ਵੈਨੇਜ਼ੁਏਲਾ ਨੂੰ ਭੁੱਖਮਰੀ ਤੋਂ ਬਚਾਉਣਾ ਦੁਨੀਆ ਦਾ ਫਰਜ਼

02/13/2019 6:44:59 AM

ਕੌਮਾਂਤਰੀ ਮੀਡੀਆ ਦੀ ਰਿਪੋਰਟ ਨੇ ਕਮਿਊਨਿਸਟ ਤਾਨਾਸ਼ਾਹੀ ਵਾਲੇ ਦੇਸ਼ ਵੈਨੇਜ਼ੁਏਲਾ ਦੇ ਲੋਕਾਂ ਦੀ ਤਰਸਯੋਗ ਹਾਲਤ ਅਤੇ ਭੁੱਖਮਰੀ ਦੀ ਬਹੁਤ ਭਿਆਨਕ ਕਹਾਣੀ ਬਿਆਨ ਕੀਤੀ ਹੈ। ਭੁੱਖ ਨਾਲ ਤੜਫਦੇ ਲੋਕ 1 ਕਿਲੋ ਚੌਲਾਂ ਤਕ ਲਈ ਕਿਸੇ ਦੀ ਹੱਤਿਆ ਕਰਨ ਲਈ ਉਤਾਰੂ ਹੋ ਰਹੇ ਹਨ। ਕਮਿਊਨਿਸਟ ਤਾਨਾਸ਼ਾਹੀ ਵਾਲੇ ਦੇਸ਼ 'ਚ ਲੋਕਾਂ ਦੀ ਜ਼ਿੰਦਗੀ ਕਬਾੜ ਬਣ ਜਾਂਦੀ ਹੈ, ਪ੍ਰਗਟਾਵੇ ਦੀ ਆਜ਼ਾਦੀ  'ਤੇ  ਫੌਜੀ  ਪਹਿਰਾ ਲੱਗ ਜਾਂਦਾ ਹੈ, ਨਿੱਜੀ ਆਜ਼ਾਦੀ ਦੀ ਗੱਲ ਤਾਂ ਸੋਚੀ ਵੀ ਨਹੀਂ ਜਾ ਸਕਦੀ। 
ਵੈਨੇਜ਼ੁਏਲਾ  ਦੀ ਤਾਨਾਸ਼ਾਹੀ ਸੱਤਾ ਵਿਦੇਸ਼ੀ ਮਦਦ ਲੈਣ ਤੋਂ ਇਨਕਾਰ ਕਰ ਕੇ ਮਾਓ ਤਸੇ ਤੁੰਗ ਦੇ ਰਾਹ 'ਤੇ ਚੱਲ ਪਈ ਹੈ। ਜ਼ਿਕਰਯੋਗ ਹੈ ਕਿ ਮਾਓ ਦੀ ਸੱਤਾ ਦੌਰਾਨ ਚੀਨ 'ਚ ਵੀ ਭੁੱਖ ਨਾਲ ਲੱਗਭਗ 10 ਕਰੋੜ ਲੋਕਾਂ ਦੀ ਮੌਤ ਹੋਈ ਸੀ। 
ਕਮਿਊਨਿਸਟ ਤਾਨਾਸ਼ਾਹੀ ਵਾਲੇ ਵੈਨੇਜ਼ੁਏਲਾ 'ਚ ਲੋਕਾਂ ਦੀ ਜ਼ਿੰਦਗੀ ਕਬਾੜ ਬਣ ਗਈ ਹੈ। ਉਥੋਂ ਦੇ ਲੋਕ ਕਿਉਂ ਅਤੇ ਕਿਵੇਂ ਆਪਣਾ ਸਰੀਰ ਵੇਚਣ ਲਈ ਮਜਬੂਰ ਹਨ, ਉਹ ਆਪਣਾ ਦੇਸ਼ ਛੱਡ ਕੇ ਬ੍ਰਾਜ਼ੀਲ ਤੇ ਕੋਲੰਬੀਆ 'ਚ ਸ਼ਰਨਾਰਥੀ ਬਣਨ ਲਈ ਕਿਉਂ ਮਜਬੂਰ ਹਨ? ਕੀ ਵੈਨੇਜ਼ੁਏਲਾ ਦੀ ਕਮਿਊਨਿਸਟ ਤਾਨਾਸ਼ਾਹੀ ਦੁਨੀਆ ਦੇ ਬਾਕੀ ਦੇਸ਼ਾਂ ਨਾਲ ਕਦਮ ਮਿਲਾ ਕੇ ਆਪਣੇ ਲੋਕਾਂ ਦੀ ਜ਼ਿੰਦਗੀ ਕਬਾੜ ਬਣਨ ਤੋਂ ਰੋਕਣ ਲਈ ਤਿਆਰ ਹੋਵੇਗੀ? 
