ਚੀਨ ’ਚ ਹੜਤਾਲਾਂ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ
Wednesday, Sep 20, 2023 - 03:21 PM (IST)

ਚੀਨ ਦੇ ਨਿਰਮਾਣ ਸੈਕਟਰ ਦੀ ਇਨ੍ਹੀਂ ਦਿਨੀਂ ਹਾਲਤ ਖਸਤਾ ਹੈ, ਇਸ ਨਾਲ ਫੈਕਟਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ’ਤੇ ਬਹੁਤ ਬੁਰਾ ਅਸਰ ਪਿਆ ਹੈ। ਕਈ ਫੈਕਟਰੀਆਂ ’ਚ ਮਜ਼ਦੂਰਾਂ ਦੀ ਤਨਖਾਹ ਘਟਾ ਕੇ ਅੱਧੇ ਤੋਂ ਵੀ ਘੱਟ ਕਰ ਦਿੱਤੀ ਗਈ ਹੈ ਤੇ ਕਈ ਫੈਕਟਰੀਆਂ ’ਚ ਉਨ੍ਹਾਂ ਦੀ ਤਨਖਾਹ ਪਿਛਲੇ ਕੁਝ ਮਹੀਨਿਆਂ ਤੋਂ ਰੋਕ ਦਿੱਤੀ ਗਈ ਹੈ। ਇਸ ਕਾਰਨ ਕਈ ਫੈਕਟਰੀਆਂ ’ਚ ਮਜ਼ਦੂਰਾਂ ਨੇ ਕੰਮ ਰੋਕ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਫੈਕਟਰੀ ਗੇਟ ਦੇ ਬਾਹਰ ਖੜ੍ਹੇ ਹੋ ਕੇ ਨਾਅਰੇਬਾਜ਼ੀ ਨਾਲ ਪ੍ਰਦਰਸ਼ਨ ਕਰ ਰਹੇ ਹਨ। ਸਭ ਦੀ ਇਕ ਹੀ ਮੰਗ ਹੈ ਕਿ ਉਨ੍ਹਾਂ ਦੀ ਤਨਖਾਹ ਵਧਾਈ ਜਾਵੇ ਅਤੇ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਵੇ। ਇਹ ਮਜ਼ਦੂਰ ਆਪਣਾ ਗੁੱਸਾ ਸੋਸ਼ਲ ਮੀਡੀਆ ’ਤੇ ਆਪਣੀਆਂ ਵੀਡੀਓਜ਼ ਪੋਸਟ ਕਰ ਕੇ ਕੱਢ ਰਹੇ ਹਨ। ਚੀਨ ਦੇ ਟਿਕਟਾਕ ਜਿਸ ਨੂੰ ਉੱਥੇ ਤੁਓਯਿਨ ਕਹਿੰਦੇ ਹਨ, ’ਤੇ ਅਜਿਹੀਆਂ ਢੇਰਾਂ ਵੀਡੀਓ ਦੇਖੀਆਂ ਜਾ ਸਕਦੀਆਂ ਹਨ ਜਿੱਥੇ ਮਜ਼ਦੂਰ ਆਪਣੀ ਤਨਖਾਹ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਹਨ।
ਇਨ੍ਹਾਂ ਸਭ ਪਿੱਛੇ ਜੋ ਕਾਰਨ ਹੈ ਉਸ ਦੇ ਸਾਹਮਣੇ ਫੈਕਟਰੀ ਮਾਲਕ ਵੀ ਬੇਵੱਸ ਹਨ। ਚੀਨ ’ਚ ਕਈ ਮਹੀਨਿਆਂ ਤੋਂ ਮੰਗ ਅਤੇ ਸਪਲਾਈ ਲੜੀ ’ਚ ਅੜਿੱਕਾ ਪੈਣ ਨਾਲ ਫੈਕਟਰੀਆਂ ’ਤੇ ਇਸ ਦਾ ਸਭ ਤੋਂ ਵੱਧ ਬੁਰਾ ਅਸਰ ਹੋਇਆ ਹੈ। ਇਨ੍ਹਾਂ ਸੈਂਕੜੇ ਵੀਡੀਓਜ਼ ’ਚੋਂ ਇਕ ਵੀਡੀਓ ਚਿਆਂਗਯਿਨ ਸ਼ਹਿਰ ਦੀ ਟੈਕਸਟਾਈਲ ਫੈਕਟਰੀ ਹੁਈਚੂਛਾਂਗ ਦੀ ਹੈ ਜਿੱਥੇ ਇਕ ਮਜ਼ਦੂਰ ਇਹ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਪਿਛਲੇ 20 ਸਾਲਾਂ ਤੋਂ ਉਹ ਇਸ ਫੈਕਟਰੀ ’ਚ ਕੰਮ ਕਰ ਰਿਹਾ ਹੈ ਅਤੇ ਇਕ ਦਿਨ ਅਚਾਨਕ ਇਹ ਕੰਮ ਬੰਦ ਹੋ ਗਿਆ ਜਿਸ ਕਾਰਨ ਉਹ ਬੇਰੋਜ਼ਗਾਰ ਹੋ ਗਿਆ ਹੈ। ਹੁਣ ਉਸ ਕੋਲ ਸਮਾਜਿਕ ਸੁਰੱਖਿਆ ਅਤੇ ਪੈਸੇ ਦੋਵੇਂ ਹੀ ਨਹੀਂ ਬਚੇ। ਆਪਣੀ ਅੱਗੇ ਦੀ ਜ਼ਿੰਦਗੀ ਉਹ ਕਿਵੇਂ ਗੁਜ਼ਾਰੇਗਾ, ਇਹ ਉਸ ਨੂੰ ਸਮਝ ’ਚ ਨਹੀਂ ਆ ਰਿਹਾ।
ਚਾਈਨਾ ਲੇਬਰ ਬੁਲੇਟਿਨ ਇਕ ਚੀਨੀ ਅਤੇ ਗੈਰ-ਸਰਕਾਰੀ ਸੰਸਥਾ ਹੈ ਜੋ ਫੈਕਟਰੀ ਮਜ਼ਦੂਰਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ। ਉਸ ਅਨੁਸਾਰ ਇਸ ਸਮੇਂ ਪੂਰੇ ਚੀਨ ਦੀਆਂ ਫੈਕਟਰੀਆਂ ’ਚ ਇਕੋ ਜਿਹਾ ਹਾਲ ਹੈ। ਹਰ ਜਗ੍ਹਾ ਕੰਮ ਘੱਟ ਗਿਆ ਹੈ ਅਤੇ ਇਸ ਦੇ ਕਾਰਨ ਇਨ੍ਹਾਂ ਮਜ਼ਦੂਰਾਂ ਦੀ ਤਨਖਾਹ ਅੱਧੀ ਕਰ ਦਿੱਤੀ ਗਈ ਹੈ ਜਿਸ ਕਾਰਨ ਇਹ ਮਜ਼ਦੂਰ ਪੂਰੀ ਤਨਖਾਹ ਲੈਣ ਲਈ ਹੜਤਾਲ ਕਰ ਰਹੇ ਹਨ। ਹਰ ਫੈਕਟਰੀ ’ਚ ਵਿਰੋਧ ਪ੍ਰਦਰਸ਼ਨ ਅਤੇ ਹੜਤਾਲ ਦੇਖੀ ਜਾ ਰਹੀ ਹੈ।
ਚਾਈਨਾ ਲੇਬਰ ਬੁਲੇਟਿਨ ਦੀ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਪਿੱਛੋਂ ਚੀਨ ’ਚ ਮਜ਼ਦੂਰਾਂ ਦੀ ਹਾਲਤ ਪਹਿਲਾਂ ਤੋਂ ਜ਼ਿਆਦਾ ਖਰਾਬ ਹੋ ਚੁੱਕੀ ਹੈ। ਇਸ ਦਾ ਵੱਡਾ ਕਾਰਨ ਵਿਦੇਸ਼ਾਂ ਤੋਂ ਮੰਗ ’ਚ ਕਮੀ ਹੋਣਾ ਦੱਸਿਆ ਜਾ ਰਿਹਾ ਹੈ, ਇਸ ਕਾਰਨ ਚੀਨ ਦਾ ਅੰਤਰਰਾਸ਼ਟਰੀ ਬਾਜ਼ਾਰ ਵੀ ਕਮਜ਼ੋਰ ਪੈਂਦਾ ਜਾ ਰਿਹਾ ਹੈ। ਕਦੀ ਯੂਰਪ ਅਤੇ ਅਮਰੀਕਾ ਤੋਂ ਚੀਨ ਦੇ ਉਤਪਾਦਾਂ ਦੀ ਭਾਰੀ ਮੰਗ ਹੋਇਆ ਕਰਦੀ ਸੀ ਜਿਸ ਲਈ ਚੀਨ ’ਚ ਫੈਕਟਰੀਆਂ ’ਚ ਮਜ਼ਦੂਰ ਰਾਤ-ਦਿਨ ਕੰਮ ਕਰਦੇ ਸਨ। ਹੁਣ ਮੰਗ ਬਹੁਤ ਘੱਟ ਹੋ ਚੁੱਕੀ ਹੈ ਜਿਸ ਕਾਰਨ ਚੀਨ ਦੇ ਫੈਕਟਰੀ ਮਾਲਕ ਮੁਲਾਜ਼ਮਾਂ ਨੂੰ ਕੰਮ ਤੋਂ ਕੱਢ ਰਹੇ ਹਨ। ਇਸ ਕਾਰਨ ਚੀਨ ’ਚ ਬੇਰੋਜ਼ਗਾਰੀ ਫੈਲਦੀ ਜਾ ਰਹੀ ਹੈ।
