ਜਦੋਂ ਬਟਲਾ ਹਾਊਸ ''ਚ ਲਹਿਰਾਇਆ ''ਤਿਰੰਗਾ''

08/28/2018 7:36:34 AM

ਹਰੇਕ ਸਾਲ ਦਾਨਿਸ਼ ਰਿਆਜ਼ ਇਹ ਯਕੀਨੀ ਬਣਾਉਂਦੇ ਹਨ ਕਿ ਆਜ਼ਾਦੀ ਦਿਹਾੜੇ ਦੇ ਆਸਪਾਸ ਉਹ ਕੌਮੀ ਰਾਜਧਾਨੀ ਵਿਚ ਹੋਣ। ਲਾਲ ਕਿਲੇ 'ਤੇ ਸਰਕਾਰੀ  ਸਮਾਗਮ ਵਿਚ ਸ਼ਾਮਿਲ ਹੋਣ ਲਈ ਨਹੀਂ, ਸਗੋਂ ਦੱਖਣੀ ਦਿੱਲੀ ਦੇ ਬਟਲਾ ਹਾਊਸ 'ਚ ਸਥਿਤ ਮਦਰੱਸੇ ਵਿਚ ਆਪਣਾ ਖ਼ੁਦ ਦਾ ਪ੍ਰੋਗਰਾਮ ਆਯੋਜਿਤ ਕਰਨ ਲਈ। 
ਮੁੰਬਰਾ ਦੇ ਰਹਿਣ ਵਾਲੇ ਰਿਆਜ਼ ਇਸ ਤੱਥ ਤੋਂ ਜਾਣੂ ਹਨ ਕਿ ਪੂਰਬੀ ਉੱਤਰ ਪ੍ਰਦੇਸ਼ ਵਿਚ ਸਥਿਤ ਉਨ੍ਹਾਂ ਦਾ ਸ਼ਹਿਰ 2008 ਵਿਚ ਬਟਲਾ ਹਾਊਸ 'ਚ ਹੋਏ ਮੁਕਾਬਲੇ ਨਾਲ ਅਜਿਹੇ ਸਬੰਧਾਂ ਨਾਲ ਜੋੜਿਆ ਜਾਣ ਲੱਗਾ, ਜਿਸ ਦਾ ਸਬੰਧ ਉਨ੍ਹਾਂ ਨਾਲ ਪਹਿਲਾਂ ਕਦੇ ਨਹੀਂ ਰਿਹਾ। ਫਿਰ ਵੀ ਉਹ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਉਥੋਂ ਦੇ ਮਦਰੱਸੇ ਤੋਂ 'ਫਾਜ਼ਿਲ' (ਐੱਮ. ਏ. ਦੇ ਬਰਾਬਰ) ਤਕ ਪੜ੍ਹਾਈ ਕੀਤੀ ਹੈ। ਇਸੇ ਦੌਰਾਨ ਉਨ੍ਹਾਂ ਨੇ ਸ਼ੇਕਸਪੀਅਰ, ਤੁਲਨਾਤਮਕ ਧਰਮ (ਜਿਸ ਵਿਚ ਰਿਗਵੇਦ 'ਚੋਂ ਸ਼ਲੋਕ ਸਿੱਖਣਾ ਵੀ ਸ਼ਾਮਿਲ ਹੈ) ਅਤੇ ਇਸਲਾਮਿਕ ਅਧਿਐਨ ਤੋਂ ਇਲਾਵਾ ਵਿਕਾਸ ਦਾ ਸਿਧਾਂਤ ਵੀ ਪੜ੍ਹਿਆ ਹੈ। 
ਮਾਣ ਦੀ ਇਹੋ ਭਾਵਨਾ ਉਹ ਬਟਲਾ ਹਾਊਸ ਵਿਚ ਸਥਿਤ ਖਲੀਲਉੱਲਾ ਮਸਜਿਦ ਦੇ ਮਦਰੱਸੇ ਦੇ ਲੱਗਭਗ 200 ਵਿਦਿਆਰਥੀਆਂ ਵਿਚ ਪੈਦਾ ਕਰਨਾ ਚਾਹੁੰਦੇ ਹਨ। ਰਿਆਜ਼ ਨੇ ਦੇਖਿਆ ਕਿ ਇਸ ਜਗ੍ਹਾ ਦੀ ਬਦਨਾਮੀ ਨੇ ਇਥੋਂ ਦੇ ਲੋਕਾਂ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਇਕ ਡਰ ਦੀ ਭਾਵਨਾ ਨਾਲ ਰਹਿ ਰਹੇ ਸਨ। ਉਨ੍ਹਾਂ ਨੇ ਪੁੱਛਿਆ ਕਿ ਬਟਲਾ ਹਾਊਸ ਵਿਚ ਜੋ ਕੁਝ ਵੀ ਹੋਇਆ, ਉਸ ਦੇ ਆਸਪਾਸ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਕਿਉਂ ਦੇਖਿਆ ਜਾਵੇ? 
ਹਾਲਾਂਕਿ ਰਿਆਜ਼ ਸ਼ਾਇਦ 3 ਸਾਲ ਪਹਿਲਾਂ ਘੱਟ ਜਾਣੇ ਜਾਂਦੇ ਇਸ ਮਦਰੱਸੇ ਵਿਚ ਆਜ਼ਾਦੀ ਦਿਵਸ ਸਮਾਗਮ ਸ਼ੁਰੂ ਕਰਨ ਬਾਰੇ ਨਾ ਸੋਚਦੇ, ਜੇ ਉਹ ਉਥੋਂ ਦੇ ਮਾਹੌਲ ਬਾਰੇ ਨਾ ਜਾਣਦੇ। 40 ਸਾਲਾ ਰਿਆਜ਼, ਜੋ ਆਮ ਤੌਰ 'ਤੇ ਆਪਣਾ ਰਵਾਇਤੀ ਪਹਿਰਾਵਾ ਪਹਿਨਦੇ ਹਨ, ਨੇ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਇਥੇ ਅਜਿਹਾ ਮਾਹੌਲ ਬਣ ਗਿਆ ਸੀ ਕਿ ਲੋਕ ਕੁੜਤਾ ਅਤੇ ਟੋਪੀ ਪਹਿਨਣ ਵਾਲਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ, ਜਦਕਿ ਪਹਿਲਾਂ ਅਜਿਹਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਕ ਅਜਿਹਾ ਮਾਹੌਲ ਬਣਾਇਆ ਗਿਆ, ਜਿਸ ਨੇ ਇਸ ਗੱਲ ਨੂੰ ਆਮ ਬਣਾ ਦਿੱਤਾ। 
ਉਨ੍ਹਾਂ ਨੂੰ ਵਾਰ-ਵਾਰ ਇਸ ਮਾਹੌਲ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਉਨ੍ਹਾਂ ਨੂੰ ਇਸ ਨਾਲ ਨਜਿੱਠਣ ਲਈ ਉੁਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਦੁਨੀਆ ਸਾਹਮਣੇ ਇਹ ਸਿੱਧ ਕਰਨਾ ਚਾਹੁੰਦੇ ਸਨ ਕਿ ਬਟਲਾ ਹਾਊਸ ਵਿਚ ਰਹਿਣ ਵਾਲੇ ਅਤੇ ਕੁੜਤਾ-ਟੋਪੀ ਪਹਿਨਣ ਵਾਲੇ ਤੇ ਇਥੋਂ ਦੇ ਮਦਰੱਸੇ ਵਿਚ ਪੜ੍ਹਨ ਵਾਲੇ ਲੜਕੇ ਹੋਰਨਾਂ ਨਾਲੋਂ ਵੱਖ ਨਹੀਂ ਹਨ। ਉਹ ਆਪਣੇ ਦੇਸ਼ ਭਾਰਤ ਨਾਲ ਕਿਸੇ ਵੀ ਹੋਰ ਵਿਅਕਤੀ ਨਾਲੋਂ ਘੱਟ ਪਿਆਰ ਨਹੀਂ ਕਰਦੇ। 
ਜਦੋਂ ਰਿਆਜ਼ ਨੇ ਆਪਣਾ ਵਿਚਾਰ ਮਦਰੱਸੇ ਦੇ ਅਧਿਕਾਰੀਆਂ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਵੀ ਖਦਸ਼ਾ ਪ੍ਰਗਟਾਇਆ। ਉਨ੍ਹਾਂ ਦਾ ਤਜਰਬਾ ਇਹ ਸੀ ਕਿ 2008 ਤੋਂ ਬਾਅਦ ਕਿਸੇ ਨੇ ਵੀ ਬਟਲਾ ਹਾਊਸ ਨਾਲ ਕਿਸੇ ਗੁਪਤ ਇਰਾਦੇ ਨਾਲ ਸੰਪਰਕ ਨਹੀਂ ਕੀਤਾ ਸੀ ਪਰ 2 ਸਾਲਾਂ ਤਕ ਉਥੋਂ ਦੇ ਵਿਦਿਆਰਥੀਆਂ ਵਲੋਂ ਆਜ਼ਾਦੀ ਦਿਹਾੜਾ ਮਨਾਉਣ ਤੋਂ ਬਾਅਦ ਇਸ ਸਾਲ ਜਦੋਂ ਰਿਆਜ਼ ਮਦਰੱਸੇ ਦੇ ਪ੍ਰਬੰਧਕਾਂ ਨੂੰ ਮਿਲੇ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ। ਰਿਆਜ਼ ਨੂੰ ਉਨ੍ਹਾਂ ਨੇ ਕਿਹਾ ਕਿ ਜੋ ਕੁਝ ਉਨ੍ਹਾਂ ਨੇ ਸ਼ੁਰੂ ਕੀਤਾ ਹੈ, ਉਸ ਦੇ ਲਈ ਉਹ ਉਨ੍ਹਾਂ ਦੀ ਬਹੁਤ ਤਾਰੀਫ ਕਰਦੇ ਹਨ। 