ਕੀ ਵੈਨੇਜ਼ੁਏਲਾ ਦੇ ਸੰਕਟ ਅਤੇ ਆਰਥਿਕ ਤਬਾਹੀ ਤੋਂ  ਬਾਕੀ ਲੈਟਿਨ ਅਮਰੀਕੀ ਦੇਸ਼ ਵੀ ਪ੍ਰਭਾਵਿਤ ਹੋਣਗੇ? ਕੀ ਅਮਰੀਕਾ ਇਸ ਸਥਿਤੀ 'ਚ ਆਪਣੇ ਕੱਟੜ ਵਿਰੋਧੀ ਦੀ ਮਦਦ ਕਰਨ ਲਈ ਤਿਆਰ ਹੋਵੇਗਾ? ਆਖਿਰ ਅਜਿਹੀ ਸਥਿਤੀ ਪੈਦਾ ਹੀ ਕਿਉਂ ਹੋਣ ਦਿੱਤੀ ਗਈ? 
ਭੁੱਖਮਰੀ ਤੇ ਮਹਿੰਗਾਈ ਦੀ ਭਾਰੀ ਮਾਰ
ਭੁੱਖਮਰੀ ਅਤੇ ਮਹਿੰਗਾਈ ਦੀ ਸਥਿਤੀ ਕਿੰਨੀ ਭਿਆਨਕ ਅਤੇ ਖਤਰਨਾਕ ਹੈ, ਇਹ ਵੀ ਦੇਖ ਲਓ। ਇਕ ਕਿਲੋ ਚਿਕਨ ਦੀ ਕੀਮਤ 10277 ਰੁਪਏ, ਇਕ  ਲਿਟਰ ਦੁੱਧ ਦੀ ਕੀਮਤ 5 ਹਜ਼ਾਰ ਰੁਪਏ, ਇਕ ਦਰਜਨ ਆਂਡਿਆਂ ਦੀ ਕੀਮਤ 6535 ਰੁਪਏ, ਇਕ ਕਿਲੋ ਟਮਾਟਰਾਂ ਦੀ ਕੀਮਤ 11 ਹਜ਼ਾਰ ਰੁਪਏ, ਮੱਖਣ 17 ਹਜ਼ਾਰ ਰੁਪਏ, ਰੈੱਡ ਟੇਬਲ ਵਾਈਨ 95 ਹਜ਼ਾਰ ਰੁਪਏ, ਇਕ ਲਿਟਰ ਕੋਕਾ ਕੋਲਾ ਦੀ ਕੀਮਤ 6 ਹਜ਼ਾਰ ਰੁਪਏ ਹੈ।
ਇਸ  ਦਾ  ਅਰਥ ਹੈ  ਵੈਨੇਜ਼ੁਏਲਾ ਦੀ ਕਰੰਸੀ ਦਾ ਡੁੱਬਣਾ। ਵੈਨੇਜ਼ੁਏਲਾ ਦੀ ਕਰੰਸੀ ਕਿਵੇਂ ਮਜ਼ਬੂਤ ਹੋਵੇਗੀ? ਜਦੋਂ ਤਕ ਵੈਨੇਜ਼ੁਏਲਾ ਦੀ ਕਰੰਸੀ ਮਜ਼ਬੂਤ ਨਹੀਂ ਹੋਵੇਗੀ, ਉਦੋਂ ਤਕ ਮਹਿੰਗਾਈ ਕਿਵੇਂ ਰੁਕੇਗੀ ਅਤੇ  ਸਿਆਸੀ ਸਥਿਰਤਾ ਕਿਵੇਂ ਆਵੇਗੀ? ਸਿਆਸੀ ਬਗਾਵਤ ਅਤੇ ਸਿਆਸੀ ਮੁਜ਼ਾਹਰਿਆਂ ਵਿਰੁੱਧ  ਤਾਨਾਸ਼ਾਹੀ ਸੱਤਾ ਹਿੰਸਾ ਅਤੇ ਫੌਜੀ ਹੱਲ ਤੋਂ ਕਿਵੇਂ ਬਚੇਗੀ? ਕੀ ਵੈਨੇਜ਼ੁਏਲਾ ਦੇ ਲੋਕਰਾਜੀਕਰਨ ਨਾਲ ਮੌਜੂਦਾ ਸੰਕਟ ਦਾ ਹੱਲ ਹੋ ਸਕਦਾ ਹੈ? 