ਇਸ ਸਮੇਂ ਚੀਨ ’ਚ ਸੋਸ਼ਲ ਮੀਡੀਆ ’ਤੇ ਹੁਈਚੂਛਾਂਗ ਟੈਕਸਟਾਈਲ ਫੈਕਟਰੀ ਦੇ ਬਾਹਰ ਕਈ ਮੁਲਾਜ਼ਮ ਹੱਥਾਂ ’ਚ ਬੈਨਰ ਲੈ ਕੇ ਆਪਣੀ ਤਨਖਾਹ ਅਤੇ ਪਿਛਲੇ ਬਕਾਏ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਇਹ ਫੈਕਟਰੀ ਮਾਲਕ ਆਪਣੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਦੇ ਪੈਸੇ ਨਹੀਂ ਦੇ ਰਹੇ ਹਨ ਜਿਸ ਦੀ ਮੰਗ ਇਹ ਮੁਲਾਜ਼ਮ ਕਰ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਹੀ ਹੇਠਾਂ ਕਮੈਂਟਾਂ ’ਚ ਬਹੁਤ ਸਾਰੇ ਮਜ਼ਦੂਰਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਫੈਕਟਰੀ ਮਾਲਕਾਂ ਨੇ ਵੀ ਉਨ੍ਹਾਂ ਨਾਲ ਅਜਿਹਾ ਹੀ ਕੀਤਾ ਹੈ ਜਿਸ ਨਾਲ ਹੁਣ ਉਹ ਬੇਰੋਜ਼ਗਾਰ ਹੋ ਚੁੱਕੇ ਹਨ। ਕਈ ਵੀਡੀਓਜ਼ ’ਚ ਲੋਕ ਚੀਨ ਦੇ ਲੇਬਰ ਬੁਲੇਟਿਨ ਪ੍ਰਾਜੈਕਟਾਂ ਦੇ ਅਸਫਲ ਹੋਣ ਅਤੇ ਉਨ੍ਹਾਂ ਦੇ ਨਿਕੰਮੇਪਨ ਲਈ ਉਨ੍ਹਾਂ ਨੂੰ ਬੁਰਾ-ਭਲਾ ਵੀ ਬੋਲ ਰਹੇ ਹਨ। ਸਾਲ 2023 ’ਚ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਵਧ ਚੁੱਕੇ ਹਨ। ਚਾਈਨਾ ਲੇਬਰ ਬੁਲੇਟਿਨ ਅਨੁਸਾਰ ਸਾਲ ਦੀ ਪਹਿਲੀ ਛਮਾਹੀ ’ਚ 741 ਹੜਤਾਲਾਂ ਹੋਈਆਂ ਜੋ ਸਾਲ 2022 ’ਚ ਕੁਲ 830 ਹੜਤਾਲਾਂ ਦੀ ਤੁਲਨਾ ’ਚ ਬਹੁਤ ਜ਼ਿਆਦਾ ਹੈ। ਸੀ. ਐੱਲ. ਬੀ. ਦਾ ਅਨੁਮਾਨ ਹੈ ਕਿ ਸਾਲ 2023 ’ਚ ਕੁਲ 1300 ਤੋਂ ਵੀ ਵੱਧ ਪ੍ਰਦਰਸ਼ਨ ਅਤੇ ਹੜਤਾਲਾਂ ਦੇਖਣ ਨੂੰ ਮਿਲ ਸਕਦੀਆਂ ਹਨ।
