ਮਮਤਾ ਸਰਕਾਰ ਦੀ ਦੁਰਦਸ਼ਾ

Saturday, Jul 30, 2022 - 12:00 PM (IST)

ਮਮਤਾ ਸਰਕਾਰ ਦੀ ਦੁਰਦਸ਼ਾ

ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਭਿਆਨਕ ਦੁਰਗਤੀ ਨੂੰ ਪ੍ਰਾਪਤ ਹੋ ਗਈ ਹੈ। ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਮਮਤਾ ਬੈਨਰਜੀ ਦੀ ਸਰਕਾਰ ਇੰਨੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕਰ ਸਕਦੀ ਹੈ। ਮਮਤਾ ਦੇ ਰਾਜ ’ਚ ਮੈਂ ਜਦੋਂ-ਜਦੋਂ ਕੋਲਕਾਤਾ ਗਿਆ ਹਾਂ, ਉੱਥੋਂ ਦੇ ਕਈ ਪੁਰਾਣੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਗੱਲ ਕਰਦੇ ਹੋਏ ਮੈਨੂੰ ਜਾਪਦਾ ਸੀ ਕਿ ਮਮਤਾ ਦੇ ਡਰ ਦੇ ਮਾਰੇ ਹੁਣ ਉਹ ਕੋਈ ਗਲਤ-ਮਲਤ ਕੰਮ ਨਹੀਂ ਕਰ ਰਹੇ ਹੋਣਗੇ। ਉਨ੍ਹਾਂ ਦੇ ਉਦਯੋਗ ਅਤੇ ਵਪਾਰ ਮੰਤਰੀ ਪਾਰਥ ਚੈਟਰਜੀ ਨੂੰ ਪਹਿਲਾਂ ਤਾਂ ਜਾਂਚ ਨਿਰਦੇਸ਼ਾਲਾ ਨੇ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਨਿੱਜੀ ਸਹਾਇਕਾਂ ਅਤੇ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਘਰਾਂ ’ਚੋਂ ਜੋ ਨਕਦ ਕਰੋੜਾਂ ਰੁਪਏ ਦੀਆਂ ਰਕਮਾਂ ਫ਼ੜੀਆਂ ਗਈਆਂ ਹਨ। ਉਨ੍ਹਾਂ ਨੂੰ ਟੀ.ਵੀ. ਚੈਨਲਾਂ ’ਤੇ ਦੇਖ ਕੇ ਹੈਰਾਨ ਰਹਿ ਜਾਣਾ ਪੈਂਦਾ ਹੈ। ਅਜੇ ਤਾਂ ਉਨ੍ਹਾਂ ਦੇ ਕਈ ਫ਼ਲੈਟਾਂ ’ਤੇ ਛਾਪੇ ਪੈਣੇ ਬਾਕੀ ਹਨ। ਪਿਛਲੇ 1 ਹਫ਼ਤੇ ’ਚ ਜੋ ਵੀ ਨਕਦੀ, ਸੋਨਾ, ਗਹਿਣੇ ਆਦਿ ਛਾਪਿਆਂ ’ਚ ਮਿਲੇ ਹਨ ਉਨ੍ਹਾਂ ਦੀ ਕੀਮਤ 100 ਕਰੋੜ ਰੁਪਏ ਤੋਂ ਵੀ ਵੱਧ ਹੋਣ ਦਾ ਅੰਦਾਜ਼ਾ ਹੈ।

ਜੇਕਰ ਜਾਂਚ ਨਿਰਦੇਸ਼ਾਲਾ ਦੇ ਚੁੰਗਲ ’ਚ ਉਨ੍ਹਾਂ ਦੇ ਕੁਝ ਹੋਰ ਮੰਤਰੀ ਵੀ ਫ਼ਸ ਗਏ ਤਾਂ ਇਹ ਰਕਮ ਕਈ ਅਰਬ ਤੱਕ ਵੀ ਪਹੁੰਚ ਸਕਦੀ ਹੈ। ਬੰਗਾਲ ਦੇ ਮਾਰਵਾੜੀ ਕਾਰੋਬਾਰੀਆਂ ਦਾ ਖ਼ੂਨ ਚੂਸਣ ’ਚ ਮਮਤਾ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਹੈ। ਪਾਰਥ ਚੈਟਰਜੀ ਸਿਰਫ਼ 3 ਵਿਭਾਗਾਂ ਦੇ ਮੰਤਰੀ ਹੀ ਨਹੀਂ ਹਨ। ਉਨ੍ਹਾਂ ਨੂੰ ਮਮਤਾ ਬੈਨਰਜੀ ਦਾ ਉਪ ਮੁੱਖ ਮੰਤਰੀ ਮੰਨਿਆ ਜਾਂਦਾ ਹੈ। ਇਸ ਹੈਸੀਅਤ ’ਚ ਮਮਤਾ ਦਾ ਸਾਰਾ ਲੈਣ-ਦੇਣ ਉਹੀ ਕਰਦੇ ਰਹੇ ਹੋਣ ਤਾਂ ਕੋਈ ਹੈਰਾਨੀ ਨਹੀਂ ਹੈ। ਉਹ ਪਾਰਟੀ ਦੇ ਮਹਾਮੰਤਰੀ ਅਤੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਬੰਗਾਲ ਦੇ ਲੋਕ ਪਾਰਟੀ ਦਾ ਨੱਕ ਮੰਨਦੇ ਰਹੇ ਹਨ।