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੁਨੀਆ ਦੀ ਕਮਿਊਨਿਸਟ ਤਾਨਾਸ਼ਾਹੀ ਦੇ ਇਤਿਹਾਸ ਅਤੇ ਉਨ੍ਹਾਂ ਦੀ ਹਿੰਸਾ ਦੀ ਕਹਾਣੀ 'ਚ ਹੀ ਮਿਲ ਸਕਦੇ ਹਨ। ਹੁਣ ਸਵਾਲ ਇਥੇ ਇਹ ਉੱਠਦਾ ਹੈ ਕਿ ਕਮਿਊਨਿਸਟ ਤਾਨਾਸ਼ਾਹੀ ਦੀ ਦੁਨੀਆ ਕਿਹੋ ਜਿਹੀ ਰਹੀ ਹੈ, ਕਮਿਊਨਿਸਟ ਦੁਨੀਆ ਦੀ ਹਿੰਸਕ ਅਤੇ ਭਿਆਨਕ ਕਹਾਣੀ ਕਿਹੋ ਜਿਹੀ ਰਹੀ ਹੈ? ਤੁਹਾਨੂੰ ਯਾਦ ਹੋਵੇਗਾ ਕਿ ਮਾਓ ਤਸੇ ਤੁੰਗ ਨੇ ਕਿਹਾ ਸੀ ਕਿ ਸੱਤਾ ਬੰਦੂਕ ਦੀ ਨਲੀ 'ਚੋਂ ਨਿਕਲਦੀ ਹੈ। ਮਾਓ ਤਸੇ ਤੁੰਗ ਦੀ ਲਾਲ  ਬ੍ਰਿਗੇਡ ਨੇ ਚੀਨ 'ਚ ਕਮਿਊਨਿਸਟ ਤਾਨਾਸ਼ਾਹੀ ਕਾਇਮ ਕਰਨ ਲਈ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮਾਓ ਤਸੇ ਤੁੰਗ ਨੇ ਕਮਿਊਨਿਸਟ ਤਾਨਾਸ਼ਾਹੀ ਕਾਇਮ ਕਰਨ ਤੋਂ ਬਾਅਦ ਵੀ ਆਪਣੇ ਪ੍ਰਯੋਗਾਂ ਦੀ ਸਨਕ 'ਚ ਆਪਣੇ ਨਾਗਰਿਕਾਂ ਨੂੰ ਭੁੱਖੇ ਮਾਰਨ ਤੋਂ ਪ੍ਰਹੇਜ਼ ਨਹੀਂ ਕੀਤਾ ਸੀ। 
ਦੁਨੀਆ ਦੇ ਇਤਿਹਾਸਕਾਰਾਂ ਅਤੇ ਕਮਿਊਨਿਸਟ ਵਿਰੋਧੀ ਦੁਨੀਆ ਦਾ ਅਨੁਮਾਨ ਹੈ ਕਿ ਤਾਨਾਸ਼ਾਹ ਮਾਓ ਤਸੇ ਤੁੰਗ ਦੀ ਸਨਕ 'ਚ ਚੀਨ ਅੰਦਰ 10 ਕਰੋੜ ਤੋਂ ਜ਼ਿਆਦਾ ਨਾਗਰਿਕ ਭੁੱਖ ਨਾਲ ਮਰੇ ਸਨ। ਸਮੂਹਿਕ ਖੇਤੀ ਅਤੇ ਸੋਮਿਆਂ ਦੇ ਸਰਕਾਰੀਕਰਨ ਕਾਰਨ ਪਿਆ ਅਕਾਲ ਅਤੇ ਬੇਰੋਜ਼ਗਾਰੀ ਕਾਲ  ਬਣ ਜਾਂਦੀ ਹੈ। ਮਾਓ ਤਸੇ ਤੁੰਗ ਦੀ ਮੌਤ ਤੋਂ ਬਾਅਦ ਅੱਜ ਚੀਨ ਪੂੰਜੀਵਾਦੀ ਵਿਵਸਥਾ 'ਚ ਗਤੀਮਾਨ ਹੈ। 