ਆਜ਼ਾਦੀ ਦਿਵਸ ਸਮਾਗਮ ਵਿਚ ਬਟਲਾ ਹਾਊਸ ਵਿਚ ਰਹਿਣ ਵਾਲਿਆਂ ਤੋਂ ਇਲਾਵਾ ਨੇੜਲੀਆਂ ਮਸਜਿਦਾਂ ਦੇ ਉਲੇਮਾ ਵੀ ਸ਼ਾਮਿਲ ਹੋਏ। ਤਿਰੰਗਾ ਲਹਿਰਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਮੁਸਲਿਮ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਬਾਰੇ ਦੱਸਿਆ ਗਿਆ।
ਰਿਆਜ਼ ਅਨੁਸਾਰ ਇਹ ਜ਼ਰੂਰੀ ਸੀ ਕਿ ਵਿਦਿਆਰਥੀ ਇਸ ਬਾਰੇ ਜਾਣਨ। ਬਹੁਤੇ ਲੋਕ, ਜਿਨ੍ਹਾਂ ਵਿਚ ਮੁਸਲਮਾਨ ਵੀ ਸ਼ਾਮਿਲ ਹਨ, ਇਸ ਬਾਰੇ ਬਹੁਤਾ ਨਹੀਂ ਜਾਣਦੇ। ਉਨ੍ਹਾਂ ਨੂੰ ਵੀ ਇਸ ਬਾਰੇ ਉਦੋਂ ਕਾਫੀ ਕੁਝ ਪਤਾ ਲੱਗਾ, ਜਦੋਂ ਰਿਆਜ਼ ਭਾਸ਼ਣ ਦੇ ਰਹੇ ਸਨ। 
ਇਹ ਪੁੱਛਣ 'ਤੇ ਕਿ ਆਜ਼ਾਦੀ ਦਿਵਸ ਸਮਾਗਮ ਸ਼ੁਰੂ ਕਰਨ 'ਤੇ ਕੀ ਉਹ ਹਿੰਦੂਵਾਦੀ ਸੰਗਠਨਾਂ ਦੇ ਜਾਲ ਵਿਚ ਤਾਂ ਨਹੀਂ ਫਸ ਗਏ, ਜੋ ਮੁਸਲਮਾਨਾਂ 'ਤੇ ਦੇਸ਼ਧ੍ਰੋਹ ਦਾ ਦੋਸ਼ ਲਾਉਂਦੇ ਹਨ, ਤਾਂ ਰਿਆਜ਼ ਨੇ ਕਿਹਾ ਕਿ ਇਸ ਝੂਠੇ ਦੋਸ਼ ਨੂੰ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ। ਇਕ ਮੁਸਲਮਾਨ ਹੋਣ ਦੇ ਨਾਤੇ ਉਹ ਮਹਿਸੂਸ ਕਰਦੇ ਹਨ ਕਿ ਬਹੁਗਿਣਤੀ ਲੋਕਾਂ ਦਰਮਿਆਨ ਉਨ੍ਹਾਂ ਖੇਤਰਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ, ਜਿੱਥੇ ਉਹ (ਮੁਸਲਮਾਨ) ਰਹਿੰਦੇ ਹਨ। 
ਇਸ ਤੋਂ ਇਲਾਵਾ ਅਜਿਹੀਆਂ ਸਰਗਰਮੀਆਂ ਨਾਲ ਇਥੇ ਰਹਿਣ ਵਾਲੇ ਲੋਕਾਂ ਦਰਮਿਆਨ ਭਰੋਸਾ ਪੈਦਾ ਹੋਵੇਗਾ। ਉਨ੍ਹਾਂ ਨੂੰ ਡਰ ਅਤੇ ਇਥੇ ਰਹਿਣ ਨੂੰ ਲੈ ਕੇ ਵੱਖਰੀ ਭਾਵਨਾ ਦਾ ਸਾਹਮਣਾ ਕਰਨ ਲਈ ਮਜ਼ਬੂਤ ਕਰਨ ਵਾਸਤੇ ਭਰੋਸੇ ਦੀ ਬਹਾਲੀ ਬੇਹੱਦ ਜ਼ਰੂਰੀ ਹੈ। 
ਜਿੱਥੇ ਰਿਆਜ਼ ਨੂੰ ਪਿਛਲੇ 2 ਸਾਲਾਂ ਵਿਚ ਵਿਦਿਆਰਥੀਆਂ ਨੂੰ ਇਹ ਦੱਸਣ ਦੀ ਲੋੜ ਪਈ ਕਿ ਕੀ ਕਰਨਾ ਹੈ, ਉਸ ਦੇ ਉਲਟ ਇਸ ਵਾਰ ਉਨ੍ਹਾਂ ਦੇ ਮਿਲਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਸਮਾਗਮ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ਾਇਦ ਕੁਝ ਸਮੇਂ ਬਾਅਦ ਬਟਲਾ ਹਾਊਸ ਆਜ਼ਾਦੀ ਦਿਵਸ ਸਮਾਗਮ ਵਿਚ ਉਨ੍ਹਾਂ ਦੇ ਮੌਜੂਦ ਹੋਣ ਦੀ ਲੋੜ ਨਹੀਂ ਹੋਵੇਗੀ।  (ਮੁੰਮਿ.)


Related News