ਚੋਣਾਂ ''ਚ ਮੁੱਖ ਮੁੱਦਾ ਹੋਵੇਗੀ ਮੋਦੀ ਸਰਕਾਰ ਦੀ ''ਕਾਰਗੁਜ਼ਾਰੀ''

Sunday, Mar 17, 2019 - 05:02 AM (IST)

ਚੋਣ ਕਮਿਸ਼ਨ ਨੇ ਬੀਤੀ 10 ਮਾਰਚ ਨੂੰ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਤੇ ਸਰਕਾਰ ਦੇ ਪੱਖ 'ਚ ਆਪਣਾ ਆਖਰੀ ਕੰਮ ਕਰ ਦਿੱਤਾ। ਇਸ ਐਲਾਨ ਨਾਲ ਲੋਕਾਂ  ਨੇ ਸੁੱਖ ਦਾ ਸਾਹ ਲਿਆ। ਹੁਣ ਹੋਰ ਜ਼ਿਆਦਾ ਨੀਂਹ ਪੱਥਰ ਨਹੀਂ ਰੱਖੇ ਜਾਣਗੇ। ਨਾ ਤਾਂ ਹੋਰ ਨੋਟੀਫਿਕੇਸ਼ਨ ਜਾਰੀ ਹੋਣਗੇ ਅਤੇ ਨਾ ਹੀ ਜਲਦਬਾਜ਼ੀ 'ਚ ਬੁਰੇ ਇਰਾਦੇ ਨਾਲ ਸਰਕਾਰੀ ਖਜ਼ਾਨੇ 'ਚੋਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਕ ਹਿਸਾਬ ਮੁਤਾਬਿਕ 13 ਫਰਵਰੀ ਨੂੰ ਪਾਰਲੀਮੈਂਟ ਸੈਸ਼ਨ ਖਤਮ ਹੋਣ ਤੋਂ ਬਾਅਦ 155 ਯੋਜਨਾਵਾਂ ਦਾ 'ਉਦਘਾਟਨ' ਹੋਇਆ ਜਾਂ ਨੀਂਹ ਪੱਥਰ ਰੱਖਿਆ ਗਿਆ। ਇਸ ਦੀ ਇਕ ਮਜ਼ੇਦਾਰ ਮਿਸਾਲ ਹੈ : 14 ਮਾਰਚ 2015 ਨੂੰ ਸ਼ੁਰੂ ਹੋਣ ਤੋਂ ਬਾਅਦ ਅਹਿਮਦਾਬਾਦ ਮੈਟਰੋ ਦੇ ਨਿਰਮਾਣ 'ਚ ਕੋਈ ਖਾਸ ਤਰੱਕੀ ਨਜ਼ਰ ਨਹੀਂ ਆ ਰਹੀ ਸੀ। ਮਜ਼ਾਕ ਦੀ ਵਜ੍ਹਾ ਗੁਜਰਾਤ ਸਰਕਾਰ ਸੀ। 
ਇਸ ਦੇ ਇਕ ਬਲਾਕ ਨੂੰ 'ਪੂਰਾ' ਕਰਨ ਅਤੇ 'ਸਰਵਿਸ' ਦਾ ਉਦਘਾਟਨ ਕਰਨ ਦਾ ਫੈਸਲਾ ਲਿਆ ਗਿਆ। ਇਸ ਲਈ ਜਲਦਬਾਜ਼ੀ 'ਚ 6.5 ਕਿਲੋਮੀਟਰ ਮੈਟਰੋ ਲਾਈਨ ਨੂੰ ਪੂਰਾ ਕੀਤਾ ਗਿਆ ਤੇ 4 ਮਾਰਚ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੌਰਵਸ਼ਾਲੀ ਢੰਗ ਨਾਲ ਇਸ ਦੀ ਸਰਵਿਸ ਦਾ ਉਦਘਾਟਨ ਕਰ ਦਿੱਤਾ।ਕਹਾਣੀ ਇਥੇ ਹੀ ਨਹੀਂ ਮੁੱਕਦੀ। ਟਰੈਕ 6.5 ਕਿਲੋਮੀਟਰ  ਲੰਮਾ ਹੈ ਪਰ ਸਿਰਫ 2 ਸਟੇਸ਼ਨ ਨਿਰਮਾਣ ਅਧੀਨ ਹਨ। ਜੋ ਟਰੈਕ 'ਤੇ ਦੌੜ ਰਹੀ ਹੈ, ਉਹ ਅਸਲ 'ਚ ਇਕ ਜੁਆਏ ਟ੍ਰੇਨ ਹੈ–ਕੋਈ ਟਿਕਟ ਨਹੀਂ, ਕੋਈ ਫੀਸ ਨਹੀਂ, ਸਿਰਫ ਮੁਫਤ ਸਵਾਰੀ।