ਲੈਨਿਨ ਅਤੇ ਸਟਾਲਿਨ ਨੇ ਸੋਵੀਅਤ ਸੰਘ 'ਚ ਕਿਹੋ ਜਿਹੀ ਤਾਨਾਸ਼ਾਹੀ ਕਾਇਮ ਕੀਤੀ ਹੋਈ ਸੀ, ਇਹ ਵੀ ਜਗ-ਜ਼ਾਹਿਰ ਹੈ। ਸੋਵੀਅਤ ਸੰਘ ਦੀ ਤਾਨਾਸ਼ਾਹੀ ਨੇ ਆਪਣੇ ਲੱਖਾਂ ਵਿਰੋਧੀਆਂ ਦੀ ਹੱਤਿਆ ਕਰਵਾਈ ਸੀ, ਨਾਗਰਿਕਾਂ ਨੂੰ ਕਮਿਊਨਿਸਟ ਤਾਨਾਸ਼ਾਹੀ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਤੇ ਇਸ ਨੂੰ ਨਾ ਕਬੂਲਣ ਵਾਲਿਆਂ ਦੀਆਂ ਹੱਤਿਆਵਾਂ ਹੋਈਆਂ ਸਨ। ਸੋਵੀਅਤ ਸੰਘ ਦਾ ਪਤਨ ਵੀ ਭੁੱਖਮਰੀ ਅਤੇ ਬੇਕਾਰੀ ਦੀ ਸਮੱਸਿਆ ਨਾਲ ਹੋਇਆ ਸੀ।
ਉੱਤਰੀ ਕੋਰੀਆ ਦਾ ਹਾਲ
ਉੱਤਰੀ ਕੋਰੀਆ ਦਾ ਹਾਲ ਦੇਖ ਲਓ। ਉੱਤਰੀ ਕੋਰੀਆ ਪ੍ਰਮਾਣੂ ਤਾਕਤ ਹਾਸਿਲ ਕਰਨ ਦੀ ਸਨਕ 'ਚ ਆਪਣੀ ਅਰਥ ਵਿਵਸਥਾ ਦਾ ਬੁਰਾ ਹਾਲ ਕਰ ਬੈਠਾ ਹੈ। ਭੋਜਨ ਦੀ ਖੋਜ 'ਚ ਚੀਨ ਜਾਣ ਵਾਲੇ ਨਾਗਰਿਕਾਂ ਨੂੰ ਉੱਤਰੀ ਕੋਰੀਆ ਦੀ  ਹਿੰਸਕ ਫੌਜ ਪਿੱਠ ਪਿੱਛਿਓਂ ਗੋਲੀਆਂ ਮਾਰ ਦਿੰਦੀ ਹੈ। 
ਉੱਤਰੀ ਕੋਰੀਆ ਦੀ ਭੁੱਖਮਰੀ ਤੇ ਬੇਕਾਰੀ ਦੀ ਗੱਲ ਬਾਕੀ ਦੁਨੀਆ ਨੂੰ ਪਤਾ ਹੀ ਨਹੀਂ ਲੱਗਦੀ, ਉਹ ਇਸ ਲਈ ਕਿ ਇਸ ਦੇਸ਼ 'ਚ ਮੀਡੀਆ 'ਤੇ ਫੌਜੀ ਪਹਿਰਾ ਹੁੰਦਾ ਹੈ, ਮੀਡੀਆ ਕਮਿਊਨਿਸਟ ਤਾਨਾਸ਼ਾਹੀ ਦਾ ਗੁਲਾਮ ਹੁੰਦਾ ਹੈ। ਆਜ਼ਾਦ ਮੀਡੀਆ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਆਜ਼ਾਦ ਮੀਡੀਆ ਦੇ ਕਰਤਿਆਂ-ਧਰਤਿਆਂ ਨੂੰ ਸ਼ਰੇਆਮ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਹੈ। 
ਜ਼ਾਹਿਰਾ ਤੌਰ 'ਤੇ ਵੈਨੇਜ਼ੁਏਲਾ ਇਕ ਕਮਿਊਨਿਸਟ ਤਾਨਾਸ਼ਾਹੀ ਵਾਲਾ ਦੇਸ਼ ਹੈ, ਜਿਥੇ ਤਾਨਾਸ਼ਾਹ ਚਾਵੇਜ ਦਾ ਲੰਮੇ  ਸਮੇਂ ਤਕ ਸ਼ਾਸਨ ਰਿਹਾ ਸੀ। ਚਾਵੇਜ ਉਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਦਾ ਹੈ, ਜਿਹੋ  ਜਿਹੀ ਅੱਜ ਉੱਤਰੀ ਕੋਰੀਆ ਦਾ ਹਿੰਸਕ ਤਾਨਾਸ਼ਾਹ ਕਰਦਾ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਵਾਂਗ ਚਾਵੇਜ ਵੀ ਅਮਰੀਕਾ ਨੂੰ ਬਰਬਾਦ ਕਰਨ ਦੀਆਂ ਕਸਮਾਂ ਖਾਂਦਾ ਸੀ, ਵੈਨੇਜ਼ੁਏਲਾ ਦੇ ਅਮਰੀਕਾ ਨਾਲੋਂ ਜ਼ਿਆਦਾ ਤਾਕਤਵਰ ਹੋਣ ਦਾ ਦਾਅਵਾ ਕਰਦਾ ਸੀ ਅਤੇ ਕਹਿੰਦਾ ਸੀ ਕਿ ਉਹ ਅਮਰੀਕਾ ਨੂੰ ਤਬਾਹ ਕਰ ਦੇਵੇਗਾ। 
ਪੂੰਜੀਵਾਦ ਦੇ ਆਗੂ ਅਮਰੀਕਾ ਦੀ ਵੈਨੇਜ਼ੁਏਲਾ  ਨਾਲੋਂ ਕਈ ਸਵਾਲਾਂ 'ਤੇ ਭਿੰਨਤਾ ਸੀ ਅਤੇ ਕਈ ਸਵਾਲਾਂ 'ਤੇ ਖਤਰਨਾਕ ਢੰਗ ਨਾਲ ਵਿਵਾਦ  ਗਤੀਸ਼ੀਲ  ਸੀ। ਅਮਰੀਕਾ-ਵਿਰੋਧੀ ਹੋਣ ਦੀ ਵਜ੍ਹਾ ਕਰਕੇ ਪੂਰਾ ਯੂਰਪ ਵੈਨੇਜ਼ੁਏਲਾ ਦੇ ਵਿਰੁੱਧ ਸੀ। ਲੈਟਿਨ ਅਮਰੀਕੀ ਦੇਸ਼ ਵੀ ਵੈਨੇਜ਼ੁਏਲਾ ਤੋਂ ਦੂਰੀ ਬਣਾ ਕੇ ਚੱਲਦੇ ਸਨ। ਇਸੇ ਕਰਕੇ ਉਹ ਆਪਣੇ ਨਾਗਰਿਕਾਂ ਲਈ ਕੋਈ ਚੰਗੀ ਅਰਥ ਵਿਵਸਥਾ ਤਿਆਰ ਨਹੀਂ ਕਰ ਸਕਿਆ। 
ਜਿਥੇ ਕਮਿਊਨਿਸਟ ਤਾਨਾਸ਼ਾਹੀ ਹੁੰਦੀ ਹੈ, ਉਥੇ ਕਿਸਾਨ, ਉਦਯੋਗਪਤੀ ਅਤੇ ਵਪਾਰੀ ਤਾਨਾਸ਼ਾਹੀ ਦੇ ਖੂਨੀ ਪੰਜਿਆਂ ਦਾ ਸ਼ਿਕਾਰ ਹੁੰਦੇ ਹਨ। ਕਮਿਊਨਿਸਟ ਤਾਨਾਸ਼ਾਹੀ ਵਾਲੇ ਦੇਸ਼ਾਂ 'ਚ ਕਿਸਾਨਾਂ ਦੀ ਬੁਰੀ ਹਾਲਤ ਹੁੰਦੀ ਹੈ, ਵਪਾਰੀ ਆਪਣੇ ਵਪਾਰ ਨੂੰ ਵਧਾਉਣ 'ਚ ਅਸਮਰੱਥ ਹੁੰਦੇ ਹਨ ਤੇ ਉਦਯੋਗ-ਧੰਦੇ ਵੀ ਠੱਪ ਹੋ ਜਾਂਦੇ ਹਨ। ਅਜਿਹੀ ਮਿਸਾਲ ਤੁਹਾਨੂੰ ਸਿਰਫ ਮਾਓ ਤਸੇ ਤੁੰਗ ਦੇ ਰਾਜ 'ਚ ਚੀਨ, ਸੋਵੀਅਤ ਸੰਘ, ਉੱਤਰੀ ਕੋਰੀਆ ਹੀ ਨਹੀਂ, ਭਾਰਤ 'ਚ ਵੀ ਮਿਲ ਸਕਦੀ ਹੈ। 
ਭਾਰਤ ਦੇ ਪੱਛਮੀ ਬੰਗਾਲ ਸੂਬੇ 'ਚ 30 ਸਾਲਾਂ ਤਕ ਕਮਿਊਨਿਸਟਾਂ ਦਾ ਰਾਜ ਰਿਹਾ। ਇਨ੍ਹਾਂ 30 ਸਾਲਾਂ 'ਚ ਇਸ ਸੂਬੇ ਨੇ ਕਿਹੜਾ ਵਿਕਾਸ ਕੀਤਾ? ਪੱਛਮੀ ਬੰਗਾਲ ਦੀ ਉੱਨਤ ਖੇਤੀ ਠੱਪ ਹੋ ਗਈ, ਕਿਸਾਨਾਂ ਦੀ ਜ਼ਮੀਨ ਟੋਟਿਆਂ 'ਚ ਵੰਡੀ ਗਈ ਤੇ ਇਸ ਦੀ ਵਜ੍ਹਾ ਕਰਕੇ ਕਿਸਾਨ ਬਦਹਾਲ ਹੋ ਗਏ। ਇਕ ਸਮੇਂ ਪੱਛਮੀ ਬੰਗਾਲ ਉਦਯੋਗਪਤੀਆਂ ਤੇ ਵੱਡੇ ਵਪਾਰੀਆਂ ਦੀ ਪਹਿਲੀ ਪਸੰਦ ਸੀ। ਬਿਰਲਾ ਸਮੇਤ ਕਈ ਉਦਯੋਗਪਤੀਆਂ ਨੇ ਪੱਛਮੀ ਬੰਗਾਲ ਨੂੰ ਆਪਣਾ ਕੇਂਦਰ ਬਣਾਇਆ ਸੀ। ਇਥੇ ਕਈ ਹੋਰ ਛੋਟੀਆਂ-ਵੱਡੀਆਂ ਉਦਯੋਗਿਕ ਇਕਾਈਆਂ ਵੀ ਸਨ। 