ਇਸੇ ਲਈ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ 6 ਦਿਨ ਬਾਅਦ ਤੱਕ ਉਨ੍ਹਾਂ ਦੇ ਵਿਰੁੱਧ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਲਟਾ ਚੋਰ ਕੋਤਵਾਲ ਨੂੰ ਡਾਂਟਦਾ ਰਿਹਾ। ਤ੍ਰਿਣਮੂਲ ਦੇ ਨੇਤਾ ਭਾਜਪਾ ਸਰਕਾਰ ’ਤੇ ਬਦਲੇ ਦੀ ਰਾਜਨੀਤੀ ਦਾ ਦੋਸ਼ ਲਾਉਂਦੇ ਰਹੇ। ਹੁਣ ਜਦਕਿ ਸਾਰੇ ਦੇਸ਼ ’ਚ ਮਮਤਾ ਸਰਕਾਰ ਦੀ ਬਦਨਾਮੀ ਹੋਣ ਲੱਗੀ ਤਾਂ ਕੁਝ ਹੋਸ਼ ਆਈ ਅਤੇ ਪਾਰਥ ਚੈਟਰਜੀ ਨੂੰ ਮੰਤਰੀ ਦੇ ਅਹੁਦੇ ਅਤੇ ਪਾਰਟੀ ਦੀ ਮੈਂਬਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ। ਇਹ ਬਰਖ਼ਾਸਤਗੀ ਨਹੀਂ ਸਿਰਫ਼ ਮੁਅਤਲੀ ਹੈ ਕਿਉਂਕਿ ਪਾਰਟੀ ਬੁਲਾਰਾ ਕਹਿ ਰਹੇ ਹਨ ਕਿ ਜਾਂਚ ’ਚ ਉਹ ਖ਼ਰੇ ਉਤਰਨਗੇ ਤਦ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਅਹੁਦਿਆਂ ਨਾਲ ਮੁੜ ਨਿਵਾਜ ਦਿੱਤਾ ਜਾਵੇਗਾ। ਇਹ ਮਾਮਲਾ ਸਿਰਫ਼ ਤ੍ਰਿਣਮੂਲ ਕਾਂਗਰਸ ਦੇ ਭ੍ਰਿਸ਼ਟਾਚਾਰ ਦਾ ਹੀ ਨਹੀਂ ਹੈ।

ਦੇਸ਼ ਦੀ ਕੋਈ ਪਾਰਟੀ ਅਤੇ ਕੋਈ ਵੀ ਨੇਤਾ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਭ੍ਰਿਸ਼ਟਾਚਾਰ ਮੁਕਤ ਹਨ। ਭ੍ਰਿਸ਼ਟਾਚਾਰ ਦੇ ਬਿਨਾਂ ਭਾਵ ਨੈਤਿਕਤਾ ਅਤੇ ਕਾਨੂੰਨ ਦੀ ਉਲੰਘਣਾ ਕੀਤੇ ਬਿਨਾਂ ਕੋਈ ਵੀ ਵਿਅਕਤੀ ਵੋਟਾਂ ਦੀ ਸਿਆਸਤ ਕਰ ਹੀ ਨਹੀਂ ਸਕਦਾ। ਰੁਪਇਆਂ ਦਾ ਪਹਾੜ ਲਾਏ ਬਿਨਾਂ ਤੁਸੀਂ ਚੋਣਾਂ ਕਿਵੇਂ ਲੜੋਗੇ? ਆਪਣੇ ਚੋਣ ਹਲਕੇ ਦੇ 5 ਲੱਖ ਤੋਂ 20 ਲੱਖ ਤੱਕ ਦੇ ਵੋਟਰਾਂ ਨੂੰ ਹਰ ਉਮੀਦਵਾਰ ਕਿਵੇਂ ਪਟਾਵੇਗਾ? ਨੋਟ ਨਾਲ ਵੋਟ ਅਤੇ ਵੋਟ ਨਾਲ ਨੋਟ ਕਮਾਉਣਾ ਹੀ ਆਪਣੀ ਸਿਆਸਤ ਦਾ ਮੂਲ ਮੰਤਰ ਹੈ।

ਇਸ ਲਈ ਸਾਡੇ ਕਈ ਮੁੱਖ ਮੰਤਰੀ ਤੱਕ ਜੇਲ ਦੀ ਹਵਾ ਖਾ ਚੁੱਕੇ ਹਨ। ਨੋਟ ਅਤੇ ਵੋਟ ਦੀ ਸਿਆਸੀ ਵਿਚਾਰਧਾਰਾ ਅਤੇ ਚਰਿੱਤਰ ਦੀ ਸਿਆਸਤ ’ਤੇ ਹਾਵੀ ਹੋ ਗਈ ਹੈ। ਜੇਕਰ ਅਸੀਂ ਭਾਰਤੀ ਲੋਕਤੰਤਰ ਨੂੰ ਸਾਫ਼-ਸੁਥਰਾ ਬਣਾਉਣਾ ਚਾਹੁੰਦੇ ਹਾਂ ਤਾਂ ਸਿਆਸਤ ’ਚ ਜਾਂ ਤਾਂ ਅਚਾਰੀਆ ਚਾਣਕਿਆ ਜਾਂ ਪਲੈਟੋ ਦੇ ‘ਦਾਰਸ਼ਨਿਕ ਨੇਤਾ’ ਵਰਗੇ ਲੋਕਾਂ ਨੂੰ ਹੀ ਦਾਖ਼ਲਾ ਦਿੱਤਾ ਜਾਣਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਜਿਸ ਨੇਤਾ ’ਤੇ ਵੀ ਛਾਪਾ ਮਾਰੋਗੇ, ਉਹ ਤੁਹਾਨੂੰ ਚਿੱਕੜ ਲਿਬੜਿਆ ਹੋਇਆ ਮਿਲੇਗਾ।

ਲੇਖਕ- ਡਾ. ਵੇਦਪ੍ਰਤਾਪ ਵੈਦਿਕ


author

Shivani Bassan

Content Editor

Related News