦਬਾਉਣ ਅਤੇ ਉਨ੍ਹਾਂ ਨਾਲ ਬੇਇਨਸਾਫੀ ਕਰਨ ਵਾਲੀਆਂ ਹੋਣ ਤਾਂ ਉਹ ਖਤਮ ਕਿਉਂ ਨਹੀਂ ਹੋਣੀਆਂ ਚਾਹੀਦੀਆਂ?         

 


Related News