ਕੁਝ ਸਵਾਲ
ਹੁਣ ਗੰਭੀਰ ਮੁੱਦਿਆਂ ਵੱਲ ਚੱਲਦੇ ਹਾਂ। ਇਕ ਨਵੀਂ ਸਰਕਾਰ ਚੁਣਨ ਲਈ ਲੱਗਭਗ 90 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਮੁੱਖ ਮੁੱਦਾ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਹੋਵੇਗਾ।  ਕੁਝ ਸਵਾਲ ਢੁੱਕਵੇਂ ਹਨ :
* ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਕ ਆਜ਼ਾਦ ਦੇਸ਼ 'ਚ ਆਜ਼ਾਦ ਸ਼ਹਿਰੀ ਹੋ ਅਤੇ ਤੁਹਾਨੂੰ ਭੀੜ ਵਲੋਂ ਕੁੱਟੇ ਜਾਣ, ਨੰਗੇ ਕੀਤੇ ਜਾਣ, ਤੁਹਾਡਾ ਬਾਈਕਾਟ ਕੀਤੇ ਜਾਣ ਜਾਂ ਤੁਹਾਡੇ ਨਾਲ ਧਰਮ, ਜਾਤ ਜਾਂ ਭਾਸ਼ਾ ਦੇ ਆਧਾਰ 'ਤੇ ਵਿਤਕਰਾ ਕੀਤੇ ਜਾਣ ਦਾ ਡਰ ਨਹੀਂ ਹੈ? 
* ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡੀ ਗੱਲਬਾਤ ਜਾਂ ਸੰਦੇਸ਼ਾਂ 'ਚ ਸਰਕਾਰ ਝਾਕੇਗੀ ਨਹੀਂ? 
* ਕੀ ਤੁਸੀਂ ਸਮਝਦੇ ਹੋ ਕਿ ਪਿਛਲੇ 5 ਸਾਲਾਂ 'ਚ ਸੱਚਮੁਚ ਵੱਡੀ ਗਿਣਤੀ 'ਚ ਨੌਕਰੀਆਂ ਪੈਦਾ ਕੀਤੀਆਂ ਗਈਆਂ? ਜੇ ਤੁਸੀਂ ਮਾਪੇ ਹੋ ਤਾਂ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਧੀ-ਪੁੱਤ ਨੂੰ ਛੇਤੀ ਨੌਕਰੀ ਮਿਲ ਜਾਵੇਗੀ? (ਸੀ. ਐੱਮ. ਆਈ. ਈ. ਅਨੁਸਾਰ ਫਰਵਰੀ 2019 ਦੇ ਅਖੀਰ ਤਕ 312 ਲੱਖ ਲੋਕ ਸਰਗਰਮ ਤੌਰ 'ਤੇ ਨੌਕਰੀਆਂ ਲੱਭ ਰਹੇ ਸਨ)।
* ਜੇ ਤੁਸੀਂ ਇਕ ਕਿਸਾਨ ਹੋ ਤਾਂ ਕੀ ਤੁਸੀਂ ਸਮਝਦੇ ਹੋ ਕਿ ਪਿਛਲੇ 5 ਸਾਲਾਂ 'ਚ ਤੁਹਾਡੇ ਲਈ ਸਥਿਤੀਆਂ 'ਚ ਕਾਫੀ ਸੁਧਾਰ ਹੋਇਆ ਹੈ? ਕੀ ਤੁਸੀਂ ਕਿਸਾਨ ਹੋਣ ਤੋਂ ਖੁਸ਼ ਹੋ ਅਤੇ ਤੁਸੀਂ ਆਪਣੇ ਬੇਟੇ ਨੂੰ ਕਿਸਾਨ ਬਣਨ ਲਈ ਪ੍ਰੇਰਿਤ ਕਰੋਗੇ? 