ਜਿਵੇਂ ਹੀ ਪੱਛਮੀ ਬੰਗਾਲ 'ਚ ਕਮਿਊਨਿਸਟਾਂ ਦਾ ਰਾਜ ਆਇਆ, ਮਜ਼ਦੂਰ ਯੂਨੀਅਨ ਖਤਰਨਾਕ ਤੌਰ 'ਤੇ ਸਰਗਰਮ ਹੋ ਗਈ। 'ਦੁਨੀਆ ਦੇ ਮਜ਼ਦੂਰੋ ਇਕ ਹੋ ਜਾਓ' ਦੇ ਨਾਂ 'ਤੇ ਕਿਸਾਨਾਂ, ਵਪਾਰੀਆਂ ਤੇ ਉਦਯੋਗਪਤੀਆਂ ਦਾ ਦਮਨ ਹੋਇਆ, ਉਨ੍ਹਾਂ ਨੂੰ ਪੱਛਮੀ  ਬੰਗਾਲ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਗਿਆ। ਇਸੇ ਕਰਕੇ ਅੱਜ ਇਹ  ਸੂਬਾ ਬੀਮਾਰ ਸੂਬਿਆਂ ਦੀ ਸ਼੍ਰੇਣੀ 'ਚ ਹੈ। ਪੱਛਮੀ ਬੰਗਾਲ 'ਚ ਹਾਸ਼ੀਏ 'ਤੇ ਜਾਣ ਤੋਂ ਪਹਿਲਾਂ ਕਮਿਊਨਿਸਟ ਇਸ ਸੂਬੇ ਦੀ ਅਰਥ ਵਿਵਸਥਾ ਨੂੰ ਤਬਾਹ ਕਰ ਗਏ। 
ਲੈਟਿਨ ਅਮਰੀਕੀ ਦੇਸ਼ ਵੀ ਸੰਕਟ 'ਚ
ਵੈਨੇਜ਼ੁਏਲਾ ਦੇ ਸੰਕਟ ਨੇ ਬਾਕੀ ਲੈਟਿਨ ਅਮਰੀਕੀ ਦੇਸ਼ਾਂ ਨੂੰ ਵੀ ਸੰਕਟ 'ਚ ਪਾ ਦਿੱਤਾ ਹੈ। ਵੈਨੇਜ਼ੁਏਲਾ ਦੀ ਅਰਥ ਵਿਵਸਥਾ ਦੇ ਪਤਨ ਦਾ ਸੰਤਾਪ ਲੈਟਿਨ ਅਮਰੀਕੀ ਦੇਸ਼ ਵੀ ਝੱਲ ਰਹੇ ਹਨ। ਕਈ ਲੈਟਿਨ ਅਮਰੀਕੀ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ ਤੇ ਵੈਨੇਜ਼ੁਏਲਾ ਵਲੋਂ ਹੋ ਰਹੇ ਪਲਾਇਨ ਨੂੰ ਰੋਕਣ ਦਾ ਸਖਤ ਪ੍ਰਬੰਧ ਕਰ ਦਿੱਤਾ ਹੈ। ਫਿਰ ਵੀ ਜਾਨ ਦੀ ਪਰਵਾਹ ਕੀਤੇ ਬਿਨਾਂ ਵੈਨੇਜ਼ੁਏਲਾ ਦੇ ਲੋਕ ਪਲਾਇਨ ਕਰਨ ਲਈ ਮਜਬੂਰ ਹਨ। ਭੁੱਖ ਨਾਲ ਤੜਫਦੇ ਲੋਕ ਆਖਿਰ ਹੋਰ ਕੀ ਕਰਨਗੇ? 
ਭੁੱਖਮਰੀ ਦੂਰ ਕਰਨ ਲਈ ਵੈਨੇਜ਼ੁਏਲਾ ਕੋਲ ਕੋਈ ਨੀਤੀ ਨਹੀਂ ਹੈ, ਮਹਿੰਗਾਈ 'ਤੇ ਕਾਬੂ ਪਾਉਣ ਲਈ ਕੋਈ ਸੋਮੇ ਨਹੀਂ ਹਨ। ਇਸੇ ਲਈ ਹੁਣ ਤਕ ਲੱਗਭਗ 10 ਲੱਖ ਲੋਕ ਵੈਨੇਜ਼ੁਏਲਾ ਤੋਂ ਬ੍ਰਾਜ਼ੀਲ ਤੇ ਕੋਲੰਬੀਆ 'ਚ ਪਲਾਇਨ ਕਰ ਚੁੱਕੇ ਹਨ ਪਰ ਉਥੇ ਵੀ ਇਨ੍ਹਾਂ ਲੋਕਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਬ੍ਰਾਜ਼ੀਲ ਅਤੇ ਕੋਲੰਬੀਆ ਦਾ ਕਹਿਣਾ ਹੈ ਕਿ ਉਹ ਬਹੁਤ ਜ਼ਿਆਦਾ ਸ਼ਰਨਾਰਥੀਆਂ ਦਾ ਬੋਝ ਨਹੀਂ ਝੱਲ ਸਕਦੇ। ਪੇਰੂ ਵਰਗੇ ਦੇਸ਼ ਨੇ ਵੀ ਸ਼ਰਨਾਰਥੀ ਸਮੱਸਿਆ ਲਈ ਕਮਿਊਨਿਸਟ ਤਾਨਾਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 
ਵੈਨੇਜ਼ੁਏਲਾ ਦਾ ਸਿਆਸੀ ਵਿਵਾਦ ਛੇਤੀ ਖਤਮ ਹੋਣ ਵਾਲਾ ਨਹੀਂ। ਕਮਿਊਨਿਸਟ ਸ਼ਾਸਨ ਵਿਰੁੱਧ ਵਿਰੋਧੀ ਪਾਰਟੀਆਂ ਅੰਦੋਲਨ 'ਤੇ ਉਤਾਰੂ ਹਨ ਪਰ ਕਮਿਊਨਿਸਟ ਰੁਝਾਨ ਵਾਲੀ ਮੌਜੂਦਾ ਸਰਕਾਰ ਸਮਝੌਤਾ ਕਰਨ ਲਈ ਰਾਜ਼ੀ ਨਹੀਂ ਹੈ। ਅਜਿਹੀ ਸਥਿਤੀ 'ਚ ਵੈਨੇਜ਼ੁਏਲਾ ਦੇ ਨਾਗਰਿਕਾਂ ਸਾਹਮਣੇ ਖਤਰਨਾਕ ਸੰਕਟ ਹੈ। 
ਵੈਨੇਜ਼ੁਏਲਾ ਨੂੰ ਦੁਨੀਆ ਦੀ ਮਦਦ ਤਾਂ ਹੀ ਮਿਲ ਸਕਦੀ ਹੈ, ਜੇ ਉਥੋਂ ਦੀ ਕਮਿਊਨਿਸਟ ਤਾਨਾਸ਼ਾਹੀ ਗੱਦੀ ਛੱਡਣ ਲਈ ਤਿਆਰ ਹੋਵੇਗੀ ਅਤੇ ਵੈਨੇਜ਼ੁਏਲਾ ਇਕ ਲੋਕਤੰਤਰਿਕ ਦੇਸ਼ ਵਜੋਂ ਖੜ੍ਹਾ ਹੋਵੇਗਾ। ਫਿਰ ਵੀ ਵੈਨੇਜ਼ੁਏਲਾ ਦੇ ਲੋਕਾਂ ਨੂੰ ਦੁਨੀਆ ਦੀ ਮਦਦ ਚਾਹੀਦੀ ਹੈ ਤੇ ਇਸ ਦੇ ਲਈ ਸੰਯੁਕਤ ਰਾਸ਼ਟਰ ਦੀ ਪਹਿਲ ਜ਼ਰੂਰੀ ਹੈ।      


Bharat Thapa

Content Editor

Related News