ਚਾਈਨਾ ਲੇਬਰ ਬੁਲੇਟਿਨ ਦੀ ਰਿਪੋਰਟ ਅਨੁਸਾਰ ਫੈਕਟਰੀਆਂ ਦੇ ਬੰਦ ਹੋਣ ਅਤੇ ਉਨ੍ਹਾਂ ਦੇ ਚੀਨ ਤੋਂ ਬਾਹਰ ਜਾਣ ਕਾਰਨ ਨਿਰਮਾਣ ਖੇਤਰ ’ਚ ਜਿੱਥੇ ਸਾਲ 2023 ਦੀ ਜਨਵਰੀ ’ਚ 10 ਵਿਰੋਧ ਪ੍ਰਦਰਸ਼ਨ ਹੋਏ ਸਨ ਤਾਂ ਉੱਥੇ ਹੀ ਇਹ ਮਈ ’ਚ ਵਧ ਕੇ 59 ਹੋ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਫੈਕਟਰੀਆਂ ਕੁਆਂਗਤੁੰਗ ਸੂਬੇ ’ਚ ਮੌਜੂਦ ਸਨ। ਇਸ ਸਾਲ ਦੀ ਪਹਿਲੀ ਛਿਮਾਹੀ ’ਚ ਇਲੈਕਟ੍ਰਾਨਿਕਸ ਅਤੇ ਕੱਪੜੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਬੰਦ ਹੋਣ ਦੀ ਗਿਣਤੀ ਸਭ ਤੋਂ ਵੱਧ ਸੀ ਜਿਨ੍ਹਾਂ ’ਚ 66 ਇਲੈਕਟ੍ਰਾਨਿਕਸ ਫੈਕਟਰੀਆਂ ਅਤੇ 38 ਕੱਪੜੇ ਬਣਾਉਣ ਦੀਆਂ ਫੈਕਟਰੀਆਂ ਸ਼ਾਮਲ ਹਨ।
ਚੀਨ ਦੇ ਅਧਿਕਾਰਤ ਕਸਟਮ ਵਿਭਾਗ ਦੇ ਅੰਕੜਿਆਂ ਅਨੁਸਾਰ ਫੈਕਟਰੀਆਂ ਦੇ ਬੰਦ ਹੋਣ ਅਤੇ ਦੂਜੀ ਥਾਂ ਤਬਦੀਲ ਹੋਣ ਨਾਲ ਚੀਨ ਦੀ ਬਰਾਮਦ ’ਚ 14.5 ਫੀਸਦੀ ਦੀ ਗਿਰਾਵਟ ਜੁਲਾਈ ਦੇ ਮਹੀਨੇ ’ਚ ਦੇਖੀ ਗਈ, ਉੱਥੇ ਹੀ ਦਰਾਮਦ ’ਚ 12.4 ਫੀਸਦੀ ਦੀ ਗਿਰਾਵਟ ਦੇਖੀ ਗਈ।
ਅਮਰੀਕਾ ਦੇ ਸੈਨ ਡਿਏਗੋ ’ਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਤੀ ਨੀਤੀ ਵਿਭਾਗ ਦੇ ਪ੍ਰੋਫੈਸਰ ਵਿਕਟਰ ਸ਼ਿਹ ਅਨੁਸਾਰ ਕੋਰੋਨਾ ਮਹਾਮਾਰੀ ਅਤੇ ਉਸ ਪਿੱਛੋਂ ਲੱਗੇ ਸਖਤ ਲਾਕਡਾਊਨ ਕਾਰਨ ਚੀਨੀ ਲੋਕਾਂ ਨੇ ਆਪਣਾ ਰੋਜ਼ਗਾਰ ਗੁਆ ਲਿਆ ਅਤੇ ਆਪਣੀ ਸਾਰੀ ਬੱਚਤ ਨੂੰ ਲਾਕਡਾਊਨ ’ਚ ਗੁਆ ਬੈਠੇ। ਇਸ ਸਮੇਂ ਵਿਸ਼ਵ ਬਾਜ਼ਾਰ ’ਚ ਮੰਗ ਬਹੁਤ ਕਮਜ਼ੋਰ ਹੈ ਜਿਸ ਕਾਰਨ ਚੀਨ ਦਾ ਨਿਰਮਾਣ ਸੈਕਟਰ ਬੁਰੀ ਤਰ੍ਹਾਂ ਲੜਖੜਾ ਗਿਆ। ਮੌਜੂਦਾ ਵਿਸ਼ਵ ਆਰਥਿਕ ਹਾਲਤ ਨੂੰ ਦੇਖ ਕੇ ਆਰਥਿਕ ਮਾਹਿਰਾਂ ਨੂੰ ਅਜਿਹੇ ਕੋਈ ਸੰਕੇਤ ਨਹੀਂ ਮਿਲ ਰਹੇ ਜਿਨ੍ਹਾਂ ਨਾਲ ਉਨ੍ਹਾਂ ਨੂੰ ਚੀਨ ਲਈ ਕੋਈ ਆਸ ਦੀ ਕਿਰਨ ਦਿਖਾਈ ਦੇਵੇ। ਇਸ ਕਾਰਨ ਚੀਨ ਦੀਆਂ ਫੈਕਟਰੀਆਂ ਦੇ ਬਾਹਰ ਮੁਲਾਜ਼ਮਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਹੜਤਾਲਾਂ ਦਾ ਦੌਰ ਜਾਰੀ ਰਹਿਣ ਵਾਲਾ ਹੈ।