* ਕੀ ਤੁਸੀਂ ਸਮਝਦੇ ਹੋ ਕਿ ਨੋਟਬੰਦੀ ਇਕ ਚੰਗਾ ਵਿਚਾਰ ਸੀ? ਕੀ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਨੋਟਬੰਦੀ ਨਾਲ ਫਾਇਦਾ ਹੋਇਆ? ਕੀ ਤੁਸੀਂ ਸਮਝਦੇ ਹੋ ਕਿ ਨੋਟਬੰਦੀ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਲਾਭ ਪਹੁੰਚਿਆ? 
* ਕੀ ਤੁਸੀਂ ਸਮਝਦੇ ਹੋ ਕਿ ਜੀ. ਐੱਸ. ਟੀ., ਇਸ ਦੀਆਂ ਕਈ ਤਰ੍ਹਾਂ ਦੀਆਂ ਟੈਕਸ ਦਰਾਂ ਅਤੇ ਇਕ ਮਹੀਨੇ 'ਚ 3 ਰਿਟਰਨਾਂ ਨਾਲ ਲਘੂ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਫਾਇਦਾ ਪਹੁੰਚਿਆ? ਕੀ ਤੁਸੀਂ ਸਮਝਦੇ ਹੋ ਕਿ ਕਿਸੇ ਛੋਟੇ ਵਪਾਰੀ ਲਈ ਜੀ. ਐੱਸ. ਟੀ. ਕਾਨੂੰਨਾਂ ਦੀ ਪਾਲਣਾ ਕਰਨੀ ਸੌਖੀ ਹੈ? ਕੀ ਤੁਸੀਂ ਸਮਝਦੇ ਹੋ ਕਿ ਜਿਸ ਤਰ੍ਹਾਂ ਜੀ. ਐੱਸ. ਟੀ. ਨੂੰ ਲਾਗੂ ਕੀਤਾ ਗਿਆ, ਉਸ ਤੋਂ ਵਪਾਰੀ ਖੁਸ਼ ਹਨ? 
* ਕੀ ਮੋਦੀ ਸਰਕਾਰ ਨੇ ਆਪਣੇ ਪ੍ਰਮੁੱਖ ਚੋਣ ਵਾਅਦੇ ਪੂਰੇ ਕੀਤੇ, ਜਿਵੇਂ ਹਰੇਕ ਵਿਅਕਤੀ ਦੇ ਖਾਤੇ 'ਚ 15 ਲੱਖ ਰੁਪਏ, ਇਕ ਸਾਲ 'ਚ 2 ਕਰੋੜ ਨੌਕਰੀਆਂ, ਵਿਦੇਸ਼ਾਂ 'ਚ ਜਮ੍ਹਾ ਕਾਲੇ ਧਨ ਨੂੰ ਵਾਪਿਸ ਲਿਆਉਣਾ, ਅਮਰੀਕੀ ਡਾਲਰ ਨੂੰ 40 ਰੁਪਏ ਦੇ ਬਰਾਬਰ ਲਿਆਉਣਾ, ਅੱਤਵਾਦ ਦਾ ਖਾਤਮਾ ਕਰਨਾ (ਖਾਸ ਕਰਕੇ ਜੰਮੂ-ਕਸ਼ਮੀਰ 'ਚ) ਅਤੇ ਭਾਰਤ 'ਚ 'ਚੰਗੇ ਦਿਨ' ਆਉਣਾ? 
* ਕੀ ਤੁਸੀਂ ਸਮਝਦੇ ਹੋ ਕਿ ਜੰਮੂ-ਕਸ਼ਮੀਰ 'ਚ ਮੋਦੀ ਸਰਕਾਰ ਦਾ ਤਾਕਤ ਦੀ ਵਰਤੋਂ, ਫੌਜੀ ਤੇ ਬਹੁਗਿਣਤੀ ਵਾਲਾ ਰਵੱਈਆ  ਸੂਬੇ,  ਖਾਸ ਕਰਕੇ ਕਸ਼ਮੀਰ ਵਾਦੀ 'ਚ ਹਿੰਸਾ ਖਤਮ ਕਰ ਕੇ ਸ਼ਾਂਤੀ ਲਿਆਏਗਾ? 
ਮੋਦੀ ਅਤੇ ਉਨ੍ਹਾਂ ਦੇ ਮਿੱਤਰ
* ਕੀ ਤੁਸੀਂ ਯਕੀਨ ਕਰਦੇ ਹੋ ਕਿ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਭਾਰਤ 'ਚੋਂ ਭੱਜ ਗਏ? 
* ਕੀ ਤੁਸੀਂ ਸਮਝਦੇ ਹੋ ਕਿ ਮੋਦੀ ਸਰਕਾਰ ਵਲੋਂ ਕੀਤਾ ਗਿਆ ਰਾਫੇਲ ਸੌਦਾ ਬਹੁਤ ਸਾਫ-ਸੁਥਰਾ ਸੀ ਅਤੇ ਐੱਚ. ਏ. ਐੱਲ. ਦੀ ਕੀਮਤ 'ਤੇ ਇਕ ਪ੍ਰਾਈਵੇਟ ਕੰਪਨੀ 'ਤੇ ਕੋਈ ਅਹਿਸਾਨ ਨਹੀਂ ਕੀਤਾ ਗਿਆ ਸੀ? ਕੀ ਤੁਸੀਂ ਸਮਝਦੇ ਹੋ ਕਿ ਰਾਫੇਲ ਸੌਦੇ 'ਚ ਜਾਂਚ ਲਾਇਕ ਕੁਝ ਵੀ ਨਹੀਂ ਹੈ–ਕੀਮਤ, ਜਹਾਜ਼ਾਂ ਦੀ ਘਟਾਈ ਗਈ ਗਿਣਤੀ, ਦਿੱਤੀਆਂ ਗਈਆਂ ਛੋਟਾਂ, ਸਪਲਾਈ ਪ੍ਰੋਗਰਾਮ, ਆਫਸੈੱਟ ਪਾਰਟਨਰ ਦੀ ਚੋਣ ਆਦਿ? 
* ਕੀ ਤੁਸੀਂ ਸਮਝਦੇ ਹੋ ਕਿ ਸੀ. ਬੀ. ਆਈ., ਈ. ਡੀ., ਇਨਕਮ ਟੈਕਸ ਵਿਭਾਗ ਵਰਗੀਆਂ ਪ੍ਰਮੁੱਖ ਜਾਂਚ ਏਜੰਸੀਆਂ ਨਿਰਪੱਖ ਤੇ ਆਜ਼ਾਦ ਰਹੀਆਂ ਹਨ? ਕੀ ਸੀ. ਬੀ. ਆਈ. ਦੀ ਅੰਦਰੂਨੀ ਲੜਾਈ ਨੇ ਇਸ ਦੀ ਭਰੋਸੇਯੋਗਤਾ 'ਚ ਵਾਧਾ ਕੀਤਾ? 
* ਕੀ ਸਾਰੇ 6 ਹਵਾਈ ਅੱਡਿਆਂ (ਅਹਿਮਦਾਬਾਦ, ਗੁਹਾਟੀ, ਜੈਪੁਰ, ਲਖਨਊ, ਮੈਂਗਲੁਰੂ ਤੇ ਤਿਰੂਅਨੰਤਪੁਰਮ) ਦੇ ਨਿੱਜੀਕਰਨ ਦੇ ਕੰਟਰੈਕਟ ਗੁਜਰਾਤ ਦੇ ਇਕ ਹੀ ਵਪਾਰਕ ਘਰਾਣੇ ਨੂੰ ਦੇਣਾ ਸਹੀ ਸੀ?
ਜਨੂੰਨ ਜਾਂ ਸਮਝਦਾਰੀ
ਇਹ ਸਵਾਲ ਦੇਸ਼ ਦੇ ਸਾਹਮਣੇ ਮੌਜੂਦ ਅਸਲ ਮੁੱਦਿਆਂ ਨੂੰ ਲੈ ਕੇ ਹਨ। ਜੇ ਇਕ ਸ਼ਹਿਰੀ ਵਜੋਂ ਤੁਸੀਂ ਅਸਲ ਮੁੱਦਿਆਂ ਬਾਰੇ ਚਿੰਤਤ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਦਿਓ। ਤੁਸੀਂ ਹਾਂ ਵੀ ਕਹਿ ਸਕਦੇ ਹੋ ਅਤੇ ਨਾ ਵੀ ਪਰ ਤੁਸੀਂ ਸਵਾਲਾਂ ਨੂੰ ਅਣਡਿੱਠ ਨਹੀਂ ਕਰ ਸਕਦੇ।  ਮੋਦੀ ਸਰਕਾਰ ਦੀ ਆਖਰੀ ਉਮੀਦ ਇਹ ਹੈ ਕਿ ਤੁਸੀਂ ਇਨ੍ਹਾਂ ਸਵਾਲਾਂ ਨੂੰ ਅਣਡਿੱਠ ਕਰ ਦਿਓਗੇ ਜਾਂ ਪਾਕਿਸਤਾਨ 'ਚ ਬਾਲਾਕੋਟ 'ਤੇ ਭਾਰਤੀ ਹਵਾਈ ਫੌਜ ਦੇ ਕੀਤੇ ਹਮਲੇ ਤੋਂ ਬਾਅਦ ਰਾਸ਼ਟਰਵਾਦ ਦੇ 'ਜੋਸ਼' (ਜਾਂ ਜਨੂੰਨ) ਵਿਚ ਵਹਿ ਜਾਓਗੇ। 
ਭਾਰਤੀ ਹਵਾਈ ਫੌਜ ਦੇਸ਼ ਨਾਲ ਸਬੰਧਤ ਹੈ ਤੇ ਇਸ ਨੇ ਹਰੇਕ ਭਾਰਤੀ ਦਾ ਮਾਣ ਵਧਾਇਆ ਹੈ। ਪੁਲਵਾਮਾ ਕਾਂਡ ਸਰਕਾਰ ਦੀ ਅਸਫਲਤਾ ਸੀ ਤੇ ਬਾਲਾਕੋਟ ਹਮਲਾ ਭਾਰਤੀ ਹਵਾਈ ਫੌਜ ਦੀ ਸਫਲਤਾ ਹੈ। ਅਗਲੇ ਦਿਨ ਪਾਕਿਸਤਾਨ ਦੀ ਬਦਲੇ ਦੀ ਕਾਰਵਾਈ ਭਾਰਤ ਸਰਕਾਰ ਦੀ ਇਕ ਹੋਰ ਅਸਫਲਤਾ ਸੀ। ਪੁਲਵਾਮਾ-ਬਾਲਾਕੋਟ ਉਪਰ ਦਿੱਤੇ ਗਏ ਸਵਾਲਾਂ 'ਚੋਂ ਕਿਸੇ ਦਾ ਵੀ ਜਵਾਬ ਨਹੀਂ ਹਨ। ਇਸ ਨਾਲ ਡਰ ਖਤਮ ਨਹੀਂ ਹੋਵੇਗਾ, ਨਾ ਇਸ ਨਾਲ ਨੌਕਰੀਆਂ ਆਉਣਗੀਆਂ ਜਾਂ ਕਿਸਾਨਾਂ ਨੂੰ ਸੰਕਟ 'ਚ ਰਾਹਤ ਮਿਲੇਗੀ ਜਾਂ ਮਾਲਿਆ, ਨੀਰਵ ਮੋਦੀ, ਚੋਕਸੀ ਇਸ ਨਾਲ ਵਾਪਿਸ ਆਉਣਗੇ ਜਾਂ ਕਸ਼ਮੀਰ ਵਾਦੀ 'ਚ ਸ਼ਾਂਤੀ ਬਹਾਲ ਹੋਵੇਗੀ। 
ਨਰਿੰਦਰ ਮੋਦੀ ਦਾ ਚੋਣ ਭਾਸ਼ਣ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਦੀ ਕਾਰਵਾਈ 'ਤੇ ਕੇਂਦ੍ਰਿਤ ਹੈ ਤੇ ਉਨ੍ਹਾਂ ਦਾ ਉਦੇਸ਼ ਵੋਟਰਾਂ 'ਚ ਜਨੂੰਨ ਨੂੰ ਭੜਕਾਉਣਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਬਾਲਾਕੋਟ ਹਮਲਾ ਉਨ੍ਹਾਂ ਨੂੰ ਚੋਣਾਂ 'ਚ ਜਿੱਤ ਦਿਵਾਏਗਾ ਪਰ ਮੇਰਾ ਮੰਨਣਾ ਹੈ ਕਿ ਭਾਰਤ ਦੇ ਲੋਕ ਸਮਝਦਾਰ ਹਨ। 
                                                                                                                 - ਪੀ. ਚਿਦਾਂਬਰਮ


KamalJeet Singh

Content Editor

